ਜਲੰਧਰ: ਫੋਕਲ ਪੁਆਇੰਟ ਵਿਖੇ ਵਿਅਕਤੀ ਦਾ ਬੇਰਹਿਮੀ ਨਾਲ ਕਤਲ

09/23/2019 6:18:53 PM

ਜਲੰਧਰ (ਵਰੁਣ)— ਇਥੋਂ ਦੇ ਫੋਕਲ ਪੁਆਇੰਟ 'ਚ ਇਕ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿਅਕਤੀ ਦੇ ਚਿਹਰੇ 'ਤੇ ਭਾਰੀ ਪੱਥਰਾਂ ਦੇ ਨਾਲ ਕਈ ਵਾਰ ਕੀਤੇ ਗਏ ਤਾਂਕਿ ਉਸ ਦੀ ਪਛਾਣ ਨਾ ਹੋ ਸਕੇ। ਵਿਅਕਤੀ ਦੀ ਲਾਸ਼ ਪਾਰਕ 'ਚੋਂ ਬਰਾਮਦ ਕੀਤੀ ਗਈ ਹੈ। ਮ੍ਰਿਤਕ ਦੀ ਪਛਾਣ ਰਜਿੰਦਰ ਕੁਮਾਰ (47) ਵਾਸੀ ਫੋਕਲ ਪੁਆਇੰਟ ਦੇ ਤੌਰ 'ਤੇ ਹੋਈ। ਸੋਮਵਾਰ ਸਵੇਰੇ ਜਦੋਂ ਪਾਰਕ 'ਚ ਸੈਰ ਕਰਨ ਆਏ ਲੋਕਾਂ ਨੇ ਖੂਨ ਨਾਲ ਲਥਪਥ ਲਾਸ਼ ਦੇਖੀ ਤਾਂ ਪੁਲਸ ਨੂੰ ਸੂਚਨਾ ਦਿੱਤੀ। ਦੁਪਹਿਰ ਤੱਕ ਪੁਲਸ ਇਸੇ ਉਲਝਣ 'ਚ ਫਸੀ ਰਹੀ ਕਿ ਇਹ ਹੱਤਿਆ ਹੈ ਜਾਂ ਹਾਦਸਾ। 
ਦੁਪਹਿਰ ਤੋਂ ਬਾਅਦ ਪੁਲਸ ਨੇ ਹੱਤਿਆ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਰਜਿੰਦਰ ਪਾਰਕ 'ਚ ਹੀ ਰੱਖੇ ਇਕ ਟੇਬਲ 'ਤੇ ਹੀ ਸੌਂਦਾ ਸੀ। ਰਜਿੰਦਰ ਨੂੰ ਆਖਰੀ ਵਾਰ ਐਤਵਾਰ ਦੀ ਦੁਪਹਿਰ ਪਾਰਕ 'ਚ ਹੀ ਸ਼ਰਾਬ ਪੀਂਦੇ ਦੇਖਿਆ ਗਿਆ ਸੀ। ਉਹ ਇਕੱਲਾ ਸੀ ਜਾਂ ਨਹੀਂ, ਇਸ ਬਾਰੇ ਫਿਲਹਾਲ ਕੁਝ ਨਹੀਂ ਪਤਾ ਲੱਗ ਸਕਿਆ। ਪਿਛਲੇ 1 ਸਾਲ ਤੋਂ ਉਹ ਜਲੰਧਰ 'ਚ ਹੀ ਰਹਿ ਰਿਹਾ ਸੀ ਪਰ ਉਸ ਦਾ ਕੋਈ ਰਿਸ਼ਤੇਦਾਰ ਜਲੰਧਰ 'ਚ ਨਹੀਂ ਹੈ।

ਸੋਮਵਾਰ ਦੀ ਸਵੇਰ ਜਦੋਂ ਸੈਰ ਕਰਨ ਆਏ ਲੋਕਾਂ ਨੇ ਰਜਿੰਦਰ ਦੀ ਲਾਸ਼ ਦੇਖੀ ਤਾਂ ਪੁਲਸ ਨੂੰ ਸੂਚਨਾ ਦਿੱਤੀ। ਕੁਝ ਹੀ ਸਮੇਂ ਬਾਅਦ ਏ. ਸੀ. ਪੀ. ਨਾਰਥ, ਥਾਣਾ-8 ਦੇ ਮੁਖੀ ਰੁਪਿੰਦਰ ਸਿੰਘ ਅਤੇ ਚੌਕੀ ਫੋਕਲ ਪੁਆਇੰਟ ਦੇ ਇੰਚਾਰਜ ਸਰਬਜੀਤ ਸਿੰਘ ਮੌਕੇ 'ਤੇ ਪਹੁੰਚ ਗਏ। ਰਜਿੰਦਰ ਦਾ ਮੂੰਹ ਪੱਥਰਾਂ 'ਚ ਫਸਿਆ ਹੋਇਆ ਸੀ। ਪੱਥਰ ਹਟਾ ਕੇ ਦੇਖਿਆ ਤਾਂ ਮੂੰਹ ਬੁਰੀ ਤਰ੍ਹਾਂ ਜ਼ਖਮੀ ਕੀਤਾ ਸੀ। ਉਸ ਦਾ ਜਬਾੜਾ ਤੱਕ ਟੁੱਟ ਚੁੱਕਾ ਸੀ। ਪੁਲਸ ਨੇ ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਹੈ।

ਹੈਰਾਨੀ ਦੀ ਗੱਲ ਹੈ ਕਿ ਪੁਲਸ ਹੱਤਿਆ ਨੂੰ ਲੈ ਕੇ ਕਾਫੀ ਦੇਰ ਤੱਕ ਉਲਝੀ ਰਹੀ। ਪਹਿਲਾਂ ਇਸ ਨੂੰ ਇਕ ਹਾਦਸਾ ਮੰਨਿਆ ਗਿਆ ਪਰ ਬਾਅਦ ਦੁਪਹਿਰ ਪੁਲਸ ਨੇ ਅਣਪਛਾਤੇ ਵਿਅਕਤੀ ਖਿਲਾਫ ਹੱਤਿਆ ਕੇਸ ਦਰਜ ਕਰ ਲਿਆ। ਰਜਿੰਦਰ ਦੇ ਮੂੰਹ, ਸਿਰ ਅਤੇ ਗਲੇ 'ਤੇ ਗੰਭੀਰ ਸੱਟਾਂ ਦੇ ਨਿਸ਼ਾਨ ਹਨ। ਉਸ ਦੇ ਮੂੰਹ 'ਤੇ ਕਰੀਬ 7 ਵਾਰ ਪੱਥਰਾਂ ਨਾਲ ਵਾਰ ਕੀਤੇ ਗਏ। ਇੰਸ. ਰੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਖਵਾ ਦਿੱਤਾ ਹੈ। ਜਲਦ ਹੀ ਮਾਮਲਾ ਟਰੇਸ ਕਰ ਲਿਆ ਜਾਵੇਗਾ। ਪੁਲਸ ਘਟਨਾ ਸਥਾਨ ਦੇ ਆਸ-ਪਾਸ ਦੇ ਸੀ. ਸੀ. ਟੀ. ਵੀ. ਕੈਮਰੇ ਖੰਗਾਲ ਰਹੀ ਹੈ।

ਟੇਬਲ ਕੋਲ ਮਿਲੀਆਂ ਚੱਪਲਾਂ, ਹੱਤਿਆ ਤੋਂ ਪਹਿਲਾਂ ਹੋਈ ਕੁੱਟਮਾਰ
ਜਿਸ ਜਗ੍ਹਾ ਰਜਿੰਦਰ ਦੀ ਲਾਸ਼ ਮਿਲੀ ਉਸ ਦੇ ਨੇੜੇ ਹੀ ਟੇਬਲ ਸੀ, ਜਿਸ 'ਤੇ ਉਹ ਰਾਤ ਨੂੰ ਸੌਂਦਾ ਸੀ। ਉਸੇ ਟੇਬਲ 'ਤੇ ਹੀ ਉਸ ਨੇ ਆਪਣੇ ਕਿਸੇ ਜਾਣਕਾਰ ਨਾਲ ਸ਼ਰਾਬ ਪੀਤੀ ਅਤੇ ਇਸੇ ਦੌਰਾਨ ਦੋਵਾਂ 'ਚ ਵਿਵਾਦ ਹੋਇਆ। ਰਜਿੰਦਰ ਦੇ ਨਾਲ ਕੁੱਟਮਾਰ ਕਰਦੇ ਹੋਏ ਉਸੇ ਟੇਬਲ ਤੋਂ ਕੁਝ ਦੂਰੀ 'ਤੇ ਲਿਆ ਕਿ ਮੂੰਹ ਅਤੇ ਸਿਰ 'ਤੇ ਪੱਥਰਾਂ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਰਜਿੰਦਰ ਦੀ ਛਾਤੀ 'ਤੇ ਵੀ ਭਾਰੀ ਪੱਥਰ ਮਾਰਿਆ ਗਿਆ। ਉਸ ਦੀ ਕਮੀਜ਼ ਦੇ ਬਟਨ ਵੀ ਟੁੱਟੇ ਹੋਏ ਸੀ, ਜਦਕਿ ਚੱਪਲਾਂ ਟੇਬਲ ਨੇੜੇ ਪਈਆਂ ਹੋਈਆਂ ਸਨ। ਲਾਸ਼ ਨੇੜੇ ਸ਼ਰਾਬ ਦੀਆਂ ਖਾਲੀ ਬੋਤਲਾਂ ਵੀ ਮਿਲੀਆਂ ਹਨ।

ਸੀ. ਆਈ. ਏ. ਤੱਕ ਨੂੰ ਨਹੀਂ ਦਿੱਤੀ ਜਾਣਕਾਰੀ
ਹੈਰਾਨੀ ਦੀ ਗੱਲ ਹੈ ਕਿ ਥਾਣਾ-8 ਦੀ ਪੁਲਸ ਵੱਲੋਂ ਇਸ ਬਲਾਈਂਡ ਮਰਡਰ ਕੇਸ ਸਬੰਧੀ ਸੀ. ਆਈ. ਏ. ਸਟਾਫ ਤੱਕ ਨੂੰ ਜਾਣਕਾਰੀ ਨਹੀਂ ਦਿੱਤੀ ਗਈ। ਸ਼ਹਿਰ 'ਚ ਕੋਈ ਵੀ ਵੱਡੀ ਵਾਰਦਾਤ ਹੋਵੇ ਤਾਂ ਉਸੇ ਸਮੇਂ ਸੀ. ਆਈ. ਏ. ਸਟਾਫ ਨੂੰ ਬੁਲਾਇਆ ਜਾਂਦਾ ਪਰ ਦੁਪਹਿਰ 4 ਵਜੇ ਤਕ ਸੀ. ਆਈ. ਏ. ਸਟਾਫ ਨੂੰ ਹੱਤਿਆ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਸੀ. ਆਈ. ਏ. ਸਟਾਫ ਇਸ ਲਾਪ੍ਰਵਾਹੀ ਕਾਰਨ ਕ੍ਰਾਈਮ ਸੀਨ ਤੱਕ ਨਹੀਂ ਦੇਖ ਸਕਿਆ।

shivani attri

This news is Content Editor shivani attri