3 ਲੱਖ ਦੀ ਲੁੱਟ ਨੂੰ ਪੁਲਸ ਨੇ ਦੱਸਿਆ ਝੂਠ, ਪਰੇਸ਼ਾਨ ਵਿਅਕਤੀ ਨੇ ਕੀਤੀ ਖੁਦਕੁਸ਼ੀ

08/08/2019 12:36:52 PM

ਅਲਾਵਲਪੁਰ (ਬੰਗੜ, ਬੈਂਸ)— ਅਲਾਵਲਪੁਰ ਬਿਆਸ ਪਿੰਡ ਰੇਲਵੇ ਟਰੈਕ 'ਤੇ ਇਕ ਵਿਅਕਤੀ ਵੱਲੋਂ ਟਰੇਨ ਹੇਠਾਂ ਆ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦਿਹਾਤੀ ਪੁਲਸ ਨੂੰ ਪਰੇਸ਼ਾਨ ਸੀ, ਕਿਉਂਕਿ ਦਿਹਾਤੀ ਪੁਲਸ ਉਕਤ ਵਿਅਕਤੀ ਨਾਲ ਹੋਈ 3 ਲੱਖ ਦੀ ਲੁੱਟ ਨੂੰ ਝੂਠ ਦੱਸ ਰਹੀ ਸੀ। ਰੇਲਵੇ ਪੁਲਸ ਅਲਾਵਲਪੁਰ ਦੇ ਏ. ਐੱਸ. ਆਈ. ਰਾਮ ਲੁਭਾਇਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਦੀ ਪਛਾਣ ਜਰਨੈਲ ਸਿੰਘ (43) ਪੁੱਤਰ ਮੱਖਣ ਸਿੰਘ ਪਿੰਡ ਕਾਲਾ ਬਾਹੀਆਂ ਥਾਣਾ ਕਰਤਾਰਪੁਰ ਜ਼ਿਲਾ ਜਲੰਧਰ ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਜਤਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਬੀਤੇ ਦਿਨ ਅੰਮ੍ਰਿਤਸਰ ਵੱਲੋਂ ਆ ਰਿਹਾ ਸੀ। ਕਰਤਾਰਪੁਰ ਤੋਂ ਮਕਸੂਦਾਂ ਆਉਂਦੇ ਸਮੇਂ ਉਸ ਦੀ ਇਨੋਵਾ ਕਾਰ ਨੂੰ ਬਾਈਕ ਸਵਾਰ ਤਿੰਨ ਨੌਜਵਾਨਾਂ ਨੇ ਘੇਰ ਲਿਆ ਅਤੇ ਉਸ ਕੋਲੋਂ ਤਿੰਨ ਲੱਖ ਲੁੱਟ ਕੇ ਫਰਾਰ ਹੋ ਗਏ। ਜਰਨੈਲ ਸਿੰਘ ਨੇ ਪੁਲਸ ਕੰਟਰੋਲ ਰੂਮ 'ਚ ਸੂਚਨਾ ਦਿੱਤੀ। ਪਹਿਲਾਂ ਕਰਤਾਰਪੁਰ ਅਤੇ ਮਕਸੂਦਾਂ ਥਾਣੇ ਦੀ ਪੁਲਸ ਹਦਬੰਦੀ ਨੂੰ ਲੈ ਕੇ ਝਗੜਦੀ ਰਹੀ। ਫਿਰ ਥਾਣਾ ਮਕਸੂਦਾਂ ਪੁਲਸ ਨੇ ਜਾਂਚ ਸ਼ੁਰੂ ਕੀਤੀ।

ਜਤਿੰਦਰ ਦਾ ਕਹਿਣਾ ਹੈ ਕਿ ਪੁਲਸ ਲੁੱਟ ਦੀ ਘਟਨਾ ਨੂੰ ਮੰਨਣ ਤੋਂ ਇਨਕਾਰ ਕਰਦੀ ਰਹੀ। ਕਦੇ ਭਰਾ ਨੂੰ ਮੌਕੇ 'ਤੇ ਲੈ ਕੇ ਜਾਂਦੀ ਤਾਂ ਕਦੇ ਵਾਰ-ਵਾਰ ਥਾਣੇ ਬੁਲਾਉਂਦੀ। ਉਸ ਤੋਂ ਬਾਅਦ ਪੁਲਸ ਨੇ ਉਸ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਕਿ ਉਹ ਝੂਠ ਬੋਲ ਰਿਹਾ। ਥਾਣੇ ਤੋਂ ਵੀ ਉਸ ਨੂੰ ਬੀਤੀ ਦੇਰ ਰਾਤ ਘਰ ਵਾਪਸ ਭੇਜਿਆ ਗਿਆ। ਇਸ ਤੋਂ ਪਰੇਸ਼ਾਨ ਹੋ ਕੇ ਅੱਜ ਸਵੇਰੇ ਉਸ ਨੇ ਟਰੇਨ ਦੇ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮੌਕੇ 'ਤੇ ਪਹੁੰਚੀ ਜੀ. ਆਰ. ਪੀ. ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਥਾਣਾ ਮਕਸੂਦਾਂ ਦੇ ਐੱਸ. ਐੱਚ. ਓ. ਰਮਨਦੀਪ ਸਿੰਘ ਦਾ ਕਹਿਣਾ ਹੈ ਕਿ ਪੁਲਸ ਨੇ ਜਰਨੈਲ ਨੂੰ ਕੋਈ ਪਰੇਸ਼ਾਨ ਨਹੀਂ ਕੀਤਾ। 

shivani attri

This news is Content Editor shivani attri