ਅੱਜ ਤੋਂ ਸ਼ੁਰੂ ਹੋਈ ਸ਼੍ਰੀ ਮਣੀਮਹੇਸ਼ ਦੀ ਯਾਤਰਾ

08/23/2018 6:38:47 PM

ਜਲੰਧਰ/ਹਿਮਾਚਲ ਪ੍ਰਦੇਸ਼— ਸ਼੍ਰੀ ਅਮਰਨਾਥ ਦੀ ਯਾਤਰਾ ਤੋਂ ਵੀ ਔਖੀ ਮੰਨੀ ਜਾਣ ਵਾਲੀ ਸ਼੍ਰੀ ਮਣੀਮਹੇਸ਼ ਦੀ ਯਾਤਰਾ 23 ਅਗਸਤ ਯਾਨੀ ਅੱਜ ਤੋਂ ਸ਼ੁਰੂ ਹੋ ਗਈ ਹੈ। ਹਾਲਾਂਕਿ ਹਿੰਦੂ ਧਰਮ ਦੇ ਮੁਤਾਬਕ ਇਸ ਯਾਤਰਾ ਦਾ ਆਗਾਜ਼ ਅਧਿਕਾਰਤ ਤੌਰ 'ਤੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਤੋਂ ਸ਼ੁਰੂ ਹੋ ਕੇ ਸ਼੍ਰੀ ਰਾਧਾ ਅਸ਼ਟਮੀ ਤੱਕ ਹੁੰਦਾ ਹੈ, ਜੋ ਇਸ ਵਾਰ 2 ਸਤੰਬਰ ਤੋਂ 17 ਸਤੰਬਰ ਤੱਕ ਹੈ। ਦੱਸ ਦੱਈਏ ਕਿ ਪਹਾੜਨੁਮਾ ਰਸਤਾ ਹੋਣ ਕਰਕੇ ਇਥੇ ਪੈਦਲ ਚੱਲਣਾ ਠੀਕ ਨਹੀਂ ਹੈ। ਮੌਸਮ ਵੀ ਰੋਜ਼ਾਨਾ ਬਦਲਦਾ ਰਹਿੰਦਾ ਹੈ ਅਤੇ ਆਕਸੀਜਨ ਦਾ ਪੱਧਰ ਵੀ ਸਫਰ ਦੇ ਨਾਲ-ਨਾਲ ਘੱਟ ਹੁੰਦਾ ਰਹਿੰਦਾ ਹੈ। ਇਸ ਮਾਰਗ 'ਤੇ ਸਾਧਨਾਂ ਦੀ ਕਮੀ ਵੀ ਹੈ। ਸਾਧਨਾਂ ਦੀ ਕਮੀ ਦੇ ਕਾਰਨ ਭਗਤਾਂ ਦਾ ਸਹਾਰਾ ਦੇਸ਼ ਭਰ ਦੀਆਂ ਸੰਸਥਾਵਾਂ ਬਣ ਰਹੀਆਂ ਹਨ, ਜੋ ਭਗਤਾਂ ਨੂੰ ਠਹਿਰਣ, ਮੈਡੀਕਲ ਅਤੇ ਲੰਗਰ ਦੀਆਂ ਸੇਵਾਵਾਂ ਦੇ ਰਹੀਆਂ ਹਨ। ਹਾਲਾਂਕਿ ਸੰਸਥਾਵਾਂ ਵੱਲੋਂ ਯਾਤਰਾ ਦੀਆਂ ਤਿਆਰੀਆਂ 15 ਦਿਨ ਪਹਿਲਾਂ ਹੀ ਸ਼ੁਰੂ ਹੋਣ ਲੱਗਦੀਆਂ ਹਨ। 

ਧਨਛੋਹ 'ਤੇ ਆ ਕੇ ਖਤਮ ਹੁੰਦਾ ਹੈ ਯਾਤਰਾ ਦਾ ਅੱਧਾ ਰਸਤਾ 
ਹਡਸਰ ਤੋਂ ਬਾਅਦ ਧਨਛੋਹ ਦਾ ਪਹਿਲਾ ਪੜਾਅ 6 ਕਿਲੋਮੀਟਰ 'ਤੇ ਆਉਂਦਾ ਹੈ। ਯਾਨੀ ਯਾਤਰਾ ਦਾ ਅੱਧਾ ਸਫਰ ਇਥੇ ਹੁੰਦਾ ਹੈ ਅਤੇ ਜ਼ਿਆਦਾਤਰ ਲੋਕ ਇਥੇ ਆ ਕੇ ਠਹਿਰਦੇ ਹਨ। ਅਗਲੇ ਦਿਨ ਯਾਤਰਾ ਸ਼ੁਰੂ ਕਰਦੇ ਹਨ। ਇਥੇ ਲੰਗਰ ਸੇਵਾ ਸੁਸਾਇਟੀਆਂ ਵੱਲੋਂ ਥਾਂ-ਥਾਂ 'ਤੇ ਲੰਗਰ ਦੀ ਸੇਵਾ ਲਗਾਈ ਜਾਂਦੀ ਹੈ। ਪਹਿਲੀ ਵਾਰ ਧਨਛੋਹ 'ਤੇ ਸ਼੍ਰੀਮਦ ਭਗਵਦ ਗੀਤਾ ਪੁਰਾਣ ਦਾ ਪਾਠ ਕੀਤਾ ਜਾ ਰਿਹਾ ਹੈ, ਜੋ ਸ਼ਿਵ ਸ਼ਕਤੀ ਮਹਾਸੰਘ ਬਰਨਾਲਾ ਵੱਲੋਂ 5 ਤੋਂ 11 ਸਤੰਬਰ ਤੱਕ ਚੱਲੇਗਾ। ਇਹ ਸੰਘ 17 ਸਾਲÎਾਂ ਤੋਂ ਧਨਛੋ 'ਚ ਲੰਗਰ ਲਗਾ ਰਿਹਾ ਹੈ। ਪ੍ਰਧਾਨ ਵਰਿੰਦਰ ਸਿੰਗਲਾ, ਜਨਰਲ ਸਕੱਤਰ ਮਦਨ ਲਾਲ, ਗੋਪਾਲ ਸ਼ਰਮਾ, ਐਡਵਾਈਜ਼ਰ ਮਨੋਜ ਕੁਮਾਰ ਦੀ ਟੀਮ ਭਗਤਾਂ ਦੀ ਯਾਤਰਾ ਮਾਰਗ 'ਚ ਸਹਾਇਤਾ ਅਤੇ ਰਾਹਤ ਦੇ ਉਦੇਸ਼ ਨਾਲ ਸੇਵਾ ਕਰ ਰਹੀ ਹੈ।

ਸ਼ਿਵ ਸ਼ਕਤੀ ਮਹਾਸੰਘ ਬਰਨਾਲਾ ਦੀ ਜ਼ਿਲਾ ਇਕਾਈ ਦੇ ਪ੍ਰਧਾਨ ਕਰਨ ਪੁਰੀ ਅਤੇ ਉਨ੍ਹਾਂ ਦੀ ਟੀਮ 11 ਸਾਲਾਂ ਤੋਂ ਸੰਸਥਾ ਨਾਲ ਜੁੜੀ ਹੋਈ ਹੈ। ਉਹ ਕਹਿੰਦੇ ਹਨ ਕਿ ਪਹਿਲਾਂ ਯਾਤਰਾ 'ਚ ਸਾਧਨਾਂ ਦੀ ਕਮੀ ਸੀ ਹੁਣ ਤਾਂ ਸੰਸਥਾਵਾਂ ਵੱਲੋਂ ਪਹਾੜਾਂ ਦੀਆਂ ਚੋਟੀਆਂ 'ਤੇ ਭਗਤਾਂ ਲਈ ਰੁਕਣ, ਲੰਗਰ ਅਤੇ ਮੈਡੀਕਲ ਆਦਿ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। 

ਸ਼੍ਰੀ ਮਣੀਮਹੇਸ਼ ਯਾਤਰਾ ਲਈ ਜਲੰਧਰ ਹੁੰਦੇ ਹੋਏ ਪਠਾਨਕੋਟ 115 ਕਿਲੋਮੀਟਰ, ਪਠਾਨਕੋਟ ਤੋਂ ਚੰਬਾ 120 ਕਿਲੋਮੀਟਰ, ਚੰਬਾ ਤੋਂ ਭਰਮੌਰ 60 ਕਿਲੋਮੀਟਰ, ਭਰਮੌਰ ਤੋਂ ਹਡਸਰ 13 ਕਿਲੋਮੀਟਰ, ਹਡਸਰ ਤੋਂ ਧਨਛੋਹ 6 ਕਿਲੋਮੀਟਰ, ਧਨਛੋਹ ਤੋਂ ਗੌਰੀ ਕੁੰਡ 6 ਕਿਲੋਮੀਟਰ, ਗੌਰੀ ਕੁੰਡ ਤੋਂ ਮਣੀਮਹੇਸ਼ ਝੀਲ 1 ਕਿਲੋਮੀਟਰ ਦਾ ਰਸਤਾ ਹੈ।