ਪਤਨੀ, ਸਾਲੇ ਅਤੇ ਸੱਸ ਨੂੰ ਮੌਤ ਦਾ ਜ਼ਿੰਮੇਦਾਰ ਲਿਖ ਕੇ ਕੀਤੀ ਖੁਦਕੁਸ਼ੀ

08/29/2019 11:41:09 PM

ਜਲੰਧਰ, (ਵਰੁਣ)- ਬਾਬਾ ਦੀਪ ਸਿੰਘ ਨਗਰ ’ਚ ਸਪੀਕਰ ਬਣਾਉਣ ਵਾਲੇ ਵਿਅਕਤੀ ਨੇ ਫਾਹ ਲਗਾ ਕੇ ਜਾਨ ਦੇ ਦਿੱਤੀ। ਖੁਦਕੁਸ਼ੀ ਕਰਨ ਤੋਂ ਪਹਿਲਾਂ ਵਿਅਕਤੀ ਨੇ ਗੱਤੇ ’ਤੇ ਸੁਸਾਈਡ ਨੋਟ ਵੀ ਲਿਖਿਆ ਜਿਸ ’ਚ ਲਿਖਿਆ ਸੀ ਕਿ ਉਹ ਆਪਣੀ ਪਤਨੀ, ਸੱਸ ਅਤੇ ਸਾਲੇ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਰਿਹਾ ਹੈ। ਫਿਲਹਾਲ ਪੁਲਸ ਇੰਗਲੈਂਡ ਰਹਿੰਦੀ ਮ੍ਰਿਤਕ ਦੀ ਭੈਣ ਦਾ ਇੰਤਜ਼ਾਰ ਕਰ ਰਹੀ ਹੈ ਜਿਸ ਦੇ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

ਖੁਦਕੁਸ਼ੀ ਕਰਨ ਵਾਲੇ ਵਿਅਕਤੀ ਦੀ ਪਛਾਣ ਜਸਪਾਲ ਸਿੰਘ (42) ਵਾਸੀ ਬਾਬਾ ਦੀਪ ਸਿੰਘ ਨਗਰ ਵਜੋਂ ਹੋਈ ਹੈ। ਥਾਣਾ ਨੰ. 8 ਦੇ ਏ. ਐੱਸ. ਆਈ. ਮਦਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਜਸਪਾਲ ਸਿੰਘ ਨਾਂ ਦੇ ਵਿਅਕਤੀ ਨੇ ਵੀਰਵਾਰ ਦੀ ਸਵੇਰ ਨੂੰ ਆਪਣੇ ਘਰ ’ਚ ਫਾਹ ਲਗਾ ਕੇ ਜਾਨ ਦੇ ਦਿੱਤੀ। ਜਸਪਾਲ ਆਪਣੇ ਘਰ ’ਚ ਪਤਨੀ ਅਤੇ ਬੇਟੀ ਨਾਲ ਰਹਿੰਦਾ ਸੀ। ਪੁਲਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲਿਆ ਅਤੇ ਸਿਵਲ ਹਸਪਤਾਲ ’ਚ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਸ ਨੇ ਕੋਈ ਵੀ ਸੁਸਾਈਡ ਨੋਟ ਮਿਲਣ ਤੋਂ ਮਨ੍ਹਾ ਕੀਤਾ ਹੈ ਪਰ ਜਿਸ ਕਮਰੇ ’ਚ ਜਸਪਾਲ ਸਿੰਘ ਨੇ ਫਾਹ ਲਗਾਇਆ ਉਥੇ ਹੀ ਬੈੱਡ ’ਤੇ ਇਕ ਗੱਤਾ ਪਿਆ ਸੀ ਜਿਸ ’ਤੇ ਲਿਖਿਆ ਸੀ ਕਿ ਉਹ ਆਪਣੀ ਪਤਨੀ, ਸਾਲੇ ਅਤੇ ਸੱਸ ਤੋਂ ਕਾਫੀ ਪ੍ਰੇਸ਼ਾਨ ਹਨ। ਉਨ੍ਹਾਂ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਰਿਹਾ ਹੈ ਅਤੇ ਜਦੋਂ ਤੋਂ ਉਕਤ ਲੋਕ ਮੇਰੀ ਜ਼ਿੰਦਗੀ ’ਚ ਆਏ ਹਨ ਉਦੋਂ ਤੋਂ ਆਪਣੀ ਹਕੂਮਤ ਚਲਾ ਰਹੇ ਹਨ। ਜਸਪਾਲ ਨੇ ਇਹ ਵੀ ਲਿਖਿਆ ਕਿ ਕੋਈ ਜ਼ਿੰਮੇਵਾਰ ਵਿਅਕਤੀ ਉਸਦੀ ਬੇਟੀ ਦਾ ਧਿਆਨ ਰੱਖੇ । ਥਾਣਾ ਨੰ. 8 ਦੇ ਮੁਖੀ ਰੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਜਸਪਾਲ ਸਿੰਘ ਦੀ ਭੈਣ ਇੰਗਲੈਂਡ ’ਚ ਰਹਿੰਦੀ ਹੈ ਜਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ । ਦੋ ਦਿਨਾਂ ’ਚ ਉਹ ਭਾਰਤ ਆ ਰਹੀ ਹੈ। ਜਸਪਾਲ ਦੀ ਭੈਣ ਜੋ ਵੀ ਬਿਆਨ ਦੇਵੇਗੀ ਉਸ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

 

KamalJeet Singh

This news is Content Editor KamalJeet Singh