ਜੀ. ਕੇ. ਕੋਲੋਂ ਗੋਲਕ ਦਾ ਪੈਸਾ ਉਗਰਾਹੁਣ ਲਈ ਹਾਈਕੋਰਟ ਤੱਕ ਪਹੁੰਚ ਕਰਾਂਗੇ : ਸਿਰਸਾ

08/20/2019 10:29:14 AM

ਜਲੰਧਰ (ਚਾਵਲਾ)— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਐੱਸ. ਜੀ. ਐੱਮ. ਸੀ.) ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਦੇ ਖਿਲਾਫ ਪ੍ਰਧਾਨ ਹੁੰਦਿਆਂ ਗੁਰੂ ਦੀ ਗੋਲਕ ਦੇ ਪੈਸੇ ਦੀ ਕੀਤੀ ਹੇਰਾ-ਫੇਰੀ ਦੇ ਪੁਲਸ ਕੋਲ ਦਰਜ ਮੁਕੱਦਮੇ 'ਚ ਬੀਤੇ ਦਿਨ ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਕ੍ਰਾਈਮ ਬ੍ਰਾਂਚ 'ਚ ਬੁਲਾ ਕੇ ਬਿਆਨ ਦਰਜ ਕੀਤੇ ਗਏ। ਯਾਦ ਰਹੇ ਕਿ ਇਹ ਕੇਸ ਮਾਣਯੋਗ ਜੱਜ ਵੱਲੋਂ ਧਾਰਾ 409 ਅਤੇ ਹੋਰ ਧਾਰਾਵਾਂ ਲਗਾ ਕੇ ਕ੍ਰਾਈਮ ਬ੍ਰਾਂਚ ਨੂੰ ਤਬਦੀਲ ਕੀਤਾ ਗਿਆ ਸੀ।

ਬਿਆਨ ਦਰਜ ਕਰਵਾਉਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਰਸਾ ਨੇ ਦੱਸਿਆ ਕਿ ਜਿਹੜਾ ਕੇਸ ਜੀ. ਕੇ. ਖਿਲਾਫ ਦਰਜ ਹੈ, ਉਸ ਸਬੰਧੀ ਮੇਰੇ ਤੋਂ ਜਾਣਕਾਰੀ ਮੰਗੀ ਗਈ। ਉਨ੍ਹਾਂ ਕਿਹਾ ਕਿ ਪੁਲਸ ਨੇ ਜੋ ਵੀ ਜਾਣਕਾਰੀ ਮੰਗੀ ਸੀ, ਉਹ ਮੈਂ ਸਾਰੀ ਸਬੂਤਾਂ ਸਮੇਤ ਦੱਸ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਂ ਪੁਲਸ ਨੂੰ ਦੱਸਿਆ ਕਿ ਪੈਸੇ ਕੱਢਵਾਉਣ ਲਈ ਕੀ ਤਰੀਕਾ ਵਰਤਿਆ ਜਾਂਦਾ ਸੀ ਅਤੇ ਪੈਸੇ ਕੱਢਵਾਉਣ ਲਈ ਕਿਸ-ਕਿਸ ਦੇ ਹਸਤਾਖਰ ਹੁੰਦੇ ਸੀ। ਉਨ੍ਹਾਂ ਕਿਹਾ ਕਿ ਮੈਂ ਇਹ ਵੀ ਦੱਸਿਆ ਕਿ ਪੈਸੇ ਉਦੋਂ ਹੀ ਕਿਉਂ ਕੱਢਵਾਏ ਜਾਂਦੇ ਸਨ ਜਦੋਂ ਮੈਂ ਬਾਹਰ ਹੁੰਦਾ ਸੀ ਅਤੇ ਚਾਰਜ ਕਿਸੇ ਹੋਰ ਕੋਲ ਹੁੰਦਾ ਸੀ। ਉਨ੍ਹਾਂ ਦੱਸਿਆ ਕਿ ਇਹ ਜਾਣਕਾਰੀ ਵੀ ਮੈਂ ਸਾਂਝੀ ਕੀਤੀ ਕਿ ਡਾਲਰ ਅਤੇ ਹੋਰ ਵਿਦੇਸ਼ੀ ਕਰੰਸੀ, ਜੋ ਗੁਰਦੁਆਰਾ ਸਾਹਿਬ ਕੋਲ ਜਮ੍ਹਾ ਸੀ, ਨੂੰ ਵਿਦੇਸ਼ਾਂ ਵਿਚ ਅਦਾਇਗੀ ਲਈ ਕਿਵੇਂ ਕੱਢਵਾਇਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਮੈਂ ਸਮੁੱਚੀ ਜਾਣਕਾਰੀ ਪੁਲਸ ਨੂੰ ਦੇ ਦਿੱਤੀ ਹੈ ਕਿ ਕਿਵੇਂ ਗੁਰਦੁਆਰਾ ਫੰਡਾਂ ਵਿਚ ਜਮ੍ਹਾ ਵਿਦੇਸ਼ੀ ਕਰੰਸੀ ਕਢਵਾਈ ਗਈ। ਉਨ੍ਹਾਂ ਕਿਹਾ ਕਿ ਉਹ ਬਿਲਕੁਲ ਕਿਸੇ ਵੀ ਤਰੀਕੇ ਕਿਸੇ ਨੂੰ ਗੁਰਦੁਆਰਾ ਕਮੇਟੀ ਦੀ ਇਸ ਲੁੱਟ-ਖਸੁੱਟ ਦੇ ਮਾਮਲੇ 'ਚ ਬਚਾਉਣ ਦੀ ਕੋਸ਼ਿਸ਼ ਨਹੀਂ ਕਰਨਗੇ ਅਤੇ ਨਾ ਹੀ ਕੋਈ ਗੁਰਦੁਆਰਾ ਸਾਹਿਬ ਦੀ ਚੋਰੀ ਕਰਕੇ ਕੋਈ ਬਚ ਸਕਦਾ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਮੈਨੂੰ ਸਿੱਧੇ-ਅਸਿੱਧੇ ਤਰੀਕੇ ਡਰਾਉਣ ਅਤੇ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਮੈਂ ਕਿਸੇ ਤੋਂ ਡਰਨ ਵਾਲਾ ਨਹੀਂ ਅਤੇ ਗੁਰੂ ਦੇ ਸੱਚੇ ਸਿੱਖ ਵਜੋਂ ਹਮੇਸ਼ਾ ਆਪਣੇ ਫਰਜ਼ 'ਤੇ ਪਹਿਰਾ ਦੇਵਾਂਗਾ।

shivani attri

This news is Content Editor shivani attri