ਰਜ਼ੀਆ ਸੁਲਤਾਨਾ ਦੀ ਕੋਠੀ ਦਾ ਘਿਰਾਓ ਕਰਨ ਜਾਂਦੇ ਮੋਟੀਵੇਟਰਾਂ ਦੀ ਪੁਲਸ ਨਾਲ ਧੱਕਾ-ਮੁੱਕੀ

07/11/2019 12:44:17 PM

ਮਾਲੇਰਕੋਟਲਾ (ਜ਼ਹੂਰ/ਸ਼ਹਾਬੂਦੀਨ) : ਮੋਟੀਵੇਟਰ ਤੇ ਮਾਸਟਰ ਮੋਟੀਵੇਟਰ ਯੂਨੀਅਨ ਪੰਜਾਬ ਦੇ ਵਰਕਰ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਪੰਜਾਬ ਸੈਨੀਟੇਸ਼ਨ ਵਿਭਾਗ ਦੀ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਦੀ ਮਾਲੇਰਕੋਟਲਾ ਸਥਿਤ ਕੋਠੀ ਵੱਲ ਰੋਸ ਮਾਰਚ ਕਰਦੇ ਜਾ ਰਹੇ ਸਨ ਅਤੇ ਕੋਠੀ ਨੇੜੇ ਹੋਈ ਮੋਟੀਵੇਟਰਾਂ ਅਤੇ ਪੁਲਸ ਦਰਮਿਆਨ ਧੱਕਾ-ਮੁੱਕੀ 'ਚ ਕਰੀਬ 14 ਮੋਟੀਵੇਟਰਾਂ ਅੰਮ੍ਰਿਤਪਾਲ ਸਿੰਘ ਅੰਮ੍ਰਿਤਸਰ, ਜਸਦੀਪ ਸਿੰਘ ਕਪੂਰਥਲਾ, ਨਵਰਾਜ ਸਿੰਘ ਬਰਨਾਲਾ, ਹਰਦੇਵ ਸਿੰਘ ਫ਼ਤਿਹਗੜ੍ਹ ਸਾਹਿਬ, ਮਨਪ੍ਰੀਤ ਸਿੰਘ ਫ਼ਤਿਹਗੜ੍ਹ ਸਾਹਿਬ, ਸੁਖਦਰਸ਼ਨ ਸਿੰਘ ਮੁਕਤਸਰ, ਸਤਪਾਲ ਸਿੰਘ ਮੁਕਤਸਰ, ਸੁਖਵਿੰਦਰ ਸਿੰਘ ਪਟਿਆਲਾ, ਤੇਜਦੀਪ ਸਿੰਘ ਕਪੂਰਥਲਾ, ਸ਼ਬੀਰ ਮਾਲੇਰਕੋਟਲਾ, ਬਲਜੀਤ ਸਿੰਘ ਫ਼ਿਰੋਜ਼ਪੁਰ, ਸੰਦੀਪ ਕੌਰ ਮੋਗਾ, ਸੁਰਿੰਦਰ ਸਿੰਘ ਫ਼ਿਰੋਜ਼ਪੁਰ ਅਤੇ ਅਮਿਤ ਫਤਿਹਗੜ੍ਹ ਸਾਹਿਬ ਦੀ ਸਿਹਤ ਖ਼ਰਾਬ ਹੋ ਗਈ ਅਤੇ ਕਈ ਬੇਹੋਸ਼ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਡਾਕਟਰਾਂ ਨੇ 5 ਮੋਟੀਵੇਟਰਾਂ ਨੂੰ ਪਟਿਆਲਾ ਲਈ ਰੈਫ਼ਰ ਕਰ ਦਿੱਤਾ।



ਯੂਨੀਅਨ ਆਗੂ ਸੁਖਵਿੰਦਰ ਸਿੰਘ ਅਤੇ ਰਮਨਦੀਪ ਕੌਰ ਨੇ ਦੱਸਿਆ ਕਿ ਅੱਜ ਮੋਟੀਵੇਟਰਾਂ ਵੱਲੋਂ ਧਰਨਾ ਸਥਾਨ ਤੋਂ ਵਿਭਾਗ ਦੀ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਦੀ ਰਿਹਾਇਸ਼ ਵੱਲ ਜਦ ਮੋਟੀਵੇਟਰ ਅੱਤ ਦੀ ਗਰਮੀ 'ਚ ਰੋਸ ਮਾਰਚ ਕਰਦੇ ਹੋਏ ਕੋਠੀ ਕੋਲ ਪਹੁੰਚੇ ਤਾਂ ਪੁਲਸ ਨੇ ਉਨ੍ਹਾਂ ਨੂੰ ਬੈਰੀਕੇਡ ਲਾ ਕੇ ਰੋਕ ਲਿਆ। ਇਸ ਦੌਰਾਨ ਹੋਈ ਧੱਕਾ-ਮੁੱਕੀ 'ਚ 14 ਮੋਟੀਵੇਟਰਾਂ ਦੀ ਸਿਹਤ ਖਰਾਬ ਹੋ ਗਈ। ਆਗੂਆਂ ਨੇ ਕਿਹਾ ਕਿ ਅੱਜ ਧਰਨੇ ਦੇ 14ਵੇਂ ਦਿਨ ਪੰਜ ਮੋਟੀਵੇਟਰ ਬਲਵਿੰਦਰ ਕੌਰ ਫਰੀਦਕੋਟ, ਜਸਵਿੰਦਰ ਸਿੰਘ ਸੰਗਰੂਰ, ਗੁਰਦੀਪ ਸਿੰਘ ਹੁਸ਼ਿਆਰਪੁਰ, ਲਖਵੀਰ ਸਿੰਘ ਹੁਸ਼ਿਆਰਪੁਰ, ਜਸਵੰਤ ਸਿੰਘ ਫਾਜ਼ਿਲਕਾ ਪਿੰਡ ਭੋਗੀਵਾਲ ਵਿਖੇ ਧਰਨਾ ਸਥਾਨ 'ਤੇ ਭੁੱਖ ਹੜਤਾਲ 'ਤੇ ਬੈਠੇ ਹਨ। ਖਬਰ ਲਿਖੇ ਜਾਣ ਤੱਕ ਰੋਸ ਮਾਰਚ ਕਰਨ ਵਾਲੇ ਧਰਨਾਕਾਰੀਆਂ ਵੱਲੋਂ ਕੈਬਟਿਨ ਮੰਤਰੀ ਰਜ਼ੀਆ ਸੁਲਤਾਨਾ ਦੀ ਕੋਠੀ ਨੇੜੇ ਧਰਨਾ ਜਾਰੀ ਸੀ।

cherry

This news is Content Editor cherry