ਟਰੈਕਟਰ-ਟਰਾਲੀ ਖੋਹਣ ਵਾਲੇ ਗ੍ਰਿਫ਼ਤਾਰ

Thursday, Mar 22, 2018 - 08:25 AM (IST)

ਸ੍ਰੀ ਮੁਕਤਸਰ ਸਾਹਿਬ (ਪਵਨ) - ਅੱਜ ਥਾਣਾ ਸਿਟੀ ਪੁਲਸ ਸ੍ਰੀ ਮੁਕਤਸਰ ਸਾਹਿਬ ਨੇ ਪਿਛਲੇ ਦਿਨੀਂ ਸਥਾਨਕ ਮਲੋਟ ਰੋਡ ਤੋਂ ਇਕ ਸਵਰਾਜ ਟਰੈਕਟਰ-ਟਰਾਲੀ ਖੋਹ ਕੇ ਲਿਜਾਣ ਵਾਲੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਇਨ੍ਹਾਂ ਦਾ ਇਕ ਸਾਥੀ ਪੁਲਸ ਦੀ ਪਕੜ 'ਚ ਨਹੀਂ ਆਇਆ।
ਇਸ ਸਬੰਧੀ ਥਾਣਾ ਸਿਟੀ ਦੇ ਮੁੱਖ ਅਫਸਰ ਤੇਜਿੰਦਰਪਾਲ ਸਿੰਘ ਨੇ ਦੱਸਿਆ ਕਿ ਉਕਤ ਘਟਨਾ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਇਸ ਕੇਸ ਨੂੰ ਹੱਲ ਕਰਨ ਲਈ ਚੌਕੀ ਬੱਸ ਸਟੈਂਡ ਦੇ ਮੁੱਖ ਅਫਸਰ ਦਰਸ਼ਨ ਸਿੰਘ ਏ. ਐੱਸ. ਆਈ. ਦੀ ਡਿਊਟੀ ਐੱਸ. ਐੱਸ. ਪੀ. ਸੁਸ਼ੀਲ ਕੁਮਾਰ ਵੱਲੋਂ ਲਾਈ ਗਈ ਸੀ।
ਸਥਾਨਕ ਬੱਸ ਅੱਡਾ ਚੌਕੀ ਦੇ ਇੰਚਾਰਜ ਦਰਸ਼ਨ ਸਿੰਘ ਨੇ ਦੱਸਿਆ ਕਿ 25-26 ਫਰਵਰੀ ਦੀ ਰਾਤ ਨੂੰ ਮਲੋਟ ਰੋਡ ਤੋਂ ਇਕ ਟਰੈਕਟਰ ਦੇ ਡਰਾਈਵਰ ਗੁਰਮੀਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਕੋਠੇ ਸੁਰਗਾ ਪੁਰੀ ਥਾਣਾ ਕੋਟ ਭਾਈ ਦੇ ਸੱਟਾਂ ਮਾਰ ਕੇ ਸਵਰਾਜ-724 ਟਰੈਕਟਰ-ਟਰਾਲੀ, ਜਿਸ ਦਾ ਨੰਬਰ ਪੀ. ਬੀ 30 ਐੱਲ 5145 ਹੈ, ਨੂੰ 3 ਅਣਪਛਾਤੇ ਵਿਅਕਤੀ ਖੋਹ ਕੇ ਲੈ ਗਏ ਸਨ। ਇਸ ਸਬੰਧੀ ਪੁਲਸ ਨੇ ਮੁਕੱਦਮਾ ਦਰਜ ਕਰ ਲਿਆ ਸੀ। ਪੁਲਸ ਨੇ ਇਸ ਸਬੰਧੀ ਕਾਰਵਾਈ ਕਰਦਿਆਂ 18 ਮਾਰਚ ਨੂੰ ਨਜ਼ਦੀਕ ਰੰਗਬੁੱਲਾ ਕੰਡਾ, ਬਲਮਗੜ੍ਹ ਰੋਡ ਸ੍ਰੀ ਮੁਕਤਸਰ ਸਾਹਿਬ ਤੋਂ ਉਕਤ ਟਰੈਕਟਰ-ਟਰਾਲੀ ਲਵਪ੍ਰੀਤ ਸਿੰਘ ਉਰਫ ਲਵਲੀ ਪੁੱਤਰ ਗੁਰਮੀਤ ਸਿੰਘ ਅਤੇ ਕੁਲਦੀਪ ਸਿੰਘ ਉਰਫ ਕਾਕਾ ਪੁੱਤਰ ਜਸਵਿੰਦਰ ਸਿੰਘ ਵਾਸੀ ਚਿਰਾਗ ਢਾਣੀ, ਥਾਣਾ ਅਰਨੀਵਾਲਾ ਤੋਂ ਬਰਾਮਦ ਕਰ ਲਿਆ। ਇਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰਨ ਉਪਰੰਤ 22 ਮਾਰਚ ਤੱਕ ਪੁਲਸ ਰਿਮਾਂਡ ਹਾਸਲ ਕੀਤਾ ਗਿਆ। ਇਨ੍ਹਾਂ ਦਾ ਇਕ ਸਾਥੀ ਅਜੇ ਫਰਾਰ ਹੈ।


Related News