ਰਾਜੋਆਣਾ ਬਾਰੇ ਦਿੱਤੇ ਬਿਆਨ ਨਾਲ ਬਾਦਲਾਂ ਤੇ ਭਾਜਪਾ ਦੀ ਬਿੱਲੀ ਥੈਲਿਓਂ ਆਈ ਬਾਹਰ : ਭੋਮਾ

12/05/2019 3:00:26 PM

ਫ਼ਤਿਹਗੜ੍ਹ ਸਾਹਿਬ (ਜ. ਬ.) : ਸਿੱਖ ਕੌਮ ਨਾਲ ਕੇਂਦਰ ਵੱਲੋਂ ਹੋ ਰਹੇ ਧੋਖਿਆਂ 'ਤੇ ਸਮੁੱਚੀ ਪ੍ਰਮੁੱਖ ਅਕਾਲੀ ਲੀਡਰਸ਼ਿਪ ਮਗਰਮੱਛ ਦੇ ਹੰਝੂ ਨਾ ਕੇਰੇ। ਜਦੋਂ ਕਾਲੀਆਂ ਸੂਚੀਆਂ ਖਤਮ ਕਰਨ, ਸਜ਼ਾਵਾਂ ਭੁਗਤ ਚੁੱਕੇ ਸਿੱਖਾਂ ਦੀ ਰਿਹਾਈ ਅਤੇ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਮੁਆਫ਼ੀ ਦੀਆਂ ਖ਼ਬਰਾਂ ਅਖ਼ਬਾਰਾਂ 'ਚ ਸੂਤਰਾਂ ਦੇ ਆਧਾਰ 'ਤੇ ਛਪੀਆਂ ਸਨ ਤਾਂ ਸੁਖਬੀਰ ਸਿੰਘ ਬਾਦਲ, ਬੀਬਾ ਹਰਸਿਮਰਤ ਕੌਰ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਾਰੀਫਾਂ ਦੇ ਪੁਲ ਬੰਨ੍ਹ ਦਿੱਤੇ ਸਨ ਪਰ ਉਸ ਸਮੇਂ ਸਿਰਫ ਆਲ ਇੰਡੀਆ ਸਿੱਖ ਸਟੂਡੈਂਟ ਫੈੱਡਰੇਸ਼ਨ ਨੇ ਸੂਤਰਾਂ ਰਾਹੀਂ ਕੀਤੇ ਗਏ ਐਲਾਨਾਂ 'ਤੇ ਇਤਰਾਜ਼ ਖੜ੍ਹੇ ਕੀਤੇ ਸਨ ਕਿ ਗ੍ਰਹਿ ਮੰਤਰੀ ਜਾਂ ਪ੍ਰਧਾਨ ਮੰਤਰੀ ਆਪ ਬਿਆਨ ਦੇ ਕੇ ਸਥਿਤੀ ਸਪੱਸ਼ਟ ਕਰਨ। ਅਸੀਂ ਪੰਜਾਬੀਆਂ ਖਾਸ ਕਰ ਸਮੁੱਚੀ ਸਿੱਖ ਕੌਮ ਨੂੰ ਅਕਾਲੀ-ਭਾਜਪਾ ਦੀ ਬਦਨੀਅਤ ਤੋਂ ਸੁਚੇਤ ਕਰ ਦਿੱਤਾ ਸੀ ਜੋ ਹੁਣ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਲੋਕ ਸਭਾ 'ਚ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਬਾਰੇ ਸਪੱਸ਼ਟ ਕਰਨ 'ਤੇ ਬਾਦਲਾਂ ਤੇ ਭਾਜਪਾ ਦੀ ਬਿੱਲੀ ਥੈਲਿਓਂ ਬਾਹਰ ਆ ਗਈ ਹੈ। ਇਹ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟ ਫੈੱਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ, ਮੁੱਖ ਸਲਾਹਕਾਰ ਸਰਬਜੀਤ ਸਿੰਘ ਜੰਮੂ ਸਲਾਹਕਾਰ ਬਲਵਿੰਦਰ ਸਿੰਘ ਖੋਜਕੀਪੁਰ ਤੇ ਕੁਲਦੀਪ ਸਿੰਘ ਪ੍ਰਧਾਨ ਮਜੀਠੀਆ ਨੇ ਇਕ ਬਿਆਨ ਰਾਹੀਂ ਕੀਤਾ।

ਫੈੱਡਰੇਸ਼ਨ ਨੇਤਾਵਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹਰ ਖੇਤਰ 'ਚ ਪੰਜਾਬ ਨੂੰ ਦਿੱਤੇ ਜਾ ਰਹੇ ਧੋਖੇ-ਫਰੇਬ ਤੇ ਅਨਿਆਂ ਨੂੰ ਸੁਖਬੀਰ ਸਿੰਘ ਬਾਦਲ ਕਬੂਤਰ ਵਾਂਗੂ ਅੱਖਾਂ ਬੰਦ ਕਰ ਕੇ ਸਿੱਖ ਕੌਮ ਦੀ ਮਿੱਟੀ ਪਲੀਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਕੇਂਦਰ ਦੀ ਭਾਜਪਾ ਸਰਕਾਰ 'ਚ ਭਾਈਵਾਲ ਹਨ। ਇਸ ਲਈ ਪੰਜਾਬ ਤੇ ਖਾਸ ਕਰ ਕੇ ਸਿੱਖਾਂ ਨਾਲ ਹੋ ਰਹੇ ਧੋਖੇ, ਫਰੇਬ ਅਤੇ ਅਨਿਆਂ ਲਈ ਉਹ ਬਰਾਬਰ ਦੇ ਜ਼ਿੰਮੇਵਾਰ ਹਨ। ਉਨ੍ਹਾਂ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਭਾਈ ਰਾਜੋਆਣਾ ਸਬੰਧੀ ਦਿੱਤੇ ਸਪੱਸ਼ਟੀਕਰਨ 'ਤੇ ਮਗਰਮੱਛ ਦੇ ਹੰਝੂ ਕੇਰਨ ਦੀ ਲੋੜ ਨਹੀਂ। ਸਿੱਖ ਕੌਮ ਤੇ ਪੰਜਾਬੀ ਹੁਣ ਸੁਖਬੀਰ ਸਿੰਘ ਬਾਦਲ 'ਤੇ ਕਦੀ ਵੀ ਭਰੋਸਾ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਤੁਰੰਤ ਮੋਦੀ ਸਰਕਾਰ 'ਚੋਂ ਬਾਹਰ ਆ ਕੇ ਲੋਕ ਸਭਾ ਦੇ ਬਾਹਰ ਧਰਨਾ ਮਾਰਨਾ ਚਾਹੀਦਾ ਹੈ।

Anuradha

This news is Content Editor Anuradha