ਸੌੜੀ ਸਿਆਸਤ ਚੋਂ ਪੈਦਾ ਹੁੰਦੇ ਹਨ ਗੈਰ-ਸਮਾਜੀ ਤੱਤ - ਮਨਜਿੰਦਰ ਸਿੰਘ ਬਿੱਟਾ

11/21/2017 5:35:11 PM

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ)- ਪੰਜਾਬ 'ਚ ਅੱਤਵਾਦ ਨਾਂਅ ਦੀ ਕੋਈ ਚੀਜ਼ ਨਹੀਂ ਹੈ ਅਤੇ ਇਸ ਵਕਤ ਪੰਜਾਬ ਅਮਨ ਸ਼ਾਂਤੀ ਦੀ ਫਸੀਲ 'ਤੇ ਖੜਾ ਹੈ ਪਰ ਕੁਝ ਸ਼ਰਾਰਤੀ ਤਾਕਤਾਂ ਪੰਜਾਬ ਦੀ ਅਮਨ ਸ਼ਾਂਤੀ ਨੂੰ ਲਾਂਬੂ ਲਾਉਣ ਅਤੇ ਭਾਈਚਾਰਕ ਸਾਂਝ ਨੂੰ ਤਾਰਪੀਡੋ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਜਿਸ ਨੂੰ ਆਲ ਇੰਡੀਆ ਐਂਟੀ ਟੈਰੋਰਿਜ਼ਮ ਫਰੰਟ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗਾ। ਇਹ ਪ੍ਰਗਟਾਵਾ ਫਰੰਟ ਦੇ ਕੌਮੀ ਚੇਅਰਮੈਨ ਮਨਜਿੰਦਰਜੀਤ ਸਿੰਘ ਬਿੱਟਾ ਨੇ ਮੰਗਲਵਾਰ ਨੂੰ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸੌੜੀ ਸਿਆਸਤ ਚੋਂ ਹੀ ਗੈਰ ਸਮਾਜੀ ਤੱਤ ਪੈਦਾ ਹੁੰਦੇ ਹਨ ਅਤੇ ਵੋਟਾਂ ਦੀ ਖਾਤਰ, ਜੋ ਕਥਿਤ ਸਿਆਸੀ ਆਗੂ ਗਲਤ ਅਨਸਰਾਂ ਨਾਲ ਨੇੜਤਾ ਰੱਖਦੇ ਹਨ ਉਨ੍ਹਾਂ ਨੂੰ ਇਹ ਸਮਝ ਲੈਣਾ ਚਹੀਦਾ ਹੈ ਕਿ ਅਜਿਹੀਆਂ ਸਮਾਜ ਵਿਰੋਧੀ ਤਾਕਤਾਂ ਦਾ ਕੋਈ ਧਰਮ, ਮਜ਼ਹਬ ਜਾਂ ਜਾਤ ਨਹੀਂ ਹੁੰਦੀ ਹੈ। 
ਬਿੱਟਾ ਨੇ ਪੰਜਾਬ 'ਚ ਧਾਰਮਿਕ ਜਾਂ ਸਿਆਸੀ ਆਗੂਆਂ ਦੇ ਹੋ ਰਹੇ ਕਤਲਾਂ ਪਿੱਛੇ ਵੀ ਦੇਸ਼ੀ 'ਤੇ ਵਿਦੇਸ਼ੀ ਤਾਕਤਾਂ ਦੇ ਹੱਥ ਹੋਣ ਦੀ ਗੱਲ ਨੂੰ ਸਵਿਕਾਰ ਕਰਦਿਆਂ ਕਿਹਾ ਕਿ ਕੁਝ ਚੰਦ ਲੋਕ ਦਹਿਸ਼ਤ ਫੈਲਾ ਕੇ ਪੰਜਾਬ ਦੇ ਅਮਨਮਈ ਮਾਹੌਲ ਨੂੰ ਖਰਾਬ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਅੰਦਰ ਨਸ਼ਾਖੋਰੀ 'ਤੇ ਗੈਂਗਸਟਰਾਂ ਦੀ ਪੈਦਾਇਸ਼ ਪਿੱਛਲੀ ਸਰਕਾਰ ਦੀ ਹੀ ਦੇਣ ਹੈ। ਉਨ੍ਹਾਂ ਨੇ ਅੰਮ੍ਰਿਤਸਰ ਦੀ ਇਕ ਹਿੰਦੂ ਜਥੇਬੰਦੀ ਦੇ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਆਗੂ ਦੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਜਿਹੇ ਲੋਕ ਸੁਰੱਖਿਆ ਲੈਣ ਅਤੇ ਫੋਕੀ ਵਾਹ-ਵਾਹ ਖੱਟਣ ਦੀ ਖਾਤਰ ਬੇਤੁਕੀ ਬਿਆਨਬਾਜ਼ੀ ਕਰਕੇ ਫਿਰਕੂ ਭਾਵਨਾਂਵਾਂ ਪੈਦਾ ਕਰ ਰਹੇ ਹਨ। ਉਨ੍ਹਾਂ ਨੇ ਕੈਪਟਨ ਸਰਕਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰ ਨੂੰ ਆਪਣੀ ਕਾਰਗੁਜ਼ਾਰੀ ਵਿਖਾਉਣ ਲਈ ਅਜੇ ਸਮਾਂ ਚਾਹੀਦਾ ਹੈ। ਬਿੱਟਾ ਨੇ ਸਰਕਾਰ ਵੱਲੋਂ ਲਾਏ ਜਾ ਰਹੇ ਪਾਕੋਕਾ ਕਾਨੂੰਨ ਨੂੰ ਵੀ ਜਾਇਜ਼ ਠਹਿਰਾਉਦਿਆਂ ਕਿਹਾ ਕਿ ਗਲਤ ਬਿਆਨਬਾਜ਼ੀ ਕਰਕੇ ਸੂਬੇ ਦਾ ਮਾਹੌਲ ਖਰਾਬ ਕਰਨ ਵਾਲੇ ਕਿਸੇ ਵੀ ਸਿਆਸੀ, ਗੈਰ ਸਿਆਸੀ ਵਿਅਕਤੀ ਨੂੰ ਵੀ ਇਸ ਕਾਨੂੰਨ ਦੇ ਦਾਇਰੇ 'ਚ ਲੈਣਾ ਚਾਹੀਦਾ ਹੈ ਜੋ ਸੂਬੇ ਦੀ ਅਮਨ ਸ਼ਾਂਤੀ ਲਈ ਖਤਰਾ ਬਣਦਾ ਹੋਵੇ। ਸੁਖਪਾਲ ਸਿੰਘ ਖਹਿਰਾ ਨੂੰ ਅਦਾਲਤ ਵੱਲੋਂ ਨਸ਼ਾ ਤਸਕਰੀ ਦੇ ਮਾਮਲੇ 'ਚ ਕੀਤੇ ਗਏ ਸੰਮਨ ਦੇ ਮਾਮਲੇ 'ਚ ਪੁੱਛੇ ਗਏ ਸਵਾਲ ਦੇ ਜੁਆਬ 'ਚ ਬਿੱਟਾ ਨੇ ਕਿਹਾ ਕਿ ਉਹ ਖਹਿਰਾ ਮਾਮਲੇ 'ਤੇ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦੇ ਹਨ, ਪ੍ਰੰਤੂ ਲੋੜ ਤੋਂ ਵੱਧ ਬੋਲਣਾ ਤਾਂ ਮਹਿੰਗਾ ਪੈਦਾਂ ਹੀ ਹੈ। ਬਿੱਟਾ ਨੇ ਸੱਚਾ ਸੌਦਾ ਡੇਰਾ ਦੇ ਮੁੱਖੀ ਗੁਰਮੀਤ ਰਾਮ ਰਹੀਮ ਮਾਮਲੇ 'ਤੇ ਵੀ ਆਪਣੀ ਭੜਾਸ ਕੱਢੀ 'ਤੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖ ਕੌਮ ਦੇ ਰਹਿਬਰ ਸਨ ਅਤੇ ਉਨ੍ਹਾਂ ਦੀ ਬਰਾਬਰਤਾ ਕਰਨ ਵਾਲੇ ਦਾ ਅਜਿਹਾ ਹੀ ਹਸ਼ਰ ਹੋਣਾ ਚਾਹੀਦਾ ਸੀ। ਬਿੱਟਾ ਨੇ ਕਿਹਾ ਕਿ ਉਹ ਸਿਆਸਤ ਤੋਂ ਪਰੇ ਹਨ ਅਤੇ ਅੱਤਵਾਦ ਦੇ ਵਿਰੁੱਧ ਲੜਦੇ ਆਏ ਹਨ ਅਤੇ ਹਮੇਸ਼ਾਂ ਲੜਦੇ ਰਹਿਣਗੇ। ਤੂਹਾਨੂੰ ਦੱਸ ਦਈਏ ਕਿ ਮਨਜਿੰਦਰ ਸਿੰਘ ਬਿੱਟਾ ਆਪਣੇ ਵੱਡੇ ਭਰਾ ਜਤਿੰਦਰ ਸਿੰਘ, ਸਾਹਿਬ ਸਿੰਘ ਅਤੇ ਪੂਰੇ ਪਰਿਵਾਰ ਸਮੇਤ ਮੰਗਲਵਾਰ ਨੂੰ ਮਾਝੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਮੱਥਾ ਟੇਕਣ ਲਈ ਆਏ ਹੋਏ ਸਨ ਅਤੇ ਉਹ ਗੈਰ ਰਸਮੀ ਤੌਰ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।