ਥਾਣੇ ’ਚ ਬੰਦ ਵਿਅਕਤੀ ਨੇ ਰਿਹਾਈ ਲਈ ਮਾਰੀਆਂ ਕੰਧ ’ਚ ਟੱਕਰਾਂ

07/11/2018 8:14:05 AM

ਧਨੌਲਾ (ਰਵਿੰਦਰ) – ਬੀਤੀ ਰਾਤ ਸ਼ਰਾਬ ਦੇ ਨਸ਼ੇ ’ਚ ਸਾਗਰ ਸਿੰਘ ਪੁੱਤਰ ਚਰਨਾ ਰਾਮ ਵਾਸੀ ਮਾਨਾ ਪਿੰਡੀ ਦਾ ਆਪਣੀ ਪਤਨੀ ਨਾਲ ਝਗਡ਼ਾ ਹੋ ਗਿਆ ਅਤੇ ਉਸ ਨੇ ਆਪਣੀ ਪਤਨੀ ਦੀ ਕੁੱਟ-ਮਾਰ ਕਰ ਦਿੱਤੀ, ਜਿਸ ਕਾਰਨ ਉਸ ਦੇ ਪਿਤਾ ਅਤੇ ਪਤਨੀ ਨੇ ਥਾਣੇ ਸ਼ਿਕਾਇਤ ਕਰ ਕੇ ਉਸ ਨੂੰ ਗ੍ਰਿਫਤਾਰ ਕਰਵਾ ਦਿੱਤਾ। ਸਵੇਰ ਹੁੰਦਿਆਂ ਉਸ ਨੇ ਮੁੱਖ ਮੁਨਸ਼ੀ ਕਰਮਜੀਤ ਸਿੰਘ ਨੂੰ ਕਿਹਾ ਕਿ ਉਸ ਦੀ ਪਤਨੀ ਨੂੰ ਹੁਣੇ ਬੁਲਾ ਕੇ ਸਮਝੋਤਾ ਕਰਵਾ ਕੇ ਉਸ ਨੂੰ ਛੱਡਿਆ ਜਾਵੇ ਨਹੀਂ ਤਾਂ ਉਹ ਕੰਧਾਂ ਵਿਚ ਟੱਕਰਾਂ ਮਾਰ ਕੇ ਜਾਨ ਦੇ ਦੇਵੇਗਾ। ਹੋਇਆ ਵੀ ਇਸੇ ਤਰ੍ਹਾਂ ਮੁਨਸ਼ੀ ਨੇ ਗੱਲ ਅਣਗੌਲੀ ਕਰ ਦਿੱਤੀ ਤਾਂ ਉਕਤ ਵਿਅਕਤੀ ਨੇ ਕੰਧਾਂ ਨਾਲ ਟੱਕਰਾਂ ਮਾਰ ਕੇ ਆਪਣੇ ਆਪ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਲਿਆ, ਜਿਸ ਨੂੰ ਮੁਨਸ਼ੀ ਹਸਪਤਾਲ ਦਾਖਲ ਕਰਵਾ ਕੇ ਮੁਡ਼ਣ ਲੱਗਾ ਤਾਂ ਉਸ ਨੇ ਫਿਰ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਪਏ ਆਕਸੀਜਨ ਸਿਲੰਡਰ ਨਾਲ ਫਿਰ ਟੱਕਰ ਮਾਰਨੀ ਚਾਹੀ। ਡਿਊਟੀ ’ਤੇ ਹਾਜ਼ਰ ਡਾਕਟਰਾਂ ਨੇ ਉਸ ਨੂੰ ਰੈਫਰ ਕਰ ਦਿੱਤਾ।