ਡੀ. ਸੀ. ਦਫਤਰ ਦੀ ਲਿਫਟ ''ਚ ਅੱਧਾ ਘੰਟਾ ਫਸੇ ਰਹੇ 7 ਵਿਅਕਤੀ

05/03/2018 7:28:59 AM

ਮੋਹਾਲੀ (ਰਾਣਾ) - ਬੁੱਧਵਾਰ ਨੂੰ ਅਚਾਨਕ ਤੇਜ਼ ਹਵਾਵਾਂ ਕਾਰਨ ਕਈ ਥਾਵਾਂ 'ਤੇ ਬਿਜਲੀ ਦੇ ਖੰਭੇ ਡਿਗ ਗਏ, ਜਿਸ ਕਾਰਨ ਕਈ ਇਲਾਕਿਆਂ ਵਿਚ ਬਿਜਲੀ ਦੀ ਸਪਲਾਈ ਠੱਪ ਰਹੀ ਤੇ ਇਸੇ ਕਾਰਨ ਡੀ. ਸੀ. ਦਫਤਰ ਦੀ ਲਿਫਟ ਵੀ ਅਚਾਨਕ ਵਿਚਾਲੇ ਹੀ ਰੁਕ ਗਈ ਤੇ ਉਸ ਦੌਰਾਨ ਲਿਫਟ ਵਿਚ 7 ਵਿਅਕਤੀ ਸਵਾਰ ਸਨ। ਇਸ ਤੋਂ ਬਾਅਦ ਉਥੇ ਭਾਜੜ ਮਚ ਗਈ, ਜਿਸ ਤੋਂ ਬਾਅਦ ਕਰਮਚਾਰੀਆਂ ਨੂੰ ਬੁਲਾਇਆ ਗਿਆ ਤੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਅਧਿਕਾਰੀਆਂ ਨੇ ਇਸ ਸਬੰਧੀ ਜਾਂਚ ਦੇ ਹੁਕਮ ਦੇ ਦਿੱਤੇ ਹਨ।
ਜਾਣਕਾਰੀ ਅਨੁਸਾਰ ਲਿਫਟ ਵਿਚ ਜਿਹੜੇ ਲੋਕ ਫਸੇ ਸਨ, ਉਨ੍ਹਾਂ ਵਿਚੋਂ 2 ਡੀ. ਸੀ. ਦਫਤਰ ਦੇ ਕਰਮਚਾਰੀ ਸਨ। ਇਸ ਤੋਂ ਇਲਾਵਾ ਉਹ ਲੋਕ ਸਨ, ਜੋ ਡੀ. ਸੀ. ਦਫਤਰ ਵਿਚ ਆਪਣਾ ਕੰਮ ਕਰਵਾਉਣ ਆਏ ਸਨ। ਲਿਫਟ ਦੁਪਹਿਰ ਢਾਈ ਵਜੇ ਦੇ ਆਸ-ਪਾਸ ਬੰਦ ਹੋਈ, ਜਿਸ ਤੋਂ ਬਾਅਦ ਲਿਫਟ ਵਿਚ ਫਸੇ ਲੋਕਾਂ ਦੀ ਆਵਾਜ਼ ਸੁਣ ਕੇ ਹੋਰ ਕਰਮਚਾਰੀ ਉਥੇ ਇਕੱਠੇ ਹੋ ਗਏ ਤੇ ਬੜੀ ਮੁਸ਼ਕਿਲ ਨਾਲ ਲਿਫਟ ਵਿਚ ਫਸੇ ਲੋਕਾਂ ਨੂੰ ਬਾਹਰ ਕੱਢਿਆ ਗਿਆ। ਉਥੇ ਹੀ ਤੇਜ਼ ਹਨੇਰੀ ਕਾਰਨ ਡੀ. ਸੀ. ਦਫਤਰ ਦੀ ਛੱਤ ਦੀ ਸੀਲਿੰਗ ਉੱਖੜ ਗਈ, ਇਸ ਤੋਂ ਇਲਾਵਾ ਖਿੜਕੀਆਂ ਤੇ ਸ਼ੀਸ਼ੇ ਵੀ ਟੁੱਟ ਗਏ।