ਅਮਰੀਕਾ ਤੋਂ ਕੈਨੇਡਾ ਜਾਂਦੇ ਸਮੇਂ ਪੰਜਾਬੀ ਟਰਾਲਾ ਚਾਲਕ ਦੀ ਮੌਤ

10/19/2019 5:02:22 PM

ਮਾਛੀਵਾੜਾ ਸਾਹਿਬ (ਟੱਕਰ)—  ਮਾਛੀਵਾੜਾ ਨੇੜਲੇ ਪਿੰਡ ਲੁਬਾਣਗੜ੍ਹ ਦਾ ਵਾਸੀ ਨੌਜਵਾਨ ਹਰਜੀਤ ਸਿੰਘ (42) ਦੀ ਕੈਨੇਡਾ 'ਚ ਟਰਾਲਾ ਚਲਾਉਂਦੇ ਹੋਏ ਅਮਰੀਕਾ ਜਾ ਕੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਮੌਤ ਦੀ ਖਬਰ ਮਿਲਣ ਤੋਂ ਬਾਅਦ ਪਿੰਡ 'ਚ ਸੋਗ ਦੀ ਲਹਿਰ ਛਾ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਜੀਤ ਸਿੰਘ ਕਰੀਬ 2 ਸਾਲ ਪਹਿਲਾਂ ਹੀ ਕੈਨੇਡਾ ਗਿਆ ਸੀ ਅਤੇ ਉਥੇ ਸਰੀ ਸ਼ਹਿਰ 'ਚ ਜਾ ਕੇ ਟਰਾਲਾ ਚਲਾਉਣ ਦਾ ਕੰਮ ਕਰਨ ਲੱਗਾ ਸੀ। ਨੌਜਵਾਨ ਹਰਜੀਤ ਸਿੰਘ ਟਰਾਲੇ 'ਚ ਸਾਮਾਨ ਲੱਦ ਕੇ ਕੈਨੇਡਾ ਤੋਂ ਅਮਰੀਕਾ ਦੇ ਸ਼ਹਿਰ ਕੈਲੇਫੋਰਨੀਆ ਗਿਆ ਅਤੇ ਉਥੇ ਸਾਮਾਨ ਉਤਾਰ ਕੇ ਵਾਪਸ ਕੈਨੇਡਾ ਆ ਰਿਹਾ ਸੀ ਕਿ ਅਚਾਨਕ ਰਸਤੇ ਦੌਰਾਨ ਉਸ ਦੀ ਛਾਤੀ 'ਚ ਦਰਦ ਹੋਣ ਲੱਗ ਗਿਆ। 

ਉਸ ਨੇ ਟਰਾਲਾ ਰਸਤੇ 'ਚ ਪੈਂਦੇ ਪੰਪ 'ਤੇ ਲਗਾ ਦਿੱਤਾ ਅਤੇ ਉਥੋਂ ਪਿੰਡ ਰਹਿੰਦੀ ਆਪਣੀ ਪਤਨੀ ਨੂੰ ਫੋਨ ਕੀਤਾ ਕਿ ਉਸ ਦੀ ਸਿਹਤ ਠੀਕ ਨਹੀਂ ਲੱਗ ਰਹੀ ਅਤੇ ਕੁੱਝ ਹੀ ਮਿੰਟਾਂ ਬਾਅਦ ਉਸ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ। ਕੈਨੇਡਾ ਰਹਿੰਦੇ ਉਸ ਦੇ ਸਾਥੀਆਂ ਵੱਲੋਂ ਜਦੋਂ ਤਲਾਸ਼ ਕੀਤੀ ਗਈ ਤਾਂ ਅਮਰੀਕਾ ਦੇ ਸ਼ਹਿਰ ਕੈਲੇਫੋਰਨੀਆ ਨੇੜ੍ਹੇ ਇਕ ਪੰਪ 'ਤੇ ਉਸ ਦਾ ਟਰਾਲਾ ਖੜ੍ਹਾ ਦਿਖਾਈ ਦਿੱਤਾ। ਇਥੇ ਪਹੁੰਚ ਕੇ ਜਦੋਂ ਪੁਲਸ ਨੇ ਜਾਂਚ ਕੀਤੀ ਤਾਂ ਟਰਾਲੇ ਦੇ ਕੈਬਿਨ 'ਚ ਹਰਜੀਤ ਸਿੰਘ ਮ੍ਰਿਤਕ ਹਾਲਤ 'ਚ ਪਿਆ ਸੀ। ਹਰਜੀਤ ਸਿੰਘ ਦੀ ਮੌਤ ਸਬੰਧੀ ਉਸ ਦੇ ਪਿੰਡ ਲੁਬਾਣਗੜ੍ਹ ਵਿਖੇ ਮਾਪਿਆਂ ਅਤੇ ਪਤਨੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਸ ਦੇ 2 ਛੋਟੇ ਬੱਚੇ ਵੀ ਹਨ। ਪਰਿਵਾਰਕ ਮੈਂਬਰਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੈਨੇਡਾ ਪਹੁੰਚ ਕੇ ਉਥੇ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ।

shivani attri

This news is Content Editor shivani attri