ਸਿਰਸਾ ਅਤੇ ਮੂਸੇਵਾਲਾ ਦੀ ਮੁਲਾਕਾਤ ''ਤੇ ਜੀ. ਕੇ. ਨੇ ਚੁੱਕੇ ਸਵਾਲ

09/22/2019 12:17:06 PM

ਨਵੀਂ ਦਿੱਲੀ/ਜਲੰਧਰ (ਚਾਵਲਾ)— ਵਿਵਾਦਗ੍ਰਸਤ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਬੀਤੇ ਦਿਨੀਂ ਹੋਈ ਮੁਲਾਕਾਤ 'ਤੇ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਸਿਰਸਾ 'ਤੇ ਤਿੱਖਾ ਸ਼ਬਦੀ ਹਮਲਾ ਬੋਲਿਆ ਹੈ। ਜੀ. ਕੇ. ਨੇ ਕਿਹਾ ਕਿ ਬੀਤੇ ਦਿਨੀਂ ਹੀ ਮੂਸੇਵਾਲਾ ਦਾ ਯੂ-ਟਿਊਬ 'ਤੇ ਇਕ ਗੀਤ ਆਇਆ ਸੀ, ਜਿਸ 'ਚ ਉਹ ਮਹਾਨ ਸਿੱਖ ਜਰਨੈਲ ਮਾਈ ਭਾਗੋ ਦਾ ਮੁਕਾਬਲਾ ਪੰਜਾਬੀ ਫਿਲਮਾਂ ਦੀ ਇਕ ਪਤਿਤ ਅਦਾਕਾਰਾ ਸੋਨਮ ਬਾਜਵਾ ਨਾਲ ਕਰਨ ਦੀ ਗੁਸਤਾਖੀ ਕਰਦਾ ਹੈ। ਸੋਨਮ ਬਾਜਵਾ ਦਾ ਅਸ਼ਲੀਲ ਪਹਿਰਾਵਾ ਕਿਤੇ ਵੀ ਮਾਈ ਭਾਗੋ ਦੀ ਸ਼ਖਸੀਅਤ ਦਾ ਮੁਕਾਬਲਾ ਨਹੀਂ ਕਰ ਸਕਦਾ। ਜ਼ਿਕਰਯੋਗ ਹੈ ਕਿ ਸਿੱਖਾਂ ਦੇ ਭਾਰੀ ਰੋਸ ਤੋਂ ਬਾਅਦ ਹਾਲਾਂਕਿ ਬੀਤੇ ਦਿਨੀਂ ਹੀ ਮੂਸੇਵਾਲਾ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਕੌਮ ਪਾਸੋਂ ਮੁਆਫੀ ਮੰਗੀ ਹੈ। ਜੀ. ਕੇ. ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਮੂਸੇਵਾਲਾ ਨੂੰ ਤੁਰੰਤ ਗ੍ਰਿਫਤਾਰ ਕਰਨ ਦਾ ਬਿਆਨ ਦਿੱਤਾ ਸੀ ਪਰ ਉਸ ਬਿਆਨ ਤੋਂ ਬਾਅਦ ਸਿਰਸਾ ਦੇ ਘਰ ਮੂਸੇਵਾਲਾ ਦਾ ਆਉਣਾ ਅਕਾਲੀ ਦਲ ਦੇ ਦੋਹਰੇ ਮਾਪਦੰਡ ਦੀ ਵਧੀਆ ਉਦਾਹਰਣ ਹੈ। ਉਨ੍ਹਾਂ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਦਿੱਲੀ ਕਮੇਟੀ ਦਾ ਪ੍ਰਧਾਨ ਅਤੇ ਅਕਾਲੀ ਦਲ ਦਾ ਕੌਮੀ ਜਨਰਲ ਸਕੱਤਰ ਉਸ ਸ਼ਖਸ ਨਾਲ ਗੁਪਤ ਮੀਟਿੰਗ ਕਰ ਰਿਹਾ ਹੈ, ਜਿਸ ਨੂੰ ਗ੍ਰਿਫਤਾਰ ਕਰਨ ਦੀ ਮੰਗ ਉਸ ਦੀ ਪਾਰਟੀ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਨੇ ਕਿਹਾ ਸੀ ਕਿ ਡੇਰਾ ਸਿਰਸਾ ਨੂੰ ਮੁਆਫੀ ਦੇਣ ਲਈ ਜਥੇਦਾਰਾਂ ਨੂੰ ਸਿਰਸਾ ਨੇ ਚੰਡੀਗੜ੍ਹ 'ਚ ਧਮਕਾਇਆ ਸੀ ਅਤੇ ਡੇਰਾ ਸਿਰਸਾ ਮੁਖੀ ਨਾਲ ਮਿਲ ਕੇ ਸਿਰਸਾ ਵੱਲੋਂ ਅੰਦਰਖਾਤੇ ਮੁਆਫੀਨਾਮਾ ਤਿਆਰ ਕਰਵਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫੀ ਦਿਵਾਉਣ 'ਚ ਵੱਡੀ ਭੂਮਿਕਾ ਨਿਭਾਉਣ ਦੇ ਦਾਅਵੇ ਵੀ ਸਾਹਮਣੇ ਆਉਂਦੇ ਹਨ ਅਤੇ ਹੁਣ ਮੂਸੇਵਾਲਾ ਨਾਲ ਜੱਫੀ ਪਾਉਣ ਦੀਆਂ ਤਸਵੀਰਾਂ ਇਹ ਸਾਬਤ ਕਰਦੀਆਂ ਹਨ ਕਿ ਸਿਰਸਾ ਦਾ ਸਿੱਖ ਧਰਮ ਅਤੇ ਸਿਧਾਂਤ ਨਾਲ ਦੂਰ ਦਾ ਵੀ ਸਬੰਧ ਨਹੀਂ ਹੈ।

ਜੀ. ਕੇ. ਨੇ ਸਵਾਲ ਕੀਤਾ ਕਿ ਸਿੱਖ ਪੰਥ ਦੀ ਪਿੱਠ 'ਚ ਛੁਰਾ ਮਾਰਨ ਵਾਲਿਆਂ ਨਾਲ ਸਿਰਸੇ ਦੇ ਇਸ ਪਿਆਰ ਅਤੇ ਰਿਸ਼ਤੇ ਨੂੰ ਕੀ ਨਾਂ ਦੇਵਾਂਗੇ ਕਿਉਂਕਿ ਦਿੱਲੀ ਕਮੇਟੀ ਦੇ ਪ੍ਰਧਾਨ ਦਾ ਇਸ ਤਰ੍ਹਾਂ ਪੰਥ ਦੋਖੀਆਂ ਨੂੰ ਹਿਫ਼ਾਜ਼ਤ ਦੇਣਾ ਹੈਰਾਨ ਅਤੇ ਪ੍ਰੇਸ਼ਾਨ ਕਰਨ ਵਾਲਾ ਹੈ। ਜੀ. ਕੇ. ਨੇ ਮੂਸੇਵਾਲਾ ਦੀ ਸ੍ਰੀ ਅਕਾਲ ਤਖਤ ਸਾਹਿਬ 'ਤੇ ਤੁਰੰਤ ਪੇਸ਼ੀ ਦੀ ਮੰਗ ਕਰਦਿਆਂ ਉਸ ਦੇ ਗੁਨਾਹ ਨੂੰ ਨਾ ਬਖਸ਼ਣ ਵਾਲਾ ਦੱਸਿਆ।

shivani attri

This news is Content Editor shivani attri