ਸਿਸੋਦੀਆ ਦਾ ਕਾਂਗਰਸ ’ਤੇ ਤਿੱਖਾ ਸ਼ਬਦੀ ਹਮਲਾ, ਕਿਹਾ-ਕੈਪਟਨ ਵਾਂਗ ਚੰਨੀ ਵੀ ਕਰ ਰਹੇ ਪੰਜਾਬ ਦੇ ਲੋਕਾਂ ਨਾਲ ਧੋਖਾ

10/16/2021 4:56:15 PM

ਜਲੰਧਰ (ਵੈੱਬ ਡੈਸਕ, ਰਾਹੁਲ)— ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅੱਜ ਜਲੰਧਰ ਵਿਖੇ ਪਹੁੰਚੇ ਸਨ। ਇਸ ਦੌਰਾਨ ਮਨੀਸ਼ ਸਿਸੋਦੀਆ ਨੇ ਕਾਂਗਰਸ ਸਰਕਾਰ ਨੂੰ ਲੰਮੇ ਹੱਥੀਂ ਲਿਆ। ਕਾਂਗਰਸ ’ਤੇ ਤਿੱਖੇ ਨਿਸ਼ਾਨੇ ਸਾਧਦੇ ਹੋਏ ਮਨੀਸ਼ ਸਿਸੋਦੀਆ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਪੰਜਾਬ ਦੀ ਜਨਤਾ ਨਾਲ ਧੋਖਾ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਝੂਠੇ ਵਾਅਦੇ ਕਰਕੇ ਲੋਕਾਂ ਨਾਲ ਧੋਖਾ ਕੀਤਾ ਸੀ ਅਤੇ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲੋਕਾਂ ਨਾਲ ਧੋਖਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ 5 ਮਰਲੇ ਤੱਕ ਜ਼ਮੀਨ ਦੇਣ ਵਾਲਾ ਮੁੱਖ ਮੰਤਰੀ ਚੰਨੀ ਦਾ ਬਿਆਨ ਸਿਰਫ਼ ਇਕ ਕਾਗਜ਼ ਦਾ ਟੁੱਕੜਾ ਹੈ। ਮਨੀਸ਼ ਸਿਸੋਦੀਆ ਨੇ ਕਿਹਾ ਕਿ ਕੈਪਟਨ ਦਾ ਜਿਵੇਂ ਰੁਜ਼ਗਾਰ ਕਾਰਡ ਇਕ ਧੋਖਾ ਸੀ, ਉਸੇ ਤਰ੍ਹਾਂ ਹੀ 5 ਮਰਲੇ ਦੇਣ ਵਾਲਾ ਕਾਰਡ ਵੀ ਧੋਖਾ ਹੈ ਜਦਕਿ 5 ਮਰਲੇ ਦੇਣ ਦੀ ਯੋਜਨਾ 1961 ’ਚ ਹੀ ਬਣ ਗਈ ਸੀ। 

ਇਹ ਵੀ ਪੜ੍ਹੋ: ਦੁਸਹਿਰੇ ਦੇ ਤਿਉਹਾਰ ਮੌਕੇ ਦੋ ਕਰੋੜ ਦੀਆਂ ਜਲੇਬੀਆਂ ਖਾ ਗਏ ਜਲੰਧਰ ਵਾਸੀ

ਚਰਨਜੀਤ ਸਿੰਘ ਚੰਨੀ ਸਿਰਫ਼ 5 ਮਰਲੇ ਦੇਣ ਦਾ ਕਾਗਜ਼ ਵੰਡ ਰਹੇ ਹਨ ਜ਼ਮੀਨ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ਸਾਲ 2017 ’ਚ ਜਦੋਂ ਪੰਜਾਬ ’ਚ ਚੋਣਾਂ ਹੋਈਆਂ ਸਨ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਰੋਜ਼ਗਾਰ ਕਾਰਡ ਵੰਡੇ ਸਨ ਅਤੇ ਕਿਹਾ ਸੀ ਕਿ ਰੁਜ਼ਗਾਰ ਕਾਰਡ ਜ਼ਰੀਏ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ ਅਤੇ ਜਦੋਂ ਤੱਕ ਰੁਜ਼ਗਾਰ ਨਹੀਂ ਦਿੱਤਾ ਜਾਵੇਗਾ ਤਾਂ ਉਦੋਂ ਤੱਕ ਰੁਜ਼ਗਾਰ ਭੱਤਾ ਦਿੱਤਾ ਜਾਵੇਗਾ ਪਰ ਕੈਪਟਨ ਸਾਬ੍ਹ ਨੇ ਸਾਢੇ ਚਾਰ ਸਾਲਾਂ ਤੱਕ ਇਕ ਵਾਰ ਵੀ ਜਾਬ ਕਾਰਡ ਦੀ ਗੱਲ ਨਹੀਂ ਕੀਤੀ। ਰੁਜ਼ਗਾਰ ਦੇ ਕਾਰਡ ਦੇ ਕੇ ਪੰਜਾਬ ਦੀ ਜਨਤਾ ਨੂੰ ਧੋਖੇ ’ਚ ਰੱਖਿਆ ਗਿਆ ਸੀ। ਉਸੇ ਤਰ੍ਹਾਂ ਹੀ ਹੁਣ ਚੰਨੀ ਸਾਬ੍ਹ ਕਰ ਰਹੇ ਹਨ। ਮਨੀਸ਼ ਸਿਸੋਦੀਆ ਇਸ ਤੋਂ ਪਹਿਲਾਂ ਅੰਮ੍ਰਿਤਸਰ ਵਿਖੇ ਭਗਵਾਨ ਵਾਲਮੀਕਿ ਜੀ ਦੇ ਤੀਰਥ ਸਥਾਨ ਦਰਸ਼ਨ ਕਰਨ ਲਈ ਪਹੁੰਚੇ ਸਨ, ਇਸ ਦੇ ਬਾਅਦ ਉਹ ਜਲੰਧਰ ਵਿਖੇ ਭਗਵਾਨ ਵਾਲਮੀਕਿ ਜਯੰਤੀ ਮੌਕੇ ਤੀਰਥ ਯਾਤਰਾ ਨੂੰ ਹਰੀ ਝੰਡੀ ਦੇਣ ਪਹੁੰਚੇ। ਇਸ ਮੌਕੇ ਉਨ੍ਹਾਂ ਦੇ ਨਾਲ ਹਰਪਾਲ ਚੀਮਾ ਸਮੇਤ ਹੋਰ ਵੀ ਆਮ ਆਦਮੀ ਪਾਰਟੀ ਦੇ ਕਈ ਆਗੂ ਮੌਜੂਦ ਸਨ। 

ਇਹ ਵੀ ਪੜ੍ਹੋ: ਵਿਰੋਧ ਦਾ ਲੋਕਾਂ ਨੇ ਲੱਭਿਆ ਅਨੋਖਾ ਢੰਗ, ‘ਦੁਸਹਿਰੇ’ ’ਤੇ ਨਸ਼ਾ, ਅੱਤਵਾਦ ਤੇ ਮੰਗਾਂ ਲਈ ਸੜਨ ਲੱਗੇ ਆਗੂਆਂ ਦੇ ਪੁਤਲੇ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri