ਸਮਰਾਲਾ ਥਾਣੇ ''ਚ ਗੋਲੀ ਚੱਲਣ ਕਾਰਨ ਹਵਾਲਾਤੀ ਦੀ ਮੌਤ, ਮਚੀ ਤੜਥੱਲੀ

08/06/2019 1:26:00 PM

ਸਮਰਾਲਾ (ਸੰਜੇ ਗਰਗ) : ਥਾਣਾ ਸਮਰਾਲਾ 'ਚ ਮੰਗਲਵਾਰ ਨੂੰ ਵਾਪਰੀ ਇੱਕ ਵੱਡੀ ਘਟਨਾ ਦੌਰਾਨ ਥਾਣੇਦਾਰ ਦੀ ਸਰਕਾਰੀ ਰਿਵਾਲਵਰ 'ਚੋਂ ਚੱਲੀ ਗੋਲੀ ਨਾਲ ਇਕ ਹਵਾਲਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਿਸ ਕਾਰਨ ਸਮਰਾਲਾ 'ਚ ਤੜਥੱਲੀ ਮਚੀ ਹੋਈ ਹੈ। ਇਸ ਘਟਨਾ ਤੋਂ ਬਾਅਦ ਕਈ ਉੱਚ ਪੁਲਸ ਅਧਿਕਾਰੀ ਮੌਕੇ 'ਤੇ ਪੁੱਜ ਕੇ ਜਾਂਚ ਵਿੱਚ ਜੁੱਟੇ ਹੋਏ ਹਨ ਅਤੇ ਮ੍ਰਿਤਕ ਹਵਾਲਾਤੀ ਦੀ ਲਾਸ਼ ਨੂੰ ਅਜੇ ਥਾਣੇ ਅੰਦਰ ਹੀ ਰੱਖਿਆ ਹੋਇਆ ਹੈ। ਜਾਣਕਾਰੀ ਅਨੁਸਾਰ ਪੇਸ਼ੇ ਵਜੋਂ ਡਾਕਟਰ ਨਿਰਦੀਪ ਸਿੰਘ (45) ਵਾਸੀ ਪਿੰਡ ਮੰਜਾਲੀ ਕਲਾਂ ਜੋ ਕਿ ਪਿੰਡ ਵਿੱਚ ਹੀ ਡਾਕਟਰੀ ਦੀ ਦੁਕਾਨ ਕਰਦਾ ਹੈ, ਨੂੰ ਬੀਤੇ ਦਿਨ ਸਮਰਾਲਾ ਪੁਲਸ ਨੇ ਕੁਝ ਨਸ਼ੀਲੀਆਂ ਦਵਾਈਆਂ ਸਮੇਤ ਗ੍ਰਿਫਤਾਰ ਕੀਤਾ ਸੀ।

ਮੰਗਲਵਾਰ ਦਿਨੇ ਕਰੀਬ ਸਾਢੇ 11 ਵਜੇ ਥਾਣੇ ਦੇ ਅੰਦਰ ਹੀ ਨਿਰਦੀਪ ਸਿੰਘ ਦੀ ਕਨਪਟੀ 'ਤੇ ਗੋਲੀ ਲੱਗਣ ਨਾਲ ਉਹ ਮੌਕੇ 'ਤੇ ਹੀ ਹਲਾਕ ਹੋ ਗਿਆ। ਇਸ ਘਟਨਾ ਦੇ ਵਾਪਰਨ ਮਗਰੋਂ ਪਹਿਲਾਂ ਤਾਂ ਥਾਣੇ ਦੇ ਪੁਲਸ ਅਧਿਕਾਰੀਆਂ ਵੱਲੋਂ ਮੀਡੀਆ ਨੂੰ ਕਿਸੇ ਤਰਾਂ ਦੀ ਵੀ ਘਟਨਾ ਵਾਪਰੇ ਜਾਣ ਤੋਂ ਇਨਕਾਰ ਕੀਤਾ ਜਾਂਦਾ ਰਿਹਾ, ਪਰ ਥੋੜ੍ਹੀ ਦੇਰ ਵਿੱਚ ਹੀ ਥਾਣੇ ਪੁੱਜੇ ਉੱਚ ਪੁਲਸ ਅਧਿਕਾਰੀਆਂ ਨੇ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਇਕ ਹਵਾਲਾਤੀ ਦੀ ਤਫਤੀਸ਼ੀ ਅਫ਼ਸਰ ਏ. ਐਸ. ਆਈ. ਰਜਿੰਦਰ ਸਿੰਘ ਦੀ ਸਰਕਾਰੀ ਰਿਵਾਲਵਰ ਦੀ ਗੋਲੀ ਲੱਗਣ ਨਾਲ ਮੌਤ ਹੋ ਜਾਣ ਦੀ ਪੁਸ਼ਟੀ ਕੀਤੀ।
ਐਸ. ਪੀ. ਡੀ. ਜਸਵੀਰ ਸਿੰਘ ਨੇ ਫਿਲਹਾਲ ਇਸ ਨੂੰ ਖੁਦਕਸ਼ੀ ਦਾ ਮਾਮਲਾ ਦੱਸਦੇ ਹੋਏ ਇੰਨਾਂ ਹੀ ਕਿਹਾ ਕਿ ਹਵਾਲਾਤੀ ਨਿਰਦੀਪ ਸਿੰਘ ਤੋਂ ਤਫਤੀਸ਼ੀ ਅਫ਼ਸਰ ਆਪਣੇ ਕਮਰੇ 'ਚ ਪੁੱਛਗਿੱਛ ਕਰ ਰਿਹਾ ਸੀ ਅਤੇ ਅਚਾਨਕ ਕਿਸੇ ਕੰਮ ਲਈ ਤਫਤੀਸ਼ੀ ਅਫ਼ਸਰ ਦੇ ਆਪਣੇ ਕਮਰੇ ਵਿੱਚੋਂ ਬਾਹਰ ਚਲੇ ਜਾਣ ਮਗਰੋਂ ਹਵਾਲਾਤੀ ਨਿਰਦੀਪ ਸਿੰਘ ਨੇ ਥਾਣੇਦਾਰ ਦੇ ਦਰਾਜ਼ ਵਿੱਚ ਪਈ ਉਸ ਦੀ ਸਰਕਾਰੀ ਰਿਵਾਲਵਰ ਕੱਢ ਕੇ ਖੁੱਦ ਨੂੰ ਕਨਪਟੀ 'ਤੇ ਗੋਲੀ ਮਾਰ ਕੇ ਖੁੱਦਕਸ਼ੀ ਕਰ ਲਈ ਹੈ। ਇਸ ਘਟਨਾ ਮਗਰੋਂ ਮਾਮਲੇ ਦੀ ਜਾਂਚ ਲਈ ਜੁਡੀਸ਼ੀਅਲ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਅਤੇ ਪੜਤਾਲ ਲਈ ਐਫ. ਐਸ. ਐਲ. ਦੀ ਟੀਮ ਵੀਖ ਮੌਕੇ 'ਤੇ ਪਹੁੰਚ ਗਈ ਹੈ।

Babita

This news is Content Editor Babita