ਨਵੀਂ ਤੇ ਪੱਕੀ ਕੁੱਲੀ ਬਣਨ ਦੀ ਆਸ ’ਚ ਢਾਹੇ ਸੀ ਪੁਰਾਣੇ ਮਕਾਨ, 300 ਤੋਂ ਵੱਧ ਲੋਕ ਹੋਏ ਬੇ-ਘਰ

01/29/2020 5:38:58 PM

ਮਮਦੋਟ (ਸੰਜੀਵ ਮਦਾਨ) - ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਸਕੀਮ ਦਾ ਲਾਹਾ ਨਾ ਮਿਲਣ ਕਾਰਨ ਮਮਦੋਟ ਦੇ ਲੋਕ ਕੜਾਕੇ ਦੀ ਠੰਡ ਅਤੇ ਮੀਂਹ ’ਚ ਠੁੱਰ-ਠੁੱਰ ਕਰਨ ਨੂੰ ਮਜ਼ਬੂਰ ਹੋ ਰਹੇ ਹਨ। ਦੱਸ ਦੇਈਏ ਕਿ ਮਮਦੋਟ ਨਗਰ ਪੰਚਾਇਤ ਦੀ ਹਦੂਦ ’ਚ ਪੈਂਦੇ ਕਰੀਬ 300 ਤੋਂ ਵੱਧ ਲਾਭਪਾਤਰੀਆਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਪੱਕੇ ਬਣਾਉਣ ਦੀ ਸਕੀਮ ਦਾ ਲਾਲਤ ਦਿੱਤਾ ਗਿਆ ਸੀ। ਪੱਕੇ ਮਕਾਨ ਬਣਨ ਦੇ ਲਾਲਚ ’ਚ ਗਰੀਬ ਲੋਕਾਂ ਨੇ ਆਪਣੇ ਗੁਜ਼ਾਰੇ ਲਈ ਪਾਈ ਕੁੱਲੀ ਢਾਹ ਦਿੱਤੀ ਸੀ। 3 ਸਾਲ ਦੇ ਕਰੀਬ ਦਾ ਸਮਾਂ ਬੀਤ ਜਾਣ ਮਗਰੋਂ ਉਕਤ ਲੋਕਾਂ ਨੂੰ ਅੱਜ ਤੱਕ ਸਿਰ ਢੱਕਣ ਲਈ ਕੇਂਦਰ ਸਰਕਾਰ ਦੀ ਉਕਤ ਸਹੂਲਤ ਨਸੀਬ ਨਹੀਂ ਹੋਈ, ਜਿਸ ਕਾਰਨ ਗਰੀਬ ਲੋਕ ਰੁੱਲ ਰਹੇ ਹਨ।  

ਸਰਕਾਰੀ ਯੋਜਨਾ ਨਾ ਮਿਲਣ ਤੋਂ ਅੱਕੇ ਲੋਕਾਂ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ "ਪੱਕੇ ਘਰ ਦੇ ਲਾਲਚ ’ਚ ਆ ਕੇ ਅਸੀਂ ਆਪਣੇ ਕੱਖਾਂ ਵਾਲੀ ਕੁੱਲੀ ਢਾਹ ਲਈ ਸੀ, ਜਿਸ ਕਾਰਨ ਉਹ ਅੱਜ ਤੱਕ ਰੁੱਲ ਰਹੇ ਹਨ। ਕੇਂਦਰ ਸਰਕਾਰ ਦੇ ਲਾਰਿਆਂ ਤੋਂ ਅੱਕ ਚੁੱਕੀਆਂ ਮਹਿਲਾਵਾਂ ਨੇ ਕਿਹਾ ਹੈ ਕਿ ਮਮਦੋਟ ਨਗਰ ਪੰਚਾਇਤ ਦੀ ਢਿੱਲ ਮੱਠ ਕਾਰਨ ਸਾਨੂੰ ਬਕਾਇਆ ਕਿਸ਼ਤਾਂ ਨਹੀਂ ਮਿਲ ਰਹੀਆਂ, ਜਿਸ ਕਾਰਨ ਸਾਡੇ ਮਕਾਨ ਨਹੀਂ ਬਣ ਰਹੇ। ਮਕਾਨ ਨਾ ਹੋਣ ਕਾਰਨ ਉਹ ਕੜਾਕੇ ਦੀ ਠੰਡ ’ਚ ਉਹ ਬੱਚਿਆਂ ਨੂੰ ਲੈ ਕੇ ਭਟਕ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਕਤ ਯੋਜਨਾ ਦਾ ਪੂਰਨ ਲਾਹਾ ਉਨ੍ਹਾਂ ਨੂੰ ਨਾ ਮਿਲਿਆ ਤਾਂ ਉਹ ਮਮਦੋਟ ਨਗਰ ਪੰਚਾਇਤ ਦੇ ਇਲੈਕਸ਼ਨਾਂ ’ਚ ਆਪਣਾ ਵੱਖਰਾ ਰੁੱਖ ਅਖਤਿਆਰ ਕਰਨਗੇ। 

ਇਸ ਮਾਮਲੇ ਦੇ ਸਬੰਧ ’ਚ ਜੂਨੀਅਰ ਇੰਜੀਨੀਅਰ ਸੁੱਚਾ ਸਿੰਘ ਨੇ ਕਿਹਾ ਕਿ 561 ਲਾਭਪਾਤਰੀਆਂ ਲਈ 2 ਕਰੋੜ 35 ਲੱਖ 6 ਹਜ਼ਾਰ ਰੁਪਏ ਮਨਜੂਰ ਹੋ ਗਏ ਸਨ, ਜਿਨ੍ਹਾਂ ਦੀਆਂ ਕਿਸ਼ਤਾਂ ਤਕਸੀਮ ਕੀਤੀਆਂ ਗਈਆਂ ਹਨ। ਤੀਸਰੀ ਕਿਸ਼ਤ 5 ਕਰੋੜ 82 ਲੱਖ 30 ਹਜ਼ਾਰ ਰੁਪਏ ਦੀ ਅਪਰੂਵਲ ਭੇਜੀ ਗਈ ਹੈ, ਜਿਵੇਂ ਹੀ ਇਹ ਰਾਸ਼ੀ ਰਿਲੀਜ਼ ਹੋ ਜਾਵੇਗੀ ਤੁਰੰਤ ਲੋਕਾਂ ਦੇ ਅਕਾਊਂਟ ’ਚ ਪੈਸੇ ਪਾ ਦਿੱਤੇ ਜਾਣਗੇ। 

rajwinder kaur

This news is Content Editor rajwinder kaur