ਗੁਰਦੁਆਰਾ ਸਾਹਿਬ ਦੇ ਰਸਤੇ ਦੇ ਗੇਟ ''ਤੇ ਲਾਈ ਗੁਰੂ ਨਾਨਕ ਦੇਵ ਜੀ ਦੀ ਮੂਰਤੀ

05/31/2019 10:45:38 AM

ਮਲੋਟ (ਜੁਨੇਜਾ) - ਸਿੱਖ ਸੰਗਤਾਂ ਵਲੋਂ ਗੁਜਰਾਤ ਦੇ ਭਾਵ ਨਗਰ ਚੌਕ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੂਰਤੀ ਲਾਉਣ ਦਾ ਵਿਰੋਧ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਦਖਲ ਪਿੱਛੋਂ ਇਸ ਨੂੰ ਰੋਕਣ ਦਾ ਮਾਮਲਾ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਹੈ। ਇਸੇ ਤਰ੍ਹਾਂ ਮਲੋਟ ਦੇ ਗੁਰੂ ਨਾਨਕ ਨਗਰ ਸਥਿਤ ਗੁਰਦੁਆਰਾ ਸਾਹਿਬ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜਾਣ ਵਾਲੇ ਰਸਤੇ ਲਈ ਬਣਾਏ ਮੁੱਖ ਗੇਟ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੂਰਤੀ ਲਾਉਣ ਦਾ ਮਾਮਲਾ ਵੀ ਸਾਹਮਣੇ ਆ ਗਿਆ ਹੈ। ਇਸ ਸਬੰਧੀ ਜਿਥੇ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਮੈਂਬਰ ਇਸ ਦੀ ਜ਼ਿੰਮੇਵਾਰੀ ਇਕ-ਦੂਜੇ 'ਤੇ ਸੁੱਟ ਰਹੇ ਹਨ, ਉਥੇ ਕਮੇਟੀ ਦੇ ਜ਼ਿੰਮੇਵਾਰ ਅਕਾਲੀ ਆਗੂਆਂ ਵਲੋਂ ਇਸ ਨੂੰ ਗਲਤੀ ਨਾਲ ਲੱਗੀ ਹੋਣ ਦਾ ਦੱਸ ਰਹੇ ਹਨ। 

ਦੱਸ ਦੇਈਏ ਕਿ ਭਾਵੇਂ ਸਿੱਖ ਧਰਮ 'ਚ ਮੂਰਤੀ ਪੂਜਾ ਦਾ ਵਿਰੋਧ ਤੇ ਇਸ ਨੂੰ ਸਿੱਖੀ ਸਿਧਾਂਤਾਂ ਦੇ ਉਲਟ ਸਮਝਿਆ ਜਾਂਦਾ ਹੈ ਪਰ ਬੁੱਧਵਾਰ ਨੂੰ ਗੁਰਦੁਆਰਾ ਸਾਹਿਬ ਦੇ ਰਸਤੇ 'ਤੇ ਬਣਾਏ ਦਰਵਾਜ਼ੇ 'ਤੇ ਕੇਂਦਰ 'ਚ ਗੁਰੂ ਜੀ ਦੀ ਰੰਗਦਾਰ ਮੂਰਤੀ ਲਾ ਦਿੱਤੀ ਗਈ। ਇਸ ਮਾਮਲੇ ਨੂੰ ਲੈ ਕੇ ਸਿੱਖ ਸੰਗਤਾਂ ਵਿਚ ਰੋਸ ਵੇਖਣ ਨੂੰ ਮਿਲਿਆ। ਇਸ ਸਬੰਧੀ ਜਦੋਂ ਕਮੇਟੀ ਮੈਂਬਰਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਾਰੇ ਇਸ ਜ਼ਿੰਮੇਵਾਰੀ ਤੋਂ ਟਾਲਾ ਵੱਟਦੇ ਨਜ਼ਰ ਆਏ।ਕਮੇਟੀ ਦੇ ਪ੍ਰਧਾਨ ਹਰਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਿਛਲੇ ਸਮੇਂ ਤੋਂ ਕਮੇਟੀ ਦੇ ਕੰਮਾਂ 'ਚ ਸਰਗਰਮੀ ਘੱਟ ਕੀਤੀ ਹੋਈ ਹੈ ਪਰ ਉਹ ਤਾਂ ਗੁਰਦੁਆਰਾ ਸਾਹਿਬ ਅੰਦਰ ਲੱਗੀਆਂ ਤਸਵੀਰਾਂ ਦੇ ਵੀ ਵਿਰੁੱਧ ਹਨ। ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਸਰਗਰਮ ਮੈਂਬਰ ਅਕਾਲੀ ਐੱਮ. ਸੀ. ਸੁਰਮੁੱਖ ਸਿੰਘ ਦਾ ਕਹਿਣਾ ਹੈ ਕਿ ਕਮੇਟੀ ਨੇ ਇਸ ਥਾਂ 'ਤੇ ਲਾਉਣ ਲਈ ਖੰਡਾ ਸਾਹਿਬ ਬਣਾਉਣੇ ਦਿੱਤੇ ਸਨ ਪਰ ਉਹ ਗਲਤੀ ਨਾਲ ਇਥੇ ਮੂਰਤੀ ਲਾ ਗਏ ਹਨ, ਜਿਸ ਨੂੰ ਉਥੋਂ ਹਟਾਇਆ ਜਾ ਰਿਹਾ ਹੈ।

rajwinder kaur

This news is Content Editor rajwinder kaur