ਸਾਲੇ ਵਲੋਂ ਉਧਾਰ ਲਏ ਪੈਸੇ ਨਾ ਮੋੜਨ ''ਤੇ ਨਿਗਲੀਆਂ ਸਲਫਾਸ ਦੀਆਂ ਗੋਲੀਆਂ, ਮੌਤ

06/30/2018 7:04:07 AM

ਲੁਧਿਆਣਾ (ਰਿਸ਼ੀ) - ਆਪਣੇ ਸਾਲੇ ਨੂੰ ਉਧਾਰ ਦਿੱਤੇ ਪੈਸੇ ਵਾਪਸ ਨਾ ਮਿਲਣ ਤੋਂ ਪ੍ਰੇਸ਼ਾਨ 2 ਬੱਚਿਆਂ ਦੇ ਪਿਤਾ ਨੇ ਘਰ 'ਚ ਸਲਫਾਸ ਦੀਆਂ ਗੋਲੀਆਂ ਨਿਗਲ ਕੇ ਜੀਵਨ ਲੀਲਾ ਖਤਮ ਕਰ ਲਈ। ਇਸ ਮਾਮਲੇ ਵਿਚ ਥਾਣਾ ਸ਼ਿਮਲਾਪੁਰੀ ਦੀ ਪੁਲਸ ਨੇ ਮ੍ਰਿਤਕ ਵਜਿੰਦਰ ਸਿੰਘ ਦੇ ਭਰਾ ਵਿਨੋਦ ਦੀ ਸ਼ਿਕਾਇਤ 'ਤੇ ਸਾਲੇ ਸੁਰੇਸ਼ ਕੁਮਾਰ ਨਿਵਾਸੀ ਪਿੰਡ ਅਕਾਲਗੜ੍ਹ ਖਿਲਾਫ ਧਾਰਾ–306 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ।
ਜਾਂਚ ਅਧਿਕਾਰੀ ਹਰਦੀਪ ਸਿੰਘ ਅਨੁਸਾਰ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦਾ ਭਰਾ ਕਰਿਆਨੇ ਦੀ ਦੁਕਾਨ ਕਰਦਾ ਸੀ ਅਤੇ 10 ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ, ਜਿਸ ਦੀਆਂ 2 ਬੇਟੀਆਂ ਹਨ, ਜੋ ਆਪਣੇ ਪਰਿਵਾਰ ਸਮੇਤ ਬਰੋਟਾ ਰੋਡ ਗੁਰੂ ਗੋਬਿੰਦ ਸਿੰਘ ਨਗਰ ਵਿਚ ਕਿਰਾਏ 'ਤੇ ਰਹਿੰਦਾ ਸੀ। ਏਅਰਫੋਰਸ ਤੋਂ ਰਿਟਾਇਰਡ ਉਸ ਦੇ ਸਾਲੇ ਸੁਰੇਸ਼ ਨੇ ਕਾਫੀ ਸਮਾਂ ਪਹਿਲਾਂ ਵਜਿੰਦਰ ਤੋਂ 1 ਲੱਖ 50 ਹਜ਼ਾਰ ਰੁਪਏ ਉਧਾਰ ਲਏ ਸਨ, ਬੁੱਧਵਾਰ ਰਾਤ ਉਸ ਦੀ ਸਾਲੇਹਾਰ ਨੇ ਫੋਨ ਕਰ ਕੇ ਦੱਸਿਆ ਕਿ ਵਜਿੰਦਰ ਨੇ ਸਲਫਾਸ ਦੀਆਂ ਗੋਲੀਆਂ ਨਿਗਲ ਲਈਆਂ ਹਨ ਅਤੇ ਡੀ. ਐੱਮ. ਸੀ. ਹਸਪਤਾਲ 'ਚ ਜ਼ੇਰੇ ਇਲਾਜ ਹੈ। ਜਾਂਚ ਕਰਨ 'ਤੇ ਪਤਾ ਲੱਗਿਆ ਕਿ ਸਾਲੇ ਵਲੋਂ ਪ੍ਰੇਸ਼ਾਨ ਕਰਨ 'ਤੇ ਹੀ ਉਸ ਨੇ ਜ਼ਹਿਰੀਲਾ ਪਦਾਰਥ ਨਿਗਲਿਆ ਹੈ।
ਵਟਸਐਪ 'ਤੇ ਭੇਜਿਆ ਸੁਸਾਈਡ ਨੋਟ  
ਸ਼ਿਕਾਇਤਕਰਤਾ ਅਨੁਸਾਰ ਉਸ ਦੇ ਭਰਾ ਵਜਿੰਦਰ ਨੇ ਆਤਮ ਹੱਤਿਆ ਕਰਨ ਤੋਂ ਪਹਿਲਾਂ ਹਿੰਦੀ ਵਿਚ ਸੁਸਾਈਡ ਨੋਟ ਲਿਖ ਕੇ ਵਟਸਐਪ ਕਰ ਦਿੱਤਾ, ਜੋ ਕੁੱਝ ਸਮੇਂ 'ਚ ਹੀ ਵਾਇਰਲ ਹੋ ਗਿਆ, ਜਿਸ ਵਿਚ ਸੁਰੇਸ਼ ਨੂੰ ਆਪਣੀ ਦਾ ਮੌਤ ਜ਼ਿੰਮੇਵਾਰ ਠਹਿਰਾਇਆ ਹੈ।