ਪੁਲਸ ਮੁਲਾਜ਼ਮਾਂ ਨੇ ਕੀਤੀ ਵਿਅਕਤੀ ਦੀ ਬੇਰਹਿਮੀ ਨਾਲ ਕੁੱਟਮਾਰ

07/15/2018 6:11:07 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਕੁਲਦੀਸ਼)— ਸਰਕਾਰੀ ਹਸਪਤਾਲ ਟਾਂਡਾ 'ਚ ਇਲਾਜ ਲਈ ਦਾਖਲ ਹੋਏ ਪਿੰਡ ਬੈਚਾਂ ਨਿਵਾਸੀ ਵਿਆਕਤੀ ਨੇ ਅੱਡਾ ਸਰਾਂ ਚੌਕੀ ਇੰਚਾਰਜ ਅਤੇ ਉਸ ਦੇ ਸਾਥੀ ਪੁਲਸ ਕਰਮਚਾਰੀਆਂ 'ਤੇ ਚੌਕੀ ਵਿੱਚ ਲਿਜਾ ਕੇ ਅਣਮਨੁੱਖੀ ਤਰੀਕੇ ਨਾਲ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ। 
ਕੀ ਹੈ ਮਾਮਲਾ : 
ਕੁੱਟਮਾਰ ਦਾ ਸ਼ਿਕਾਰ ਹੋਏ ਰਵੀ ਨਾਥ ਪੁੱਤਰ ਰਾਮ ਪ੍ਰਕਾਸ਼ ਨੇ ਦੱਸਿਆ ਕਿ ਉਸ ਦਾ ਬੇਟਾ ਆਪਣੇ ਸਹੁਰਿਆਂ ਨਾਲ ਮਿਲ ਕੇ ਉਸ ਨਾਲ ਝਗੜਾ ਕਰਦਾ ਸੀ, ਇਸੇ ਨੂੰ ਲੈ ਕੇ ਉਹ ਪੁਲਸ ਨੂੰ ਬੀਤੀ ਦੇਰ ਸ਼ਾਮ ਉਸ ਦੇ ਘਰ ਲੈ ਕੇ ਆਇਆ। ਪੁਲਸ ਟੀਮ ਨੇ ਉਸ ਨੂੰ ਕੁਝ ਵੀ ਦੱਸੇ ਬਿਨਾਂ ਘਰ ਵਿੱਚ ਵੀ ਖਿੱਚਧੂਹ ਕੀਤੀ ਅਤੇ ਫਿਰ ਚੌਕੀ ਲਿਜਾ ਕੇ ਬੇਰਹਿਮੀ ਨਾਲ ਕੁੱਟਮਾਰ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ। ਇਸ ਤੋਂ ਬਾਅਦ ਰਾਤ 10 ਵਜੇ ਆਪਣੀ ਗੱਡੀ ਵਿੱਚ ਪਾ ਕੇ ਉਸ ਨੂੰ ਘਰ ਛੱਡ ਗਏ। ਜ਼ਖਮੀ ਹਾਲਤ 'ਚ ਉਸ ਨੂੰ ਰਾਤ 12 ਵਜੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। 
ਉਸ ਨੇ ਦੱਸਿਆ ਕਿ ਐਤਵਾਰ ਚਾਰ ਵਜੇ ਤੱਕ ਕਿਸੇ ਵੀ ਪੁਲਸ ਅਧਿਕਾਰੀ ਜਾਂ ਕਰਮਚਾਰੀ ਨੇ ਉਸ ਦੇ ਬਿਆਨ ਨਹੀਂ ਲਏ। ਰਵੀ ਨਾਥ ਨੇ ਉੱਚ ਪੁਲਸ ਅਧਿਕਾਰੀਆਂ ਅੱਗੇ ਇਨਸਾਫ ਦੀ ਮੰਗ ਕੀਤੀ ਹੈ। ਉਧਰ ਚੌਕੀ ਇੰਚਾਰਜ ਏ. ਐੱਸ. ਆਈ. ਜਗਦੀਪ ਸਿੰਘ ਨੇ ਕੁੱਟਮਾਰ ਕਰਨ ਦੇ ਦੋਸ਼ ਤੋਂ ਇਨਕਾਰ ਕਰਦੇ ਕਿਹਾ ਕਿ ਰਵੀ ਨਾਥ ਦੇ ਪੁੱਤਰ ਦੀਪਕ ਕੁਮਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਉਸ ਨੂੰ ਚੌਕੀ ਲਿਆਂਦਾ ਗਿਆ ਸੀ, ਜਿੱਥੋਂ ਉਸ ਦਾ ਪੁੱਤਰ ਹੀ ਉਸ ਨੂੰ ਨਾਲ ਲੈ ਕੇ ਰਾਤ ਨੂੰ ਚਲਾ ਗਿਆ ਸੀ। ਇਸ ਸਬੰਧੀ ਥਾਣਾ ਟਾਂਡਾ ਦੇ ਮੁਖੀ ਇੰਸਪੈਕਟਰ ਪ੍ਰਦੀਪ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਨੋਟਿਸ 'ਚ ਆਇਆ ਹੈ ਜੇਕਰ ਪੁਲਸ ਕਰਮਚਾਰੀ ਕਸੂਰਵਾਰ ਹੋਏ ਤਾਂ ਵਿਭਾਗੀ ਕਾਰਵਾਈ ਕੀਤੀ ਜਾਵੇਗੀ।