ਹੁਸ਼ਿਆਰਪੁਰ: ਪਿੰਡ ਪੰਡੋਰੀ ਬੀਬੀ ''ਚ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ

05/22/2018 12:51:20 PM

ਹੁਸ਼ਿਆਰਪੁਰ (ਅਮਰਿੰਦਰ)— ਇਥੋਂ ਦੇ ਥਾਣਾ ਮੇਹਟਿਆਣਾ ਅਧੀਨ ਆਉਂਦੇ ਪਿੰਡ ਪੰਡੋਰੀ ਬੀਬੀ 'ਚ ਸੋਮਵਾਰ ਦੇਰ ਰਾਤ ਕਿਸੇ ਅਣਪਛਾਤੇ ਹੱਤਿਆਰਿਆਂ ਨੇ ਪਿੰਡ ਦੇ 60 ਸਾਲਾ ਬਜ਼ੁਰਗ ਪ੍ਰੀਤਮ ਸਿੰਘ ਪੁੱਤਰ ਚੈਨ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਘਟਨਾ ਦਾ ਪਤਾ ਮੰਗਲਵਾਰ ਸਵੇਰੇ ਉਸ ਸਮੇਂ ਲੱਗਾ ਜਦੋਂ ਰਿਸ਼ਤੇਦਾਰ ਪ੍ਰੀਤਮ ਸਿੰਘ ਨੂੰ ਚਾਹ ਦੇਣ ਲਈ ਹਵੇਲੀ ਪਹੁੰਚਿਆ। ਇਸ ਤੋਂ ਬਾਅਦ ਘਟਨਾ ਸਬੰਧੀ ਪੁਲਸ ਨੂੰ ਸੂਚਨਾ ਦਿੱਤੀ ਗਈ। ਮੇਹਟਿਆਣਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ  ਭੇਜ ਦਿੱਤਾ ਹੈ। 


ਮੇਹਟਿਆਣਾ ਪੁਲਸ ਨੂੰ ਦਿੱਤੇ ਬਿਆਨ 'ਚ ਮ੍ਰਿਤਕ ਪ੍ਰੀਤਮ ਸਿੰਘ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਪ੍ਰੀਤਮ ਸਿੰਘ ਦੇ ਹੱਥ 'ਚ ਪਾਈ ਸੋਨੇ ਦੀ ਅੰਗੂਠੀ ਦੇ ਨਾਲ ਉਸ ਦਾ ਪਰਸ ਵੀ ਗਾਇਬ ਹੈ। ਇਹ ਹੀ ਨਹੀਂ ਕਮਰੇ 'ਚ ਬਿਖਰੇ ਪਏ ਸਾਮਾਨ ਨੂੰ ਦੇਖ ਕੇ ਲੱਗਦਾ ਹੈ ਕਿ ਹੱਤਿਆਰਿਆਂ ਨੇ ਲੁੱਟਖੋਹ ਕਰਨ ਦੇ ਬਾਅਦ ਪ੍ਰੀਤਮ ਦੇ ਵਿਰੋਧ ਕਰਨ 'ਤੇ ਉਸ ਦੀ ਹੱਤਿਆ ਕੀਤੀ ਦਿੱਤੀ। ਪੁਲਸ ਨੇ ਦੱਸਿਆ ਕਿ ਕਤਲ ਸਬੰਧੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।