45 ਲੱਖ ਦੇ ਲੈਣ-ਦੇਣ ਨੂੰ ਲੈ ਕੇ ਲੋਹਾ ਵਪਾਰੀ ਅਤੇ ਦਲਾਲ ਦੀ ਕੀਤੀ ਕੁੱਟਮਾਰ

12/08/2019 5:57:16 PM

ਮਾਛੀਵਾੜਾ ਸਾਹਿਬ (ਟੱਕਰ)— ਕੂੰਮਕਲਾਂ ਪੁਲਸ ਵੱਲੋਂ ਮੰਡੀ ਗੋਬਿੰਦਗੜ੍ਹ ਦੇ ਲੋਹਾ ਵਪਾਰੀ ਅਤੇ ਮਿੱਲ ਮਾਲਕ ਅਸ਼ੋਕ ਕੁਮਾਰ ਦੇ ਬਿਆਨਾਂ 'ਤੇ ਉਸ ਨਾਲ ਕੁੱਟਮਾਰ ਕਰਨ ਦੇ ਕਥਿਤ ਦੋਸ਼ ਹੇਠ ਲੁਧਿਆਣਾ ਦੇ ਮਿੱਲ ਮਾਲਕ ਰਾਜ ਕੁਮਾਰ ਅਤੇ ਉਸ ਨਾਲ ਮੌਜੂਦ 5 ਹੋਰ ਅਣਪਛਾਤੇ ਵਿਅਕਤੀਆਂ ਖਿਲਾਫ ਤਹਿਤ ਮਾਮਲਾ ਦਰਜ ਕੀਤਾ ਹੈ। ਮੰਡੀ ਗੋਬਿੰਦਗੜ੍ਹ ਦੇ ਲੋਹਾ ਵਪਾਰੀ ਅਸ਼ੋਕ ਕੁਮਾਰ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸ ਨੇ ਇਕ ਦਲਾਲ ਰਾਜਾ ਪਰਾਸ਼ਰ ਰਾਹੀਂ ਰੋਮੈਕਸ ਸਟੀਲ ਪ੍ਰਾਈਵੇਟ ਲਿਮ. ਲੱਖੋਵਾਲ ਰੋਡ ਕੁਹਾੜਾ ਦੇ ਮਾਲਕ ਰਾਜ ਕੁਮਾਰ ਨੂੰ ਕਰੀਬ 45 ਲੱਖ ਰੁਪਏ ਲੋਹੇ ਦਾ ਮਾਲ ਵੱਖ-ਵੱਖ ਬਿੱਲਾਂ ਰਾਹੀਂ ਭੇਜਿਆ ਸੀ। ਜਿਸ ਨੇ 15 ਦਿਨਾਂ ਦੇ ਅੰਦਰ ਮੈਨੂੰ ਰਕਮ ਅਦਾ ਕਰਨੀ ਸੀ।

ਰਕਮ ਨਾ ਮਿਲਣ 'ਤੇ ਉਸ ਨੇ ਰਾਜ ਕੁਮਾਰ ਨੂੰ ਅਦਾਲਤ ਰਾਹੀਂ ਨੋਟਿਸ ਭੇਜਿਆ ਸੀ। ਸ਼ਿਕਾਇਤਕਰਤਾ ਅਸ਼ੋਕ ਕੁਮਾਰ ਅਨੁਸਾਰ ਲੰਘੀ 16 ਨਵੰਬਰ ਨੂੰ ਦਲਾਲ ਰਾਜਾ ਪਰਾਸ਼ਰ ਨੇ ਮੈਨੂੰ ਕਿਹਾ ਕਿ ਉਹ ਰੋਮੈਕਸ ਸਟੀਲ ਮਿੱਲ ਆ ਜਾਵੇ, ਜਿੱਥੇ ਗੱਲਬਾਤ ਕਰਕੇ ਉਹ ਪੈਸੇ ਲੈ ਜਾਵੇ। ਲੋਹਾ ਵਪਾਰੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਪ੍ਰਵੀਨ ਜੈਨ ਸਮੇਤ ਉਕਤ ਮਿੱਲ 'ਚ ਪਹੁੰਚ ਗਿਆ। ਅਸ਼ੋਕ ਕੁਮਾਰ ਨੇ ਸ਼ਿਕਾਇਤ 'ਚ ਦੋਸ਼ ਲਗਾਇਆ ਕਿ ਮਿੱਲ ਮਾਲਕ ਰਾਜ ਕੁਮਾਰ ਨੇ ਸਾਡੇ ਬੈਠਿਆਂ ਹੀ 20-25 ਲੇਬਰ ਅਤੇ ਸਟਾਫ ਦੇ ਵਿਅਕਤੀ ਦਫਤਰ ਬੁਲਾ ਕੇ ਸਾਨੂੰ ਗਾਲੀ-ਗਲੋਚ ਕਰਨ ਲੱਗ ਪਿਆ।

ਮਾਹੌਲ ਖਰਾਬ ਹੁੰਦਾ ਦੇਖ ਜਦੋਂ ਅਸੀਂ ਦਫਤਰ ਤੋਂ ਬਾਹਰ ਨਿਕਲਣ ਲੱਗੇ ਤਾਂ ਇਕ ਇਨੋਵਾ ਕਾਰ 'ਚੋਂ ਹੱਥਾਂ 'ਚ ਡੰਡੇ ਅਤੇ ਰਾਡਾਂ ਸਮੇਤ 5 ਵਿਅਕਤੀ ਉਤਰੇ। ਉਕਤ ਵਿਅਕਤੀਆਂ ਨੇ ਮੇਰੇ ਅਤੇ ਨਾਲ ਹੀ ਮੌਜੂਦ ਦਲਾਲ ਰਾਜ ਪਰਾਸ਼ਰ 'ਤੇ ਹਮਲਾ ਕਰ ਦਿੱਤਾ ਅਤੇ ਘੇਰ ਕੇ ਸਾਡੀ ਕੁੱਟਮਾਰ ਕਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਅਸ਼ੋਕ ਕੁਮਾਰ ਵੱਲੋਂ ਤੁਰੰਤ 112 ਨੰਬਰ 'ਤੇ ਸ਼ਿਕਾਇਤ ਕੀਤੀ ਅਤੇ ਪੁਲਸ ਕਰਮਚਾਰੀਆਂ ਨੇ ਆ ਕੇ ਉਕਤ ਵਿਅਕਤੀਆਂ ਤੋਂ ਸਾਨੂੰ ਛੁਡਾਇਆ। ਸ਼ਿਕਾਇਤਕਰਤਾ ਅਨੁਸਾਰ ਅਸ਼ੋਕ ਕੁਮਾਰ ਅਨੁਸਾਰ ਕੁਝ ਦਿਨ ਤਾਂ ਮੋਹਤਬਰ ਵਿਅਕਤੀਆਂ ਦੇ ਦਖਲ ਦੇਣ 'ਤੇ ਰਾਜ਼ੀਨਾਮੇ ਦੀ ਗੱਲ ਚੱਲਦੀ ਰਹੀ ਪਰ ਕੋਈ ਫੈਸਲਾ ਸਿਰੇ ਨਾ ਚੜ੍ਹਿਆ। ਕੂੰਮਕਲਾਂ ਪੁਲਸ ਵਲੋਂ ਗੋਬਿੰਦਗੜ੍ਹ ਦੇ ਲੋਹਾ ਵਪਾਰੀ ਅਸ਼ੋਕ ਕੁਮਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਮਿੱਲ ਮਾਲਕ ਲੁਧਿਆਣਾ ਵਾਸੀ ਰਾਜ ਕੁਮਾਰ ਅਤੇ ਹੋਰ 5 ਅਣਪਛਾਤੇ ਵਿਅਕਤੀਆਂ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

shivani attri

This news is Content Editor shivani attri