ਚੋਰੀ ਦੇ 7 ਮੋਟਰਸਾਈਕਲਾਂ ਸਣੇ ਕਾਬੂ

04/26/2018 7:42:36 AM

ਕੋਟਕਪੂਰਾ  (ਨਰਿੰਦਰ, ਭਾਵਿਤ) - ਜ਼ਿਲਾ ਪੁਲਸ ਮੁਖੀ ਡਾ. ਨਾਨਕ ਸਿੰਘ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਜ਼ਿਲੇ ਦੇ ਐਂਟੀ-ਨਾਰਕੋਟਿਕ ਸੈੱਲ ਦੇ ਸਹਾਇਕ ਥਾਣੇਦਾਰ ਹਰਚਰਨ ਸਿੰਘ ਨੇ ਕਾਰਵਾਈ ਕਰਦਿਆਂ ਇਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਤੋਂ ਚੋਰੀ ਦੇ 7 ਮੋਟਰਸਾਈਕਲ ਬਰਾਮਦ ਕੀਤੇ ਹਨ। ਜਾਣਕਾਰੀ ਅਨੁਸਾਰ ਉਕਤ ਸੈੱਲ ਦੇ ਸਹਾਇਕ ਥਾਣੇਦਾਰ ਹਰਚਰਨ ਸਿੰਘ ਪੁਲਸ ਪਾਰਟੀ ਨਾਲ ਗਸ਼ਤ ਦੌਰਾਨ ਬਠਿੰਡਾ ਬਾਈਪਾਸ ਵੱਲ ਜਾ ਰਹੇ ਸਨ ਕਿ ਮੁਖਬਰ ਨੇ ਸੂਚਨਾ ਦਿੱਤੀ ਕਿ ਮਨਪ੍ਰੀਤ ਸਿੰਘ ਵਾਸੀ ਕੋਟਲਾ ਰਾਏ ਕਾ ਹਾਲ ਨਿਵਾਸੀ ਮੁੱਦਕੀ ਚੋਰੀ ਦੇ ਮੋਟਰਸਾਈਕਲ ਵੇਚਣ ਦਾ ਆਦੀ ਹੈ ਅਤੇ ਅੱਜ ਵੀ ਕੋਟਕਪੂਰਾ ਵਿਚ ਘੁੰਮ ਰਿਹਾ ਹੈ। ਪੁਲਸ ਪਾਰਟੀ ਨੇ ਇਸ ਸਬੰਧੀ ਤੁਰੰਤ ਕਾਰਵਾਈ ਕਰਦਿਆਂ ਉਕਤ ਵਿਅਕਤੀ ਨੂੰ ਕਾਬੂ ਕਰ ਕੇ ਉਸ ਕੋਲੋਂ 7 ਮੋਟਰਸਾਈਕਲ ਬਰਾਮਦ ਕਰ ਲਏ ਗਏ, ਜਿਨ੍ਹਾਂ ਦੀ ਕੀਮਤ ਡੇਢ ਲੱਖ ਰੁਪਏ ਦੇ ਕਰੀਬ ਬਣਦੀ ਹੈ। ਉਕਤ ਵਿਅਕਤੀ ਖਿਲਾਫ਼ ਥਾਣਾ ਸਿਟੀ ਕੋਟਕਪੂਰਾ ਵਿਖੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।