ਪਤਨੀ ਤੇ ਸੱਸ ਤੋਂ ਦੁਖ਼ੀ ਵਿਅਕਤੀ ਨੇ ਲਿਆ ਫਾਹਾ, ਮਰਨ ਤੋਂ ਪਹਿਲਾਂ ਰਿਕਾਰਡ ਕੀਤੀ ਵੀਡੀਓ

10/07/2021 4:05:04 PM

ਫਗਵਾੜਾ (ਜਲੋਟਾ)- ਪਲਾਹੀ ਰੋਡ ਵਿਖੇ ਅਵਤਾਰ ਨਗਰ ’ਚ ਅੱਜ ਉਸ ਵੇਲੇ ਮਾਤਮ ਛਾ ਗਿਆ, ਜਦੋਂ ਇਕ ਵਿਅਕਤੀ ਨੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਮਰਨ ਵਾਲੇ ਦੀ ਪਛਾਣ ਮਨਪ੍ਰੀਤ ਸਿੰਘ ਪੁੱਤਰ ਚਰਨਜੀਤ ਸਿੰਘ ਹਾਲ ਵਾਸੀ ਅਵਤਾਰ ਨਗਰ ਪਲਾਹੀ ਰੋਡ ਫਗਵਾੜਾ ਵਜੋਂ ਦੱਸੀ ਜਾ ਰਹੀ ਹੈ। ਉਕਤ ਵਿਅਕਤੀ ਨੇ ਆਪਣੀ ਪਤਨੀ, ਸੱਸ ਸਮੇਤ ਸਹੁਰਾ ਪਰਿਵਾਰ ਦੇ ਇਕ ਅਣਪਛਾਤੇ ਵਿਅਕਤੀ ਤੋਂ ਦੁਖ਼ੀ ਹੋ ਕੇ ਆਪਣੇ ਘਰ ’ਚ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਇਸ ਤੋਂ ਪਹਿਲਾਂ ਉਸ ਨੇ ਮੋਬਾਇਲ ਫੋਨ ’ਤੇ ਵੀਡੀਓ ਕਲਿੱਪ ਬਣਾਇਆ ਅਤੇ ਖ਼ੁਦ ਦੱਸਿਆ ਕਿ ਉਹ ਇੰਨਾ ਵੱਡਾ ਖ਼ੌਫ਼ਨਾਕ ਕਦਮ ਕਿਉਂ ਲੈਣ ਜਾ ਰਿਹਾ ਹੈ।

ਮਾਮਲੇ ਸਬੰਧੀ ਮਨਪ੍ਰੀਤ ਸਿੰਘ ਦੇ ਪਿਤਾ ਚਰਨਜੀਤ ਸਿੰਘ ਪੁੱਤਰ ਮੋਹਣ ਸਿੰਘ ਵਾਸੀ ਅਵਤਾਰ ਨਗਰ ਪਲਾਹੀ ਰੋਡ ਫਗਵਾੜਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਹੈ ਕਿ ਉਸ ਦੇ ਲੜਕੇ ਮਨਪ੍ਰੀਤ ਸਿੰਘ ਦਾ ਵਿਆਹ ਪਰਿਮਲਜੀਤ ਕੌਰ ਦੇ ਨਾਲ ਸਨ 2015 ’ਚ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਮਨਪ੍ਰੀਤ ਦੇ ਘਰ ਇਕ ਪੁੱਤਰ, ਜਿਸ ਦਾ ਨਾਂ ਦਿਲਬਰ ਸਿੰਘ ਹੈ, ਪੈਦਾ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਮਨਪ੍ਰੀਤ ਦਾ ਪਰਿਵਾਰ ਵੱਖਰੇ ਮਕਾਨ ਦੇ ਉੱਪਰ ਰਹਿੰਦਾ ਹੈ। ਰੱਖੜੀ ਦੇ ਤਿਉਹਾਰ ਤੋਂ ਪਹਿਲਾਂ ਉਸ ਦੀ ਪਤਨੀ ਆਪਣੇ ਪਿੰਡ ਚਲੀ ਗਈ ਸੀ, ਜਿਸ 'ਤੇ ਉਹ ਚਾਰ ਦਿਨ ਪਹਿਲਾਂ ਆਪਣੇ ਮਾਮੇ ਦੇ ਲੜਕੇ ਨਾਲ ਆਪਣੀ ਪਤਨੀ ਪਿੰਡ ਭਿੱਟੇਵੱਦਡ ਲੈਣ ਚਲਾ ਗਿਆ, ਜਿੱਥੇ ਉਸ ਨੂੰ ਉਸ ਦੀ ਸੱਸ ਰਣਜੀਤ ਕੌਰ ਨੇ ਆਪਣੀ ਲੜਕੀ ਪਰਿਮਲਜੀਤ ਕੌਰ ਸਮੇਤ ਇਕ ਅਣਪਛਾਤੇ ਵਿਅਕਤੀ ਦੇ ਨਾਲ ਹੋ ਕੇ ਬਹੁਤ ਬੇਇੱਜ਼ਤ ਕੀਤਾ ਅਤੇ ਚੰਗੀਆਂ ਮਾੜੀਆਂ ਗੱਲਾਂ ਕਹਿ ਕੇ ਉਸ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਈ ਹੈ। 

ਇਹ ਵੀ ਪੜ੍ਹੋ : ਧਰੀ ਧਰਾਈ ਰਹਿ ਗਈ ਕੈਪਟਨ ਅਮਰਿੰਦਰ ਸਿੰਘ ਦੀ ਇਹ ਪਲਾਨਿੰਗ

ਉਨ੍ਹਾਂ ਕਿਹਾ ਕਿ ਉਸ ਦੀ ਸੱਸ ਅਤੇ ਪਤਨੀ ਨੇ ਉਸ ਦੇ ਲੜਕੇ ਮਨਪ੍ਰੀਤ ਨੂੰ ਆਪਣੇ ਪੁੱਤਰ ਦਿਲਬਰ ਦੇ ਨਾਲ ਵੀ ਮਿਲਣ ਨਹੀਂ ਦਿੱਤਾ, ਜਿਸ ਤੋਂ ਬਾਅਦ ਉਹ ਬਹੁਤ ਜ਼ਿਆਦਾ ਦੁਖ਼ੀ ਹੋ ਕੇ ਵਾਪਸ ਫਗਵਾੜਾ ਆ ਗਿਆ ਅਤੇ ਉਸ ਨੇ ਆ ਕੇ ਇਹ ਸਾਰੀਆਂ ਗੱਲਾਂ ਉਸ ਨੂੰ ਅਤੇ ਆਪਣੀ ਮਾਤਾ ਨੂੰ ਦੱਸਿਆ ਸੀ। ਪਰ ਉਨ੍ਹਾਂ ਨੇ ਕਦੀ ਸੁਪਨੇ ’ਚ ਵੀ ਨਹੀਂ ਸੋਚਿਆ ਸੀ ਕਿ ਉਨ੍ਹਾਂ ਦਾ ਪੁੱਤਰ ਮਨਪ੍ਰੀਤ ਦੁਖ਼ੀ ਹੋ ਕੇ ਆਪਣੇ ਘਰ ’ਚ ਹੀ ਇੰਨਾ ਵੱਡਾ ਖ਼ੌਫ਼ਨਾਕ ਕਦਮ ਚੁੱਕ ਲਵੇਗਾ। ਥਾਣਾ ਸਿਟੀ ਫਗਵਾੜਾ ਦੀ ਪੁਲਸ ਨੇ ਚਰਨਜੀਤ ਸਿੰਘ ਵੱਲੋਂ ਦਿੱਤੇ ਗਏ ਬਿਆਨ ਤੋਂ ਬਾਅਦ ਉਸ ਦੀ ਪਤਨੀ ਪਰਿਮਲਜੀਤ ਕੌਰ ਪੁੱਤਰੀ ਲੇਟ ਬਿੱਕਾ, ਉਸ ਦੀ ਸੱਸ ਰਣਜੀਤ ਕੌਰ ਪਤਨੀ ਬਿੱਕਾ ਦੋਵੇਂ ਵਾਸੀ ਪਿੰਡ ਭਿੱਟੇਵੱਡਨ ਨਜ਼ਦੀਕ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਸਮੇਤ ਸਹੁਰੇ ਘਰ ਨਾਲ ਸਬੰਧਤ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਧਾਰਾ 306, 34 ਦੇ ਤਹਿਤ ਪੁਲਸ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਲਖੀਮਪੁਰ ਘਟਨਾ ਦੇ ਵਿਰੋਧ 'ਚ 'ਨਵਜੋਤ ਸਿੱਧੂ' ਵੱਲੋਂ ਭਲਕੇ ਤੋਂ ਭੁੱਖ-ਹੜਤਾਲ 'ਤੇ ਬੈਠਣ ਦਾ ਐਲਾਨ

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਟੀਮ ਨੇ ਮੌਕੇ ਤੋਂ ਫਾਹਾ ਲੈ ਕੇ ਮਰੇ ਮਨਪ੍ਰੀਤ ਸਿੰਘ ਦੀ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ’ਚ ਭੇਜ ਦਿੱਤਾ ਹੈ। ਪੁਲਸ ਨੇ ਮਨਪ੍ਰੀਤ ਸਿੰਘ ਵੱਲੋਂ ਮਰਨ ਤੋਂ ਪਹਿਲਾ ਖੁਦ ਮੋਬਾਇਲ ਫੋਨ ’ਤੇ ਰਿਕਾਰਡ ਕੀਤਾ ਗਿਆ ਉਹ ਵੀਡੀਓ ਕਲਿੱਪ ਵੀ ਕਬਜ਼ੇ ’ਚ ਲੈ ਲਿਆ ਹੈ, ਜਿਸ ’ਚ ਉਹ ਗੰਭੀਰ ਦੋਸ਼ ਲਗਾ ਰਿਹਾ ਹੈ। ਖ਼ਬਰ ਲਿਖੇ ਜਾਣ ਤੱਕ ਮੁਲਜ਼ਮ ਪਰਿਮਲਜੀਤ ਕੌਰ ਅਤੇ ਰਣਜੀਤ ਕੌਰ ਨੂੰ ਪੁਲਸ ਵੱਲੋਂ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਨਵਰਾਤਿਆਂ 'ਚ ਮਾਂ ਚਿੰਤਪੂਰਨੀ ਸਣੇ ਹਿਮਾਚਲ ਵਿਖੇ ਧਾਰਮਿਕ ਸਥਾਨਾਂ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਖ਼ਾਸ ਖ਼ਬਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News