ਦੇਸ਼ ਦਾ 348ਵਾਂ ਪਾਸਪੋਰਟ ਸੇਵਾ ਕੇਂਦਰ ਮਾਲੇਰਕੋਟਲਾ ''ਚ ਖੁੱਲ੍ਹਿਆ

02/17/2019 9:40:48 AM

ਮਾਲੇਰਕੋਟਲਾ(ਮਹਿਬੂਬ,ਜ਼ਹੂਰ, ਸ਼ਹਾਬੂਦੀਨ,ਯਾਸੀਨ)— ਦੇਸ਼ ਦੇ 348ਵੇਂ ਪਾਸਪੋਰਟ ਸੇਵਾ ਕੇਂਦਰ ਦਾ ਉਦਘਾਟਨ ਸ਼ਨੀਵਾਰ ਨੂੰ ਇੱਥੇ ਸਦਰ ਬਾਜ਼ਾਰ ਸਥਿਤ ਡਾਕਘਰ 'ਚ ਪੰਜਾਬ ਦੀ ਜਲ ਸਪਲਾਈ ਤੇ ਉਚੇਰੀ ਸਿੱਖਿਆ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਵੱਲੋਂ ਕੀਤਾ ਗਿਆ। ਇਸ ਸਮਾਰੋਹ ਦੀ ਪ੍ਰਧਾਨਗੀ ਜ਼ਿਲਾ ਸੰਗਰੂਰ ਤੋਂ ਮੈਂਬਰ  ਪਾਰਲੀਮੈਂਟ ਭਗਵੰਤ ਮਾਨ ਨੇ ਕੀਤੀ। ਉਦਘਾਟਨ ਤੋਂ ਪਹਿਲਾਂ ਭਗਵੰਤ ਮਾਨ ਨੇ ਦੱਸਿਆ ਕਿ ਇਹ ਪਾਸਪੋਰਟ ਦਫਤਰ ਪਹਿਲਾਂ ਸੰਗਰੂਰ ਵਿਖੇ ਖੋਲ੍ਹਿਆ ਜਾਣਾ ਸੀ ਪਰ ਜਗ੍ਹਾ ਦੀ ਤੰਗੀ ਕਾਰਨ ਇਸ ਨੂੰ ਮਾਲੇਰਕੋਟਲਾ ਵਿਖੇ ਖੋਲ੍ਹਿਆ ਜਾ ਰਿਹਾ ਹੈ।

ਉਦਘਾਟਨੀ ਰਸਮ ਮੌਕੇ ਸਮਾਰੋਹ ਨੂੰ ਸੰਬੋਧਨ ਕਰਦਿਆਂ ਮੈਡਮ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਇਹ ਪਾਸਪੋਰਟ ਦਫਤਰ ਉਨ੍ਹਾਂ ਦੀਆਂ ਕੋਸ਼ਿਸ਼ਾਂ ਅਤੇ ਸਿਫਾਰਿਸ਼ ਸਦਕਾ ਖੋਲ੍ਹਿਆ ਗਿਆ ਹੈ, ਕਿਉਂਕਿ ਮਾਲੇਰਕੋਟਲਾ ਤੋਂ ਬਹੁਤ ਲੋਕ ਹਰ ਸਾਲ ਹੱਜ ਯਾਤਰਾ ਲਈ ਮੱਕਾ ਮਦੀਨਾ ਜਾਂਦੇ ਹਨ ਤੇ ਬਹੁਤ ਸਾਰੇ ਲੋਕ ਹੋਰ ਦੇਸ਼ਾਂ 'ਚ ਆਪਣੇ ਰੋਜ਼ਗਾਰ ਲਈ ਆਉਂਦੇ-ਜਾਂਦੇ ਰਹਿੰਦੇ ਹਨ, ਜਿਨ੍ਹਾਂ ਨੂੰ ਚੰਡੀਗੜ੍ਹ ਜਾਂ ਲੁਧਿਆਣਾ ਆਦਿ ਵਿਖੇ ਪਾਸਪੋਰਟ ਬਣਵਾਉਣ ਲਈ ਖੱਜਲ-ਖੁਆਰ ਹੋਣਾ ਪੈਂਦਾ ਸੀ ਪਰ ਹੁਣ ਮਾਲੇਰਕੋਟਲਾ ਵਿਖੇ ਇਸਦੇ ਖੁੱਲ੍ਹਣ ਨਾਲ ਲੋਕ ਸੁਖਾਲੇ ਹੋ ਜਾਣਗੇ। ਸਮਾਰੋਹ ਨੂੰ ਸੰਬੋਧਨ ਕਰਦਿਆਂ ਖੇਤਰੀ ਪਾਸਪੋਰਟ ਅਧਿਕਾਰੀ ਸ਼ਿਵਾਸ ਕਵਿਰਾਜ ਨੇ ਕਿਹਾ ਕਿ ਮਾਲੇਰਕੋਟਲਾ ਦੇ ਇਸ ਪਾਸਪੋਰਟ ਸੇਵਾ ਕੇਂਦਰ 'ਚ ਇਹ ਸੇਵਾ ਸ਼ੁਰੂ ਹੋ ਚੁੱਕੀ ਹੈ ਤੇ ਲੋਕਾਂ ਨੂੰ ਸਿਰਫ ਤਿੰਨ ਦਿਨਾਂ 'ਚ ਹੀ ਪਾਸਪੋਰਟ ਬਣ ਕੇ ਮਿਲ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਲੋਕ ਇਸ ਸੇਵਾ ਲਈ ਮੁਲਾਕਾਤ ਦੀ ਸਹੂਲਤ ਆਨਲਾਈਨ ਵੀ ਲੈ ਸਕਦੇ ਹਨ ਤੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਮੁਫਤ ਕੇਂਦਰੀ ਹੈਲਪ ਲਾਈਨ 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਇਸ ਸਮੇਂ ਮੁੱਖ ਪੋਸਟ ਮਾਸਟਰ ਜਨਰਲ ਅਨਿਲ ਕੁਮਾਰ ਵੀ ਮੌਜੂਦ ਸਨ।

ਇਸ ਤੋਂ ਇਲਾਵਾ ਮੈਡਮ ਰਜ਼ੀਆ ਸੁਲਤਾਨਾ ਦੇ ਨਾਲ ਐੱਸ. ਡੀ. ਐੱਮ. ਚਰਨਦੀਪ ਸਿੰਘ, ਡੀ.ਐੱਸ.ਪੀ. ਯੋਗੀ ਰਾਜ ਸ਼ਰਮਾ, ਸ਼੍ਰੀ ਰਾਜੇਸ਼ ਸਨੇਹੀ ਇੰਸਪੈਕਟਰ, ਮੁਹੰਮਦ ਤਾਰਿਕ ਤੇ ਦਰਬਾਰਾ ਸਿੰਘ ਦੋਹੇਂ ਪੀ.ਏ. ਮੈਡਮ ਰਜ਼ੀਆ ਤੋਂ ਇਲਾਵਾ ਪੋਸਟ ਆਫਿਸ ਦਾ ਸਟਾਫ ਤੇ ਵੱਡੀ ਗਿਣਤੀ 'ਚ ਕਾਂਗਰਸੀ ਵਰਕਰ ਵੀ ਸ਼ਾਮਲ ਸਨ।

cherry

This news is Content Editor cherry