ਪੁੱਤ ਦੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ ''ਚ ਬਦਲੀਆਂ, ਪਿਤਾ ਦੀ ਹੋਈ ਮੌਤ

01/04/2020 12:19:55 PM

ਹੁਸ਼ਿਆਰਪੁਰ (ਅਮਰਿੰਦਰ)— ਥਾਣਾ ਸਦਰ ਅਧੀਨ ਸੁਖੀਆਬਾਦ 'ਚ ਵੀਰਵਾਰ ਦੇਰ ਰਾਤ ਰਜਾਈ ਨੂੰ ਅੱਗ ਲੱਗਣ ਨਾਲ ਝੁਲਸਣ 'ਤੇ ਮਕੈਨਿਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਕੇਸ਼ ਕੁਮਾਰ (33) ਪੁੱਤਰ ਯਸ਼ਪਾਲ ਵਾਸੀ ਬੰਜਰਬਾਗ ਦੇ ਰੂਪ 'ਚ ਹੋਈ ਹੈ, ਜੋਕਿ ਬੱਸ ਅਤੇ ਟਰੱਕ ਦੀ ਰਿਪੇਅਰਿੰਗ ਦਾ ਕੰਮ ਕਰਦਾ ਸੀ। ਰਾਤ ਦੇ ਸਮੇਂ ਰਾਕੇਸ਼ ਕੁਮਾਰ ਆਪਣੇ ਪੁੱਤ ਦਾ ਜਨਮਦਿਨ ਮਨ੍ਹਾ ਕੇ ਸੌਣ ਲਈ ਖੋਖੇ 'ਚ ਚਲਾ ਗਿਆ ਸੀ। ਰਾਕੇਸ਼ ਦੀ ਮੌਤ ਦਾ ਪਤਾ ਲੋਕਾਂ ਨੂੰ ਸ਼ੁੱਕਰਵਾਰ ਸਵੇਰੇ 5 ਵਜੇ ਖੋਖੇ (ਲੱਕੜ ਦੀ ਬਣੀ ਦੁਕਾਨ) 'ਚੋਂ ਨਿਕਲਦੇ ਧੂੰਏਂ ਨੂੰ ਵੇਖ ਕੇ ਲੱਗਾ। ਲੋਕਾਂ ਦੀ ਸੂਚਨਾ 'ਤੇ ਜਦੋਂ ਪਰਿਵਾਰ ਮੌਕੇ 'ਤੇ ਪਹੁੰਚਿਆ ਤਾਂ ਦੇਖਿਆ ਕਿ ਅੰਦਰ ਬਿਸਤਰੇ 'ਤੇ ਰਾਕੇਸ਼ ਕੁਮਾਰ ਮ੍ਰਿਤਕ ਪਿਆ ਸੀ। ਸੂਚਨਾ ਮਿਲਦੇ ਹੀ ਥਾਣਾ ਸਦਰ ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਦਾ ਪੰਚਨਾਮਾ ਕਰਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ।

ਰਾਕੇਸ਼ ਕੁਮਾਰ ਰਾਤੀਂ ਬੇਟੇ ਦਾ ਜਨਮ ਦਿਨ ਮਨਾ ਕੇ ਸੌਣ ਲਈ ਆਇਆ ਸੀ ਖੋਖੇ 'ਚ
ਸ਼ੁੱਕਰਵਾਰ ਸਵੇਰੇ ਸਿਵਲ ਹਸਪਤਾਲ 'ਚ ਥਾਣਾ ਸਦਰ ਪੁਲਸ ਦੀ ਹਾਜ਼ਰੀ 'ਚ ਰਾਕੇਸ਼ ਕੁਮਾਰ ਦੇ ਪਰਿਵਾਰ ਨੇ ਦੱਸਿਆ ਕਿ ਵੀਰਵਾਰ ਉਸ ਦੇ ਬੇਟੇ ਵਿਨੈ ਦਾ ਜਨਮ ਦਿਨ ਸੀ। ਰਾਤੀਂ ਘਰ 'ਚ ਬੇਟੇ ਦਾ ਜਨਮ ਦਿਨ ਧੂਮਧਾਮ ਨਾਲ ਮਨਾਉਣ ਤੋਂ ਬਾਅਦ ਉਹ ਰੋਜ਼ਾਨਾ ਦੀ ਤਰ੍ਹਾਂ ਸੌਣ ਲਈ ਸੁਖੀਆਬਾਦ ਸਥਿਤ ਆਪਣੇ ਖੋਖੇ (ਦੁਕਾਨ) 'ਚ ਆ ਗਿਆ। ਪਰਿਵਾਰ ਅਨੁਸਾਰ ਰਾਕੇਸ਼ ਸਿਗਰਟ ਪੀਂਦਾ ਸੀ। ਲੱਗਦਾ ਹੈ ਰਾਤ ਨੂੰ ਸੌਣ ਸਮੇਂ ਸਿਗਰਟ ਦੀ ਚੰਗਿਆੜੀ ਰਜਾਈ 'ਤੇ ਪੈ ਗਈ ਹੋਵੇਗੀ। ਚੰਗਿਆੜੀ ਦੇ ਹੌਲੀ-ਹੌਲੀ ਸੁਲਗਣ 'ਤੇ ਰਜਾਈ ਨੇ ਅੱਗ ਫੜ ਲਈ ਹੋਵੇਗੀ, ਜਿਸ ਕਾਰਨ ਅੱਗ ਦੀ ਲਪੇਟ 'ਚ ਆ ਕੇ ਬੁਰੀ ਤਰ੍ਹਾਂ ਝੁਲਸਣ ਕਾਰਨ ਉਸ ਦੀ ਮੌਤ ਹੋ ਗਈ ਹੋਵੇਗੀ। ਮ੍ਰਿਤਕ ਰਾਕੇਸ਼ ਕੁਮਾਰ ਆਪਣੇ ਪਿੱਛੇ ਪਤਨੀ ਪਰਮਜੀਤ ਕੌਰ, ਬੇਟਾ ਵਿਨੈ ਕੁਮਾਰ ਅਤੇ ਧੀ ਨੂੰ ਛੱਡ ਗਿਆ ਹੈ।

ਖੋਖੇ ਅੰਦਰ ਖੜ੍ਹਾ ਮੋਟਰਸਾਈਕਲ ਵੀ ਸੜ ਕੇ ਹੋਇਆ ਸੁਆਹ
ਅੱਗ ਲੱਗਣ ਨਾਲ ਖੋਖੇ ਅੰਦਰ ਪਏ ਰਾਕੇਸ਼ ਦੇ ਮੋਟਰਸਾਈਕਲ ਸਮੇਤ ਸਾਰਾ ਸਾਮਾਨ ਸੜ ਕੇ ਸੁਆਹ ਬਣ ਗਿਆ। ਅੱਗ ਲੱਗਣ ਨਾਲ ਰਾਕੇਸ਼ ਦਾ ਗਲੇ ਤੋਂ ਹੇਠਲਾ ਹਿੱਸਾ ਕਰੀਬ 80 ਫੀਸਦੀ ਸੜ ਗਿਆ ਸੀ।

ਪੋਸਟਮਾਰਟਮ ਤੋਂ ਬਾਅਦ ਪੁਲਸ ਨੇ ਲਾਸ਼ ਨੂੰ ਕੀਤਾ ਪਰਿਵਾਰ ਹਵਾਲੇ
ਸਿਵਲ ਹਸਪਤਾਲ 'ਚ ਥਾਣਾ ਸਦਰ ਵਿਚ ਤਾਇਨਾਤ ਅਤੇ ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਸਤੀਸ਼ ਕੁਮਾਰ ਵਰਮਾ ਨੇ ਦੱਸਿਆ ਕਿ ਪਰਿਵਾਰ ਅਤੇ ਲੋਕਾਂ ਵੱਲੋਂ ਸੂਚਨਾ ਮਿਲਦੇ ਹੀ ਤੜਕੇ ਪੁਲਸ ਮੌਕੇ 'ਤੇ ਪਹੁੰਚ ਗਈ ਸੀ। ਪੁਲਸ ਨੇ ਮ੍ਰਿਤਕ ਰਾਕੇਸ਼ ਕੁਮਾਰ ਦੇ ਪਿਤਾ ਯਸ਼ਪਾਲ ਦੇ ਬਿਆਨ 'ਤੇ ਧਾਰਾ 174 ਅਧੀਨ ਕਾਰਵਾਈ ਪੂਰੀ ਕਰਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਪਰਿਵਾਰ ਹਵਾਲੇ ਕਰ ਦਿੱਤਾ ਹੈ।

shivani attri

This news is Content Editor shivani attri