ਕੱਕਾਰ ਵੀ ਪਾਵਾਂਗੇ ਤੇ ਸਰਕਾਰੀ ਨੌਕਰੀ ਵੀ ਕਰਾਂਗੇ, ਵੇਖਦੇ ਹਾਂ ਕਿਹੜੀ ਤਾਕਤ ਸਾਨੂੰ ਰੋਕਦੀ ਹੈ : ਜੀ. ਕੇ

11/19/2019 2:33:06 PM

ਜਲੰਧਰ (ਚਾਵਲਾ) : ਦਿੱਲੀ ਦੇ ਸਿੱਖ ਬੱਚਿਆਂ ਨਾਲ ਸਰਕਾਰੀ ਨੌਕਰੀ ਤੋਂ ਪਹਿਲਾਂ ਦੀ ਪ੍ਰੀਖਿਆ ਦੌਰਾਨ ਡੀ. ਐੱਸ. ਐੱਸ. ਐੱਸ. ਬੀ. ਵਲੋਂ ਕੀਤੇ ਜਾ ਰਹੇ ਧਾਰਮਿਕ ਵਿਤਕਰੇ ਖਿਲਾਫ ਸਿੱਖਾਂ ਨੇ ਵਿਰੋਧ ਦਾ ਨਿਵੇਕਲਾ ਤਰੀਕਾ ਅਪਣਾਇਆ। ਧਾਰਮਿਕ ਵਿਤਕਰੇ ਦੀ ਕਥਿਤ ਦੋਸ਼ੀ ਡੀ. ਐੱਸ. ਐੱਸ. ਐੱਸ. ਬੀ. ਦੇ ਖਿਲਾਫ ਨਾਅਰੇਬਾਜ਼ੀ ਦੀ ਬਜਾਏ ਸਿੱਖਾਂ ਨੇ ਰੋਜ਼ਗਾਰ ਪੋਰਟਲ ਚਲਾਉਣ ਵਾਲੇ ਰੋਜ਼ਗਾਰ ਡਾਇਰੈਕਟੋਰੇਟ ਦੇ ਦਫਤਰ 'ਤੇ ਬੋਰਡ ਲਾਇਆ ਕਿ ਸਿੱਖਾਂ ਨੂੰ ਨੌਕਰੀ ਦਾ ਅਧਿਕਾਰ ਨਹੀਂ ਹੈ। 'ਜਾਗੋ' ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਰੋਜ਼ਗਾਰ ਡਾਇਰੈਕਟੋਰੇਟ, ਪੂਸਾ ਉੱਤੇ 'ਸਿੱਖਾਂ ਨੂੰ ਸਰਕਾਰੀ ਨੌਕਰੀ ਦਾ ਅਧਿਕਾਰ ਨਹੀਂ' ਦਾ ਬੋਰਡ ਲਾਉਂਦੇ ਹੋਏ ਸਾਫ਼ ਕਿਹਾ ਕਿ ਅਸੀਂ ਮਜਬੂਰ ਨਹੀਂ ਹਾਂ ਪਰ ਅਫਸਰਸ਼ਾਹੀ ਨੂੰ ਜਗਾਉਣ ਨੂੰ ਇਹ ਸਾਡੀ 'ਜਾਗੋਗਿਰੀ' ਹੈ। ਜਿੱਥੇ ਵੀ ਸਿੱਖਾਂ ਦੇ ਨਾਲ ਬੇਇਨਸਾਫ਼ੀ ਹੋਵੇਗੀ, ਉੱਥੇ ਜਾਗੋ ਪਾਰਟੀ ਸ਼ਾਂਤਮਈ ਤਰੀਕੇ ਨਾਲ ਬੇਇਨਸਾਫ਼ੀ ਦੇ ਦੋਸ਼ੀਆਂ ਨੂੰ ਇਸੇ ਤਰ੍ਹਾਂ ਜਗਾਏਗੀ। ਸਾਡਾ ਮਕਸਦ ਆਪਣੀ ਗੱਲ ਨੂੰ ਸੁੱਤੀ ਹੋਈ ਸਰਕਾਰ ਤੱਕ ਪਹੁੰਚਾਉਣ ਦਾ ਹੈ।

ਇਸ ਤੋਂ ਪਹਿਲਾਂ ਜਾਗੋ-ਜਗ ਆਸਰਾ ਗੁਰੂ ਓਟ (ਜਥੇਦਾਰ ਸੰਤੋਖ ਸਿੰਘ) ਪਾਰਟੀ ਦੇ ਅਹੁਦੇਦਾਰਾਂ ਅਤੇ ਸਮਰਥਕਾਂ ਨੇ ਆਈ. ਟੀ. ਆਈ. ਪੂਸਾ ਉੱਤੇ ਇਕੱਠੇ ਹੋ ਕੇ ਸਤਿਨਾਮ-ਵਾਹਿਗੁਰੂ ਦਾ ਜਾਪ ਕਰਦੇ ਹੋਏ ਰੋਜ਼ਗਾਰ ਡਾਇਰੈਕਟੋਰੇਟ ਵੱਲ ਚੱਲਣਾ ਸ਼ੁਰੂ ਕੀਤਾ। ਇਸ 'ਨਾਇਨਸਾਫੀ ਵਿਰੋਧੀ ਮਾਰਚ' ਵਿਚ ਅੱਗੇ ਚੱਲ ਰਹੇ ਸਿੱਖ ਨੌਜਵਾਨਾਂ ਨੇ ਹੱਥਾਂ ਵਿਚ ਤਖਤੀਆਂ ਫੜ ਰੱਖੀਆਂ ਸਨ, ਜਿਸ ਉੱਤੇ ਨਾਅਰੇ ਲਿਖੇ ਸਨ। “ਸੁਣ ਲੈ ਸਰਕਾਰੇ, ਕੱਕਾਰ ਪਹਿਲਾਂ, ਨੌਕਰੀ ਪਿੱਛੇ'', “ਸੰਵਿਧਾਨ ਨੇ ਦਿੱਤਾ ਹੱਕ, ਸਰਕਾਰਾਂ ਦੀ ਬੁਰੀ ਨੀਅਤ ਚੱਕ'', “ਦਿੱਲੀ ਵਿਚ ਸਿੱਖਾਂ ਨੂੰ ਸਰਕਾਰੀ ਨੌਕਰੀ ਦਾ ਅਧਿਕਾਰ ਨਹੀਂ'', “ਜਿਸ ਕਿਰਪਾਨ ਨੇ ਬਹੂ-ਬੇਟੀਆਂ ਦੀ ਇੱਜ਼ਤ ਬਚਾਈ, ਅੱਜ ਉਹ ਸਰਕਾਰੀ ਤੰਤਰ ਨੂੰ ਨਹੀਂ ਭਾਈ'', “ਸਾਡਾ ਹੱਕ-ਐਥੇ ਰੱਖ'' ਅਤੇ “ਫਿਰਕੂ ਸੋਚ ਹਾਰੇਗੀ, ਕਿਰਪਾਨ ਜਿੱਤੇਗੀ'' ਜਿਵੇਂ ਨਾਅਰੇ ਲਿਖੇ ਸਨ। ਜੀ. ਕੇ. ਨੇ ਧਰਨੇ 'ਚ ਸ਼ਾਮਲ ਸੰਗਤ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਦਿੱਲੀ ਦਾ ਸਰਕਾਰੀ ਤੰਤਰ ਸਿੱਖ ਬੱਚਿਆਂ ਨੂੰ ਸਰਕਾਰੀ ਨੌਕਰੀ ਪ੍ਰਾਪਤ ਕਰਨ ਤੋਂ ਰੋਕਣ ਲਈ ਕੋਸ਼ਿਸ਼ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਅਸੀਂ ਰੋਜ਼ਗਾਰ ਡਾਇਰੈਕਟੋਰੇਟ ਨੂੰ ਬੇਨਤੀ ਕਰਨ ਆਏ ਹਾਂ ਕਿ ਸਿੱਖ ਬੱਚਿਆਂ ਦੀ ਰਜਿਸਟ੍ਰੇਸ਼ਨ ਹੀ ਬੇਰੋਜ਼ਗਾਰ ਦੇ ਤੌਰ 'ਤੇ ਕਰਨੀ ਬੰਦ ਕਰ ਦਿਓ, ਕਿਉਂਕਿ ਡੀ. ਐੱਸ. ਐੱਸ. ਐੱਸ. ਬੀ. ਸਿੱਖ ਬੱਚਿਆਂ ਨੂੰ ਸਰਕਾਰੀ ਨੌਕਰੀ ਕਰਦੇ ਨਹੀਂ ਵੇਖਣਾ ਚਾਹੁੰਦੀ। ਜੀ. ਕੇ. ਨੇ ਹੈਰਾਨੀ ਪ੍ਰਗਟਾਈ ਕਿ ਅੱਜ ਆਪਣੇ ਦੇਸ਼ ਵਿਚ ਹੀ ਸਿੱਖਾਂ ਦੇ ਕੜਾ ਅਤੇ ਕਿਰਪਾਨ ਨੂੰ ਸ਼ੱਕੀ ਚੀਜ਼ ਦੇ ਤੌਰ ਉੱਤੇ ਵੇਖਿਆ ਜਾ ਰਿਹਾ ਹੈ। ਕੱਲ ਤੱਕ ਇਹੀ ਕੱਕਾਰ ਦੇਸ਼ ਦੇ ਦੁਸ਼ਮਣਾਂ ਅਤੇ ਹਮਲਾਵਰਾਂ ਨੂੰ ਡਰਾਉਂਦੇ ਸਨ, ਅੱਜ ਇਹ ਸਰਕਾਰੀ ਤੰਤਰ ਨੂੰ ਨਕਲ ਕਰਨ ਦੇ ਔਜ਼ਾਰ ਲੱਗਦੇ ਹਨ। ਉਨ੍ਹਾਂ ਨੇ ਚਿਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਕੱਕਾਰ ਵੀ ਪਾਵਾਂਗੇ ਅਤੇ ਸਰਕਾਰੀ ਨੌਕਰੀ ਵੀ ਕਰਾਂਗੇ, ਵੇਖਦੇ ਹਾਂ, ਕਿਹੜੀ ਤਾਕਤ ਸਾਨੂੰ ਰੋਕਦੀ ਹੈ? ਸੰਵਿਧਾਨ ਦੇ ਦਿੱਤੇ ਅਧਿਕਾਰ ਨੂੰ ਕੋਈ ਸਾਡੇ ਤੋਂ ਨਹੀਂ ਖੋਹ ਸਕਦਾ। ਜੀ.ਕੇ. ਨੇ ਇਸ ਸਬੰਧੀ ਇਕ ਮੰਗ ਪੱਤਰ ਜਾਗੋ ਪਾਰਟੀ ਵਲੋਂ ਦਿੱਲੀ ਦੇ ਉਪ ਰਾਜਪਾਲ ਕੋਲ ਭੇਜਣ ਦੀ ਵੀ ਜਾਣਕਾਰੀ ਦਿੱਤੀ। ਇਸ ਮੌਕੇ ਪਾਰਟੀ ਦੇ ਜਨਰਲ ਸਕੱਤਰ ਪਰਮਿੰਦਰ ਪਾਲ ਸਿੰਘ, ਦਿੱਲੀ ਕਮੇਟੀ ਮੈਂਬਰ ਹਰਜੀਤ ਸਿੰਘ ਜੀ.ਕੇ., ਵਿਦਿਆਰਥੀ ਵਿੰਗ ਦੀ ਪ੍ਰਧਾਨ ਤਰਨਪ੍ਰੀਤ ਕੌਰ, ਇਸਤਰੀ ਆਗੂ ਤਰਵਿੰਦਰ ਕੌਰ ਖਾਲਸਾ, ਜਸਵਿੰਦਰ ਕੌਰ, ਅਮਰਜੀਤ ਕੌਰ ਪਿੰਕੀ, ਹਰਪ੍ਰੀਤ ਕੌਰ ਅਤੇ ਆਗੂ ਜਤਿੰਦਰ ਸਿੰਘ ਸਾਹਨੀ, ਵਿਕਰਮ ਸਿੰਘ, ਭੁਪਿੰਦਰ ਪਾਲ ਸਿੰਘ ਅਤੇ ਚਰਨਪ੍ਰੀਤ ਸਿੰਘ ਆਦਿ ਮੌਜੂਦ ਸਨ।
 

Anuradha

This news is Content Editor Anuradha