ਮਨੀਸ਼ ਸਿਸੋਦੀਆ ਦਾ ਖੁਲਾਸਾ, ਇਸ ਲਈ ਕੇਜਰੀਵਾਲ ਨੇ ਮਜੀਠੀਆ ਤੋਂ ਮੰਗੀ ਮੁਆਫੀ

03/17/2018 7:27:48 PM

ਨਵੀਂ ਦਿੱਲੀ\ਚੰਡੀਗੜ੍ਹ : ਡਰੱਗ ਤਸਕਰੀ ਮਾਮਲੇ ਵਿਚ ਮਜੀਠੀਆ ਤੋਂ ਮੁਆਫੀ ਮੰਗਣ 'ਤੇ ਬੇਸ਼ੱਕ ਅਰਵਿੰਦ ਕੇਜਰੀਵਾਲ ਦੀ ਇਸ ਮਾਮਲੇ 'ਤੇ ਕੋਈ ਸਫਾਈ ਅਜੇ ਤਕ ਸਾਹਮਣੇ ਨਹੀਂ ਆਈ ਹੈ ਪਰ ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਸੀਨੀਅਰ 'ਆਪ' ਲੀਡਰ ਮਨੀਸ਼ ਸਿਸੋਦੀਆ ਕੇਜਰੀਵਾਲ ਦੇ ਹੱਕ ਵਿਚ ਆ ਖੜ੍ਹੇ ਹੋਏ ਹਨ। ਅਖਬਾਰਾਂ 'ਚ ਛਪੀਆਂ ਖਬਰਾਂ ਮੁਤਾਬਕ ਸਿਸੋਦੀਆ ਨੇ ਇਸ ਮੁਆਫੀ ਪਿੱਛੇ ਤਰਕ ਦਿੱਤਾ ਹੈ ਕਿ ਸਾਡਾ ਕੰਮ ਅਦਾਲਤਾਂ 'ਚ ਲੜਨਾ ਨਹੀਂ ਹੈ ਸਗੋਂ ਲੋਕਾਂ ਦੇ ਹਿੱਤਾਂ ਲਈ ਖੜਨਾ ਹੈ। ਜੇਕਰ ਅਸੀਂ ਅਜਿਹੀਆਂ ਲੜਾਈਆਂ 'ਚ ਸਮਾਂ ਬਰਬਾਦ ਕਰਾਂਗੇ ਤਾਂ ਜਨਤਾ ਦੇ ਮਸਲੇ ਕਿਵੇਂ ਹੱਲ ਹੋਣਗੇ।
ਖੈਰ, ਸਿਸੋਦੀਆ ਸਾਬ੍ਹ ਬੇਸ਼ੱਕ ਤੁਸੀਂ ਆਪਣੀ ਜਗ੍ਹਾ ਠੀਕ ਗੱਲ ਕਰ ਰਹੇ ਹੋ ਪਰ ਵੱਡਾ ਸਵਾਲ ਹੈ ਕਿ ਇਹ ਚਿੰਤਾ ਚੋਣ ਪ੍ਰਚਾਰ ਦੌਰਾਨ ਕਿਉਂ ਨਹੀਂ ਕੀਤੀ ਗਈ ਜਦੋਂ ਸ਼ਰੇਆਮ ਪਾਰਟੀ ਦਾ ਹਰ ਲੀਡਰ ਬਿਕਰਮ ਮਜੀਠੀਆ ਨੂੰ ਕਾਲਰ ਤੋਂ ਫੜ ਕੇ ਅੰਦਰ ਕਰਨ ਦੀ ਗੱਲ ਕਰਦਾ ਸੀ, ਜਦੋਂ ਪੰਜਾਬ ਦੇ ਮਸਲਿਆਂ ਦਾ ਹੱਲ ਘੱਟ ਅਤੇ ਕਿੱਕਲੀਆਂ ਜ਼ਿਆਦਾ ਸੁਣਾਈਆਂ ਜਾਂਦੀਆਂ ਸਨ। ਇਹ ਤਰਕ ਉਦੋਂ ਕਿੱਥੇ ਸੀ ਜਦੋਂ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਉਨ੍ਹਾਂ ਦੇ ਭਵਿੱਖ ਦਾ ਰਸਤਾ ਦਿਖਾਉਣ ਦੀ ਬਜਾਏ ਮਜੀਠੀਆ ਖਿਲਾਫ ਚਿੱਟੇ ਦਾ ਤਸਕਰ ਹੋਣ ਦੇ ਬੋਰਡ ਟੰਗਣ ਲਈ ਲਗਾ ਦਿੱਤਾ ਗਿਆ ਸੀ। ਸੋ ਇਹ ਸਵਾਲ ਅੱਜ ਵੀ ਜਿਉਂ ਦੇ ਤਿਉਂ ਖੜ੍ਹੇ ਹਨ ਤੇ ਇਨ੍ਹਾਂ ਦਾ ਜਵਾਬ ਜਾਨਣ ਦੇ ਲਈ ਹਰ ਪੰਜਾਬੀ ਬੇਸਬਰ ਹੈ।