ਗੁਰਦੁਆਰਾ ਬੰਗਲਾ ਸਾਹਿਬ ''ਚ ਹੋਈ ਤਕਰਾਰਬਾਜ਼ੀ ਕਮੇਟੀ ਦੀ ਪ੍ਰਬੰਧਕੀ ਨਾਕਾਮੀ : ਜੀ. ਕੇ.

09/20/2019 3:41:11 PM

ਜਲੰਧਰ/ਨਵੀਂ ਦਿੱਲੀ (ਚਾਵਲਾ) : ਗੁਰਦੁਆਰਾ ਬੰਗਲਾ ਸਾਹਿਬ ਵਿਖੇ ਬੁੱਧਵਾਰ ਰਾਤ ਨੂੰ ਹੈੱਡ ਗ੍ਰੰਥੀ ਭਾਈ ਰਣਜੀਤ ਸਿੰਘ ਅਤੇ ਸੰਗਤ ਵਿਚਾਲੇ ਹੋਈ ਤਕਰਾਰਬਾਜ਼ੀ, ਬਦਕਿਸਮਤੀ ਭਰੀ ਅਤੇ ਗ਼ੈਰ-ਮਾਮੂਲੀ ਘਟਨਾ ਹੈ। ਇਸ ਘਟਨਾ ਨੂੰ ਹਰ ਹਾਲਾਤ 'ਚ ਰੋਕਣਾ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਸੀ ਪਰ ਪ੍ਰਬੰਧਕਾਂ ਨੂੰ ਇਸ ਗੱਲ ਦਾ ਇਲਮ ਹੀ ਨਹੀਂ ਰਿਹਾ ਕਿ ਉਨ੍ਹਾਂ ਦੀ ਲਾਪਰਵਾਹੀ ਅਤੇ ਤਾਨਾਸ਼ਾਹੀ ਦੇ ਕਾਰਨ ਜਾਣੇ-ਅਣਜਾਣੇ 'ਚ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਦੀ ਸੇਵਾ ਨਿਭਾਉਣ ਵਾਲੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੀ ਵਿਦਤਾ ਦੇ ਸਮਾਨ ਮੰਨੇ ਜਾਂਦੇ ਮੁੱਖ ਗ੍ਰੰਥੀ ਦੇ ਅਹੁਦੇ ਅਤੇ ਗੁਰੂ ਦੀ ਸੰਗਤ, ਸ਼ਬਦ ਦੀ ਘੋਰ ਬੇਅਦਬੀ ਹੋਈ ਹੈ। ਉਕਤ ਵਿਚਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਮੀਡੀਆ ਨੂੰ ਜਾਰੀ ਬਿਆਨ 'ਚ ਕਹੇ। ਨਾਲ ਹੀ ਪੁਰੀ ਸਥਿਤ ਗੁਰੂ ਨਾਨਕ ਦੇਵ ਜੀ ਵਲੋਂ ਆਰਤੀ ਉਚਾਰਨ ਦੇ ਸਥਾਨ ਦੀ ਇਤਿਹਾਸਿਕਤਾ ਉੱਤੇ ਗੁਰਦੁਆਰਾ ਕਮੇਟੀ ਵੱਲੋਂ ਚੁੱਕੇ ਗਏ ਸਵਾਲਾਂ ਨੂੰ ਵੀ ਗਲਤ ਦੱਸਿਆ ਹੈ। ਜੀ. ਕੇ. ਨੇ ਓਡਿਸ਼ਾ ਦੇ ਜਗਨਨਾਥ ਮੰਦਿਰ ਦੇ ਕੋਲ ਗੁਰੂ ਨਾਨਕ ਦੇਵ ਜੀ ਵੱਲੋਂ ਆਰਤੀ ਉਚਾਰਨ ਦੇ ਪ੍ਰਤੀਕ ਸਥਾਨ ਮੰਗੂ ਮੱਠ ਦੇ ਇਤਿਹਾਸਕ ਮਹੱਤਵ ਨੂੰ ਲੈ ਕੇ ਦਿੱਲੀ ਅਤੇ ਸ਼੍ਰੋਮਣੀ ਕਮੇਟੀ ਦੇ 'ਚ ਦੁਬਿਧਾ ਦੇ ਹਾਲਾਤ ਦਾ ਵੀ ਹਵਾਲਾ ਦਿੱਤਾ।

ਜੀ.ਕੇ. ਨੇ ਦੱਸਿਆ ਕਿ ਮੰਗੂ ਅਤੇ ਪੰਜਾਬੀ ਮੱਠ ਨੂੰ ਤੋੜਨ ਤੋਂ ਬਚਾਉਣ ਲਈ ਦਿੱਲੀ ਦੇ ਰਹਿਣ ਵਾਲੇ ਅਜਮੇਰ ਸਿੰਘ ਰੰਧਾਵਾ ਦੇ ਵੱਲੋਂ ਸੁਪਰੀਮ ਕੋਰਟ ਵਿਚ ਦਰਜ ਪਟੀਸ਼ਨ ਉੱਤੇ 17 ਸਤੰਬਰ ਨੂੰ ਹੋਈ ਸੁਣਵਾਈ ਦੌਰਾਨ ਦੋਵਾਂ ਮੱਠਾਂ ਨੂੰ ਤੋੜਨ ਉੱਤੇ 15 ਦਿਨ ਦੀ ਆਰਜ਼ੀ ਰੋਕ ਲੱਗ ਗਈ ਹੈ। ਹੁਣ ਅਗਲੀ ਸੁਣਵਾਈ ਉੱਤੇ ਕੋਰਟ ਇਤਿਹਾਸਿਕ ਤੱਥਾਂ 'ਤੇ ਵਿਚਾਰ ਕਰੇਗਾ ਪਰ ਇਸ ਸਭ ਦੇ ਵਿਚਾਲੇ ਪੁਰੀ ਗਏ ਦਿੱਲੀ ਅਤੇ ਸ਼੍ਰੋਮਣੀ ਕਮੇਟੀ ਦੇ ਵਫ਼ਦ ਦੇ ਆਪਣੇ ਵਿਚਾਰ ਹੀ ਨਹੀਂ ਮਿਲ ਰਹੇ। ਸ਼੍ਰੋਮਣੀ ਕਮੇਟੀ ਨੇ ਤਾਂ ਸਾਫ਼ ਕਰ ਦਿੱਤਾ ਹੈ ਕਿ ਗੁਰੂ ਸਾਹਿਬ ਨੇ ਇੱਥੇ ਆਰਤੀ ਦਾ ਉਚਾਰਨ ਨਹੀਂ ਕੀਤਾ ਸੀ। ਸਗੋਂ ਗੁਰੂ ਸਾਹਿਬ ਦੇ ਪੁੱਤਰ ਬਾਬਾ ਸ਼੍ਰੀ ਚੰਦ ਜੀ ਮੰਗੂ ਮੱਠ ਵਾਲੇ ਸਥਾਨ ਉੱਤੇ ਆਏ ਸਨ। ਉੱਤੋਂ ਦਿੱਲੀ ਕਮੇਟੀ ਵੱਲੋਂ ਸਥਾਨਕ ਡੀ.ਸੀ. ਨੂੰ ਦਿੱਤੇ ਗਏ ਮੰਗ ਪੱਤਰ ਵਿਚ ਮੰਗੂ ਮੱਠ ਨੂੰ ਇਤਿਹਾਸਿਕ ਦੱਸ ਕੇ ਉਸ ਦਾ ਪ੍ਰਬੰਧ ਦਿੱਲੀ ਅਤੇ ਸ਼੍ਰੋਮਣੀ ਕਮੇਟੀ ਨੂੰ ਸੌਂਪਣ ਦੀ ਮੰਗ ਕੀਤੀ ਗਈ ਹੈ। ਜੀ.ਕੇ. ਨੇ ਸਵਾਲ ਕੀਤਾ ਕਿ ਸਿੱਖਾਂ ਦੀ ਸਰਬਉੱਚ ਕਮੇਟੀ ਦੀ ਦਲੀਲ ਦਾ ਇਸਤੇਮਾਲ ਕੀ ਓਡਿਸ਼ਾ ਸਰਕਾਰ ਦੋਵਾਂ ਮੱਠਾਂ ਨੂੰ ਤੋੜਨ ਲਈ ਸੁਪਰੀਮ ਕੋਰਟ ਵਿਚ ਨਹੀਂ ਕਰੇਗੀ?

ਉਨ੍ਹਾਂ ਕਿਹਾ ਕਿ ਸਿੱਖ ਧਰਮ 'ਚ ਮੁੱਖ ਗ੍ਰੰਥੀ ਦਾ ਅਹੁਦਾ ਕੋਈ ਛੋਟਾ-ਮੋਟਾ ਅਹੁਦਾ ਨਹੀਂ ਹੈ। ਪ੍ਰਬੰਧਕੀ ਨਾਕਾਮੀ ਦਾ ਖ਼ਮਿਆਜ਼ਾ ਭਾਈ ਸਾਹਿਬ ਨੂੰ ਭੁਗਤਣਾ ਪਿਆ। ਸੰਗਤ ਦਾ ਗੁੱਸਾ ਨਿਸ਼ਚਿਤ ਤੌਰ ਉੱਤੇ ਅਸਪਸ਼ਟ ਦਿਸ਼ਾ-ਨਿਰਦੇਸ਼ ਵਾਲੇ ਪ੍ਰਬੰਧ ਦੇ ਖ਼ਿਲਾਫ਼ ਸੀ ਕਿਉਂਕਿ ਕਮੇਟੀ ਪ੍ਰਧਾਨ ਅਤੇ ਜਨਰਲ ਸਕੱਤਰ ਇਸ ਸਮੇਂ ਗੁਰੂ ਸਾਹਿਬ ਦੀ ਅਰਧ ਸ਼ਤਾਬਦੀ ਨੂੰ ਮਨਾਉਣ ਨੂੰ ਲੈ ਕੇ ਇੰਨੇ ਮਸ਼ਗੂਲ ਹਨ ਕਿ ਉਨ੍ਹਾਂ ਦੇ ਕੋਲ ਇਤਿਹਾਸਿਕ ਗੁਰਦਵਾਰਿਆਂ ਵਿਚ ਰੋਜ਼ ਦੇ ਕੰਮ ਵੇਖਣ ਦੀ ਫ਼ੁਰਸਤ ਹੀ ਨਹੀਂ ਹੈ। ਕਮੇਟੀ ਵਿਚ ਸੱਜਾ ਹੱਥ ਕੀ ਕਰ ਰਿਹਾ ਹੈ, ਖੱਬੇ ਹੱਥ ਨੂੰ ਇਸ ਦੀ ਜਾਣਕਾਰੀ ਨਹੀਂ ਹੈ। ਗੁਰਦੁਆਰਾ ਬੰਗਲਾ ਸਾਹਿਬ ਵਿਚ ਰੋਜ਼ ਦੀ ਸੇਵਾ ਨਿਭਾ ਰਹੇ ਸਾਰੇ ਸੇਵਕ ਜਥੇ ਵਧੀਆ ਸੇਵਾ ਕਰ ਰਹੇ ਹਨ। ਇਸ ਲਈ ਕਿਸੇ ਵੀ ਤੁਗ਼ਲਕੀ ਆਦੇਸ਼ ਨਾਲ ਕਿਸੇ ਜਥੇ ਦੀ ਸੇਵਾ ਨੂੰ ਬੰਦ ਕਰਨ ਦਾ ਕਿਸੇ ਨੂੰ ਅਧਿਕਾਰ ਨਹੀਂ ਹੈ।

Anuradha

This news is Content Editor Anuradha