ਪਲਾਸਟਿਕ ਡੋਰ ਵੇਚਣ ਵਾਲਾ ਕਾਬੂ, 72 ਗੱਟੂ ਬਰਾਮਦ

01/01/2024 3:26:07 PM

ਲੁਧਿਆਣਾ (ਬੇਰੀ) : ਐਂਟੀ ਨਾਰਕੋਟਿਕਸ ਸੈੱਲ-1 ਪੁਲਸ ਨੇ ਪਲਾਸਟਿਕ ਡੋਰ ਵੇਚਣ ਵਾਲੇ ਇਕ ਦੋਸ਼ੀ ਨੂੰ ਕਾਬੂ ਕੀਤਾ ਹੈ, ਮੁਲਜ਼ਮ ਦੇ ਕਬਜ਼ੇ ’ਚੋਂ ਪਲਾਸਟਿਕ ਡੋਰ ਦੇ 72 ਗੱਟੂ ਬਰਾਮਦ ਹੋਏ ਹਨ। ਮੁਲਜ਼ਮ ਸ਼ਮਾਲ ਖਾਨ ਦਰੇਸੀ ਦਾ ਰਹਿਣ ਵਾਲਾ ਹੈ। ਮੁਲਜ਼ਮ ਖ਼ਿਲਾਫ਼ ਥਾਣਾ ਦਰੇਸੀ ’ਚ ਕੇਸ ਦਰਜ ਕਰ ਲਿਆ ਗਿਆ ਹੈ।
ਜਾਣਕਾਰੀ ਦਿੰਦਿਆਂ ਏ. ਡੀ. ਸੀ. ਪੀ. ਰੁਪਿੰਦਰ ਕੌਰ, ਏ. ਸੀ. ਪੀ. ਅਸ਼ੋਕ ਕੁਮਾਰ ਨੇ ਦੱਸਿਆ ਕਿ ਐਂਟੀ ਨਾਰਕੋਟਿਕਸ ਸੈੱਲ-1 ਦੀ ਪੁਲਸ ਇੰਸਪੈਕਟਰ ਜਸਵੀਰ ਸਿੰਘ ਦੀ ਅਗਵਾਈ ’ਚ ਗਸ਼ਤ ’ਤੇ ਮੌਜੂਦ ਸੀ। ਉਨ੍ਹਾਂ ਨੂੰ ਪਤਾ ਲੱਗਾ ਕਿ ਉਕਤ ਮੁਲਜ਼ਮ ਪਾਬੰਦੀਸ਼ੁਦਾ ਪਲਾਸਟਿਕ ਡੋਰ ਵੇਚਦਾ ਸੀ। ਇਸ ਤੋਂ ਬਾਅਦ ਪੁਲਸ ਨੇ ਛਾਪਾ ਮਾਰ ਕੇ ਮੁਲਜ਼ਮ ਨੂੰ ਫੜ ਲਿਆ। ਉਸ ਦੇ ਕਬਜ਼ੇ ’ਚੋਂ 72 ਗੱਟੂ ਬਰਾਮਦ ਕੀਤੇ ਗਏ ਹਨ।

ਪੁਲਸ ਦਾ ਕਹਿਣਾ ਹੈ ਕਿ ਪਲਾਸਟਿਕ ਡੋਰ ਲੋਕਾਂ ਦੇ ਨਾਲ-ਨਾਲ ਪੰਛੀਆਂ ਲਈ ਵੀ ਬਹੁਤ ਨੁਕਸਾਨਦੇਹ ਹਨ। ਸਰਕਾਰ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਪਲਾਸਟਿਕ ਡੋਰ ਵੇਚਣ ’ਤੇ ਪੂਰਨ ਪਾਬੰਦੀ ਲਗਾਈ ਹੋਈ ਹੈ। ਇਸ ਦੇ ਬਾਵਜੂਦ ਕੁਝ ਲੋਕ ਇਸ ਪਾਬੰਦੀਸ਼ੁਦਾ ਡੋਰ ਨੂੰ ਖੁੱਲ੍ਹੇਆਮ ਵੇਚ ਰਹੇ ਹਨ, ਜਿਨ੍ਹਾਂ ਖ਼ਿਲਾਫ਼ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਡੋਰ ਥੋਕ ਦੇ ਭਾਅ ਵੇਚਦੇ ਸਨ। ਮੁਲਜ਼ਮਾਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਇਹ ਡੋਰ ਕਿੱਥੋਂ ਲੈ ਕੇ ਆਏ ਹਨ।
 

Babita

This news is Content Editor Babita