ਮਣਾਪੁਰਮ ਗੋਲਡ ਡਕੈਤੀ ਕਾਂਡ ਦੇ ਦੋਸ਼ੀ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਏਗੀ ਪੁਲਸ

02/12/2018 4:53:57 AM

ਜਲੰਧਰ, (ਮਹੇਸ਼)- ਛਪਰਾ (ਬਿਹਾਰ) ਪੁਲਸ ਵਲੋਂ ਗ੍ਰਿਫਤਾਰ ਕੀਤੇ ਗਏ ਮਣਾਪੁਰਮ ਗੋਲਡ ਡਕੈਤੀ ਕਾਂਡ (ਰਾਮਾ ਮੰਡੀ) ਵਿਚ ਨਾਮਜ਼ਦ ਦੋਸ਼ੀ ਰਾਜੂ ਪਟੇਲ ਪੁੱਤਰ ਲਲਨ ਪਟੇਲ ਨਿਵਾਸੀ ਕਛੂਰਾਮਪੁਰ ਥਾਣਾ ਦੁਬਹੜ ਜ਼ਿਲਾ ਬਲੀਆ (ਯੂ. ਪੀ.) ਨੂੰ ਪ੍ਰੋਡਕਸ਼ਨ ਵਾਰੰਟ 'ਤੇ ਥਾਣਾ ਰਾਮਾ ਮੰਡੀ ਦੀ ਪੁਲਸ ਜਲੰਧਰ ਲਿਆਵੇਗੀ ਤਾਂ ਕਿ ਉਕਤ ਕਾਂਡ ਨੂੰ ਲੈ ਕੇ ਜਲੰਧਰ ਦੀ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ। ਇਹ ਜਾਣਕਾਰੀ ਥਾਣਾ ਰਾਮਾ ਮੰਡੀ ਦੇ ਮੁਖੀ ਇੰਸਪੈਕਟਰ ਰਾਜੇਸ਼ ਠਾਕੁਰ ਨੇ ਦਿੱਤੀ ਹੈ ਜੋ ਕਿ ਇਸ ਡਕੈਤੀ ਕਾਂਡ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਸਰਗਰਮੀ ਨਾਲ ਕੰਮ ਕਰ ਰਹੇ ਹਨ ਅਤੇ ਯੂ. ਪੀ., ਬਿਹਾਰ ਵਿਚ ਕਈ ਥਾਵਾਂ 'ਤੇ ਉਨ੍ਹਾਂ ਵਲੋਂ ਰੇਡ ਵੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ ਛਪਰਾ (ਬਿਹਾਰ) ਪੁਲਸ ਦੇ ਐੱਸ. ਆਈ. ਜਵਾਲਾ ਸਿੰਘ ਵਲੋਂ ਕਾਬੂ ਕੀਤੇ ਗਏ ਰਾਜੂ ਪਟੇਲ 'ਤੇ ਹੱਤਿਆ ਦੇ ਕਈ ਮਾਮਲੇ ਦਰਜ ਹਨ। ਰਾਜੂ ਪਟੇਲ ਛਤੀਸਗੜ੍ਹ ਵਿਚ 50 ਕਰੋੜ ਦੀ ਲੁੱਟ, ਰਾਜਸਥਾਨ ਤੇ ਓਡਿਸ਼ਾ ਵਿਚ ਗੋਲਡ ਦੀ ਲੁੱਟ ਦੇ ਇਲਾਵਾ ਹੋਰ ਵੀ ਕਈ ਵੱਡੇ ਅਪਰਾਧਿਕ ਮਾਮਲਿਆਂ ਵਿਚ ਨਾਮਜ਼ਦ ਹੈ। ਇੰਸਪੈਕਟਰ ਰਾਜੇਸ਼ ਠਾਕੁਰ ਨੇ ਦੱਸਿਆ ਕਿ ਰਾਜੂ ਪਟੇਲ ਦੇ ਇਕ ਹੋਰ ਸਾਥੀ ਵਰੁਣ ਉਰਫ ਰਾਜਨ ਨਿਵਾਸੀ ਬਲੀਆ ਯੂ. ਪੀ. ਦੀ ਵੀ ਗ੍ਰਿਫਤਾਰੀ ਹੋਣੀ ਬਾਕੀ ਹੈ। ਇਸ ਦੀ ਭਾਲ ਵਿਚ ਵੀ ਇਕ ਪੁਲਸ ਪਾਰਟੀ ਯੂ. ਪੀ. ਲਈ ਰਵਾਨਾ ਹੋਵੇਗੀ। ਉਨ੍ਹਾਂ ਨੇ ਦਸਿਆ ਕਿ ਰਾਮਾ ਮੰਡੀ ਮਣਾਪੁਰਮ ਗੋਲਡ ਡਕੈਤੀ ਕਾਂਡ ਨੂੰ ਲੈ ਕੇ ਥਾਣਾ ਰਾਮਾ ਮੰਡੀ ਵਿਚ 29 ਅਗਸਤ 2017 ਵਿਚ ਮੁਕੱਦਮਾ ਨੰਬਰ 200 ਦਰਜ ਕੀਤਾ ਗਿਆ ਸੀ। ਪੁਲਸ ਅਨੁਸਾਰ ਗੋਲਡ ਡਕੈਤੀ ਕਾਂਡ ਦਾ ਹੁਣ ਸਿਰਫ ਇਕ ਦੋਸ਼ੀ ਅਰੁਣ (ਰਾਜਨ) ਹੀ ਫੜਨਾ ਬਾਕੀ ਰਹਿ ਗਿਆ ਹੈ। ਵਰਣਨਯੋਗ ਹੈ ਕਿ 10 ਕਿਲੋ ਗੋਲਡ ਦੀ ਹੋਈ ਡਕੈਤੀ ਵਿਚੋਂ ਪੁਲਸ ਅਜੇ ਤਕ ਸਿਰਫ 3 ਕਿਲੋ 700 ਗ੍ਰਾਮ ਗੋਲਡ ਹੀ ਬਰਾਮਦ ਕਰ ਸਕੀ ਹੈ।