4 ਬੱਚਿਆਂ ਦੇ ਪਿਉ ਨੇ ਲਿਆ ਫਾਹ

07/09/2018 7:26:47 AM

ਬੱਧਨੀ ਕਲਾਂ (ਬੱਬੀ ) - ਬੱਧਨੀ ਕਲਾਂ ਦੇ ਇਕ ਵਿਅਕਤੀ ਵੱਲੋਂ ਫਾਹ ਲੈ ਕੇ ਖੁਦਕੁਸ਼ੀ ਕੀਤੇ ਜਾਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਮ੍ਰਿਤਕ 4 ਬੱਚਿਆਂ ਦਾ ਪਿਉ ਸੀ ਤੇ ਲੇਬਰ ਦਾ ਕੰਮ ਕਰ ਕੇ  ਪਰਿਵਾਰ   ਦਾ  ਗੁਜ਼ਾਰਾ ਕਰਦਾ ਸੀ। ਮ੍ਰਿਤਕ ਦੀ ਪਤਨੀ ਕੁਲਵਿੰਦਰ ਕੌਰ ਨੇ ਪੁਲਸ ਨੂੰ ਦਿੱਤੇ ਬਿਅਾਨਾਂ ’ਚ ਕਿਹਾ ਕਿ  ਪਤੀ ਗੁਰਮੀਤ ਸਿੰਘ ਪਿੰਡ ਰਾਊਕੇ ਕਲਾਂ ਦੇ ਵਰਿੰਦਰ ਸਿੰਘ ਉਰਫ ਗੱਗੂ ਪੁੱਤਰ ਕਰਤਾਰ ਸਿੰਘ ਦੇ ਤੂਡ਼ੀ ਵਾਲੇ ਟਰੱਕ ’ਤੇ ਲੇਬਰ ਦਾ ਕੰਮ ਕਰਦਾ ਸੀ।
ਕੁਝ ਸਮਾਂ ਪਹਿਲਾਂ ਇਕ ਗੇਡ਼ੇ ਦੌਰਾਨ ਵਰਿੰਦਰ ਸਿੰਘ ਦੀ ਧਰਮਕੋਟ ਵਿਖੇ ਐਕਸੀਡੈਂਟ ’ਚ ਮੌਤ ਹੋ ਗਈ ਪਰ ਵਰਿੰਦਰ ਦਾ ਪਿਉ ਕਰਤਾਰ ਸਿੰਘ ਆਪਣੇ ਪੁੱਤਰ ਦਾ ਕਤਲ ਹੋਇਆ ਆਖ ਕੇ ਪੁਲਸ ਦੇ ਉੱਚ ਅਧਿਕਾਰੀਆਂ ਕੋਲ ਗੁਰਮੀਤ ਸਿੰਘ ਤੇ ਉਸ ਨਾਲ ਕੰਮ ਕਰਨ ਵਾਲੇ ਹੋਰ ਵਿਅਕਤੀਆਂ ਖਿਲਾਫ ਸ਼ਿਕਾਇਤਾਂ ਕਰਨ ਲੱਗ ਪਿਆ, ਜਿਸ ਦੇ ਸਿਲਸਲੇ ’ਚ ਡੀ. ਐੱਸ. ਪੀ. ਧਰਮਕੋਟ ਵੱਲੋਂ ਮੇਰੇ ਪਤੀ ਨੂੰ ਕਈ ਵਾਰ ਬੁਲਾਇਆ ਗਿਆ ਅਤੇ ਫਿਰ ਡੀ. ਐੱਸ. ਪੀ. ਸਾਹਿਬ ਮੋਗਾ ਕੋਲ ਵੀ ਉਸ ਨੂੰ ਬੁਲਾਇਆ ਗਿਆ। ਹੁਣ ਕਰਤਾਰ ਸਿੰਘ ਵੱਲੋਂ ਦਿੱਤੀ ਗਈ ਇਕ ਹੋਰ ਦਰਖਾਸਤ ਕਾਰਨ ਸੀ. ਆਈ. ਏ. ਸਟਾਫ ਵੱਲੋਂ ਫਿਰ ਮੇਰੇ ਪਤੀ ਨੂੰ ਬੁਲਾਇਆ ਗਿਆ ਸੀ, ਜਿਸ ਕਾਰਨ ਮੇਰਾ ਪਤੀ ਕਾਫੀ ਪ੍ਰੇਸ਼ਾਨ ਰਹਿੰਦਾ ਸੀ।  
ਸਵੇਰੇ 10 ਵਜੇ ਦੇ ਕਰੀਬ ਰੋਟੀ ਖਾਣ ਉਪਰੰਤ ਉਸ ਨੇ ਕਿਹਾ ਕਿ ਮੇਰੇ ਕੋਲ ਪੈਸੇ ਨਹੀਂ ਹਨ ਤੂੰ ਗੁਆਂਢ ’ਚੋਂ ਕਿਸੇ ਤੋਂ ਪੈਸੇ ਮੰਗ ਲਿਆ, ਜਦੋਂ ਮੈਂ ਪੈਸੇ ਲੈਣ ਚਲੀ ਗਈ ਤਾਂ ਉਸ ਨੇ  ਗਾਰਡਰ ਨਾਲ  ਫਾਹ  ਲੈ   ਕੇ ਖੁਦਕੁਸ਼ੀ ਕਰ  ਲਈ।  ਘਟਨਾ ਸਥਾਨ ’ਤੇ ਪਹੁੰਚੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਮੱਲ੍ਹੀ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਕੁਲਵਿੰਦਰ ਕੌਰ ਦੇ ਬਿਆਨਾਂ ’ਤੇ ਕਰਤਾਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਰਾਊਕੇ ਕਲਾਂ ਖਿਲਾਫ ਮਾਮਲਾ ਦਰਜ ਕਰਨ ਉਪਰੰਤ ਲਾਸ਼ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ।