ਗ੍ਰਹਿ ਮੰਤਰਾਲੇ ਨੇ ਕਾਲੀ ਸੂਚੀ ''ਚੋਂ ਕੱਢੇ 11 ਹੋਰ ਸਿੱਖਾਂ ਦੇ ਨਾਂ ਹਾਈਕੋਰਟ ''ਚ ਪੇਸ਼ ਕੀਤੇ

07/11/2019 9:09:41 PM

ਜਲੰਧਰ, (ਚਾਵਲਾ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਵਿਦੇਸ਼ਾਂ 'ਚ ਵੱਸਦੇ ਸਿੱਖਾਂ ਦੀ ਬਲੈਕਲਿਸਟ ਮੁਕੰਮਲ ਤੌਰ 'ਤੇ ਖ਼ਤਮ ਕਰਵਾਉਣ ਲਈ ਦਿੱਲੀ ਕਮੇਟੀ ਪੂਰੀ ਤਰ੍ਹਾਂ ਯਤਨਸ਼ੀਲ ਹੈ। ਉਨ੍ਹਾਂ ਦੱਸਿਆ ਕਿ ਅੱਜ ਗ੍ਰਹਿ ਮੰਤਰਾਲਾ ਭਾਰਤ ਸਰਕਾਰ ਨੇ ਬਲੈਕਲਿਸਟ, ਜੋ ਪਹਿਲਾਂ 58 ਵਿਅਕਤੀਆਂ ਦੀ ਰਹਿ ਗਈ ਸੀ, ਵਿਚੋਂ 11 ਹੋਰ ਨਾਵਾਂ ਦੀ ਸੂਚੀ ਹਾਈਕੋਰਟ ਵਿਚ ਪੇਸ਼ ਕੀਤੀ ਹੈ ਜਿਨ੍ਹਾਂ ਨੂੰ ਬਲੈਕਲਿਸਟ 'ਚੋਂ ਕੱਢਿਆ ਗਿਆ ਹੈ।

ਸਿਰਸਾ ਨੇ ਦੱਸਿਆ ਕਿ 1984 ਤੋਂ ਬਾਅਦ ਕਾਂਗਰਸ ਦੀਆਂ ਸਰਕਾਰਾਂ ਸਮੇਂ ਸਿੱਖਾਂ ਉੱਪਰ ਵੱਖ-ਵੱਖ ਤਰ੍ਹਾਂ ਦੇ ਸ਼ੰਕਿਆਂ ਅਤੇ ਦੋਸ਼ਾਂ ਨਾਲ ਤਿੰਨ ਸੌ ਤੋਂ ਵੱਧ ਸਿੱਖਾਂ ਨੂੰ ਬਲੈਕਲਿਸਟ ਕਰ ਦਿੱਤਾ ਗਿਆ ਸੀ ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮੋਦੀ ਸਰਕਾਰ ਕੋਲ ਇਹ ਮੁੱਦਾ ਜ਼ੋਰ ਦੇ ਕੇ ਚੁੱਕਿਆ ਸੀ ਅਤੇ ਇਸ ਦੇ ਨਾਲ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਗਲ ਸੈੱਲ ਦੀ ਟੀਮ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਵਿਦੇਸ਼ਾਂ ਵਿਚ ਵੱਸਦੇ ਇਨ੍ਹਾਂ ਸਿੱਖਾਂ ਦੀ ਕਾਨੂੰਨੀ ਲੜਾਈ ਲੜਦੀ ਆ ਰਹੀ ਹੈ, ਜਿਸ ਕਰ ਕੇ ਬਲੈਕਲਿਸਟ 'ਚ ਸ਼ਾਮਲ ਕੀਤੇ ਸਿੱਖਾਂ ਦੀ ਗਿਣਤੀ ਘੱਟ ਕੇ 58 ਰਹਿ ਗਈ ਸੀ ਜਿਨ੍ਹਾਂ 'ਚੋਂ 11 ਨਾਮ ਸਰਕਾਰ ਵੱਲੋਂ ਕੱਢੇ ਗਏ, 4 ਨੂੰ ਬਿਊਰੋ ਆਫ਼ ਇਮੀਗ੍ਰੇਸ਼ਨ ਨੇ ਕਾਲੀ ਸੂਚੀ 'ਚੋਂ ਕੱਢ ਦਿੱਤਾ ਸੀ ਅਤੇ 3 ਨਾਮ ਸੂਚੀ ਵਿਚ ਅਜਿਹੇ ਸਨ, ਜੋ ਦੁਹਰਾਏ ਗਏ ਸਨ।

ਉਨ੍ਹਾਂ ਕਿਹਾ ਕਿ ਬਾਕੀ ਰਹਿ ਗਏ 40 ਵਿਅਕਤੀਆਂ ਦਾ ਵੇਰਵਾ ਅਸੀਂ ਸਰਕਾਰ ਤੋਂ ਲਵਾਂਗੇ ਅਤੇ ਉਨ੍ਹਾਂ ਨੂੰ ਵੀ ਕਾਲੀ ਸੂਚੀ 'ਚੋਂ ਬਾਹਰ ਕਰਵਾਉਣ ਦਾ ਪੂਰਾ ਯਤਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਅਦਾਲਤ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੀਗਲ ਸੈੱਲ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋਂ ਤੋਂ ਇਲਾਵਾ ਸੀਨੀਅਰ ਐਡਵੋਕੇਟ ਏ. ਪੀ. ਐੱਸ ਆਹਲੂਵਾਲੀਆ ਅਤੇ ਹਰਪ੍ਰੀਤ ਸਿੰਘ ਪੇਸ਼ ਹੋਏ ਅਤੇ ਇਸ ਕੇਸ ਦੀ ਅਗਲੀ ਸੁਣਵਾਈ 30 ਸਤੰਬਰ ਨੂੰ ਹੋਵੇਗੀ।

Karan Kumar

This news is Content Editor Karan Kumar