''ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ'' ਨਤਮਸਤਕ ਹੋਏ ਮੰਗਲ ਢਿੱਲੋਂ

12/15/2018 2:19:48 PM

ਮਾਛੀਵਾੜਾ ਸਾਹਿਬ (ਟੱਕਰ) : ਫਿਲਮੀ ਅਦਾਕਾਰ ਤੇ ਸਿੱਖ ਧਰਮ ਨਾਲ ਸਬੰਧਿਤ ਇਤਿਹਾਸਕ ਤੇ ਧਾਰਮਿਕ ਫਿਲਮ ਨਿਰਮਾਤਾ ਮੰਗਲ ਢਿੱਲੋਂ ਸ਼ਨੀਵਾਰ ਨੂੰ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਮੰਗਲ ਢਿੱਲੋਂ ਨੇ ਪੱਤਰਕਾਰਾਂ ਨਾਲ ਖੁੱਲ੍ਹ ਕੇ ਵਿਚਾਰਾਂ ਕਰਦੇ ਕਿਹਾ ਕਿ ਉਸ ਨਾਲ ਪਿਛਲੇ ਸਮਿਆਂ ਦੌਰਾਨ ਕਾਫ਼ੀ ਕੌਤਕ ਵਾਪਰੇ ਅਤੇ ਜਦੋਂ ਵੀ ਕੋਈ ਵੀ ਸਿੱਖ ਧਰਮ ਨਾਲ ਸਬੰਧਿਤ ਧਾਰਮਿਕ ਤੇ ਇਤਿਹਾਸਕ ਫਿਲਮਾਂ ਬਣਾਉਣ ਸਮੇਂ ਕੋਈ ਮੁਸ਼ਕਿਲਾਂ ਆਈਆਂ ਤਾਂ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਰਾਹ ਦਿਖਾਏ ਅਤੇ ਉਸ ਵੇਲੇ ਇਸ ਤਰ੍ਹਾਂ ਮਹਿਸੂਸ ਹੁੰਦਾ ਸੀ ਕਿ ਉਹ ਮੇਰੇ ਅੰਗ ਸੰਗ ਰਹਿ ਕੇ ਮੈਨੂੰ ਮਾਰਗ ਦਿਖਾ ਰਹੇ ਹਨ।

ਅਦਾਕਾਰ ਮੰਗਲ ਢਿੱਲੋਂ ਨੇ ਕਿਹਾ ਕਿ ਉਹ ਆਪਣੇ ਜੀਵਨ ਵਿਚ ਪ੍ਰਮਾਤਮਾ ਵਲੋਂ ਦਿਖਾਏ ਕੌਤਕ ਸਬੰਧੀ 'ਰੱਬ ਨਾਲ ਹੁੰਦੀਆਂ ਨੇ ਮੇਰੀਆਂ ਗੱਲਾਂ' ਦੀ ਇੱਕ ਡਾਕੂਮੈਂਟਰੀ ਫਿਲਮ ਵੀ ਬਣਾ ਰਿਹਾ ਹੈ, ਜੋ ਕਿ ਤਿੰਨ ਭਾਸ਼ਾਵਾਂ ਅੰਗਰੇਜ਼ੀ, ਪੰਜਾਬੀ ਤੇ ਹਿੰਦੀ ਵਿਚ ਬਣੇਗੀ ਜਿਸ ਵਿਚ ਉਹ ਸੰਗਤ ਨੂੰ ਦੱਸੇਗਾ ਕਿ ਗੁਰੂਆਂ ਦੀ ਬਾਣੀ ਹਰੇਕ ਮਨੁੱਖ ਨੂੰ ਸੇਧ ਦਿੰਦੀ ਹੈ। ਉਨ੍ਹਾਂ ਦੱਸਿਆ ਕਿ ਸਿੱਖ ਧਰਮ ਨਾਲ ਸਬੰਧਿਤ ਉਨ੍ਹਾਂ ਵਲੋਂ ਹੁਣ ਤੱਕ ਕਰੀਬ 8 ਫਿਲਮਾਂ ਬਣਾਈਆਂ ਜਾ ਚੁੱਕੀਆਂ ਹਨ ਅਤੇ ਪਹਿਲੀ ਫਿਲਮ ਉਨ੍ਹਾਂ ਨੇ ਖਾਲਸਾ ਬਣਾਈ ਸੀ। ਉਨ੍ਹਾਂ ਕਿਹਾ ਕਿ ਉਹ ਮੁੰਬਈ ਵਿਚ ਰਹਿ ਕੇ ਫਿਲਮਾਂ ਵਿਚ ਕੰਮ ਕਰਕੇ ਚੰਗੇ ਪੈਸੇ ਕਮਾ ਸਕਦੇ ਹਨ, ਐਸ਼ ਦੀ ਜ਼ਿੰਦਗੀ ਬਤੀਤ ਕਰ ਸਕਦੇ ਹਨ ਪਰ ਗੁਰੂ ਸਾਹਿਬ ਦੀ ਮਿਹਰ ਸਦਕਾ ਉਨ੍ਹਾਂ ਦਾ ਮੁੱਖ ਉਦੇਸ਼ ਸਿੱਖ ਧਰਮ ਨਾਲ ਸਬੰਧਿਤ ਫਿਲਮਾਂ ਬਣਾ ਕੌਮ ਦਾ ਪ੍ਰਚਾਰ ਕਰਨਾ ਹੈ ਕਿਉਂਕਿ ਐਨੀਆਂ ਸ਼ਹਾਦਤਾਂ ਤੇ ਕੁਰਬਾਨੀਆਂ ਕਿਸੇ ਕੌਮ ਵਿਚ ਨਹੀਂ ਹੋਈਆਂ।

ਸਿੱਖ ਕੌਮ ਨਾਲ ਸਬੰਧਿਤ ਸਿਆਸੀ ਆਗੂਆਂ ਤੇ ਸ਼੍ਰੋਮਣੀ ਕਮੇਟੀ ਵਲੋਂ ਦਿਖਾਏ ਨਾਂਪੱਖੀ ਰਵੱਈਏ ਤੋਂ ਨਰਾਸ਼ ਮੰਗਲ ਢਿੱਲੋਂ ਨੇ ਕਿਹਾ ਕਿ ਉਹ ਤਾਂ ਸਿੱਖ ਧਰਮ ਤੇ ਗੁਰਬਾਣੀ ਨਾਲ ਸਬੰਧਿਤ ਫਿਲਮਾਂ ਬਣਾ ਕੇ ਪ੍ਰਚਾਰ ਕਰਨਾ ਚਾਹੁੰਦੇ ਹਨ ਪਰ ਨਾ ਲੀਡਰ ਅਤੇ ਨਾ ਹੀ ਸ਼੍ਰੋਮਣੀ ਕਮੇਟੀ ਨੇ ਫਿਲਮਾਂ ਰਾਹੀਂ ਧਰਮ ਦੇ ਪ੍ਰਚਾਰ ਲਈ ਗੰਭੀਰਤਾ ਦਿਖਾਈ ਪਰ ਫਿਰ ਵੀ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਦ੍ਰਿੜ ਤੇ ਆਡੋਲ ਰੱਖਿਆ ਅਤੇ ਆਪਣੀ ਜਮੀਨ ਤੇ ਕਦੇ ਫਲੈਟ ਵੇਚ ਕੇ ਧਾਰਮਿਕ ਫਿਲਮਾਂ ਬਣਾ ਰਹੇ ਹਨ ਅਤੇ ਜੇ ਕਦੇ ਥੋੜਾ ਮੁਨਾਫ਼ਾ ਹੋ ਜਾਂਦਾ ਹੈ ਤਾਂ ਉਹ ਅਗਲੀ ਧਾਰਮਿਕ ਫਿਲਮ ਦੀ ਤਿਆਰੀ ਸ਼ੁਰੂ ਕਰ ਦਿੰਦੇ ਹਨ।

Babita

This news is Content Editor Babita