ਮਲੇਸ਼ੀਆ ਗਏ ਭਰਾ ਏਅਰਪੋਰਟ ''ਤੇ ਗ੍ਰਿਫ਼ਤਾਰ, 5 ਦਿਨ ਬਾਅਦ ਬੇਰੰਗ ਪਰਤੇ

01/24/2020 6:01:43 PM

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਪੁਲਸ ਵਲੋਂ ਦਸਤਾਵੇਜ਼ ਸਹੀ ਨਾ ਹੋਣ ਕਾਰਨ ਚਚੇਰੇ ਭਰਾਵਾਂ ਸੁਰਿੰਦਰਪਾਲ ਤੇ ਸੰਦੀਪ ਕੁਮਾਰ ਵਾਸੀ ਮਾਛੀਵਾੜਾ ਖਾਮ ਨੂੰ ਰੁਜ਼ਗਾਰ ਲਈ ਮਲੇਸ਼ੀਆ ਭੇਜਣ ਦੇ ਕਥਿਤ ਦੋਸ਼ ਹੇਠ ਟ੍ਰੈਵਲ ਏਜੰਟ ਮਨਦੀਪ ਸਿੰਘ ਵਾਸੀ ਬੁੱਲੇਵਾਲ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮੰਗਤ ਰਾਮ ਵਾਸੀ ਮਾਛੀਵਾੜਾ ਖਾਮ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਸਦੇ ਲੜਕੇ ਸੁਰਿੰਦਰਪਾਲ ਤੇ ਸੰਦੀਪ ਕੁਮਾਰ ਨੇ ਟ੍ਰੈਵਲ ਏਜੰਟ ਦਾ ਕੰਮ ਕਰਦੇ ਮਨਦੀਪ ਸਿੰਘ ਨਾਲ ਅਗਸਤ 2018 'ਚ ਵਿਦੇਸ਼ ਮਲੇਸ਼ੀਆ ਰੁਜ਼ਗਾਰ ਲਈ ਜਾਣ ਦੀ ਗੱਲ ਕੀਤੀ। ਏਜੰਟ ਮਨਦੀਪ ਸਿੰਘ ਵਾਸੀ ਬੁੱਲੇਵਾਲ ਨੇ ਵਿਸ਼ਵਾਸ ਦਿਵਾਇਆ ਕਿ ਦੋਵਾਂ ਨੂੰ ਵਰਕ ਪਰਮਿਟ 'ਤੇ ਰੁਜ਼ਗਾਰ ਲਈ ਭੇਜ ਦੇਵੇਗਾ ਜਿਸ ਲਈ ਉਸ ਨੂੰ ਵੱਖ-ਵੱਖ ਮਿਤੀਆਂ ਨੂੰ 2 ਲੱਖ 59 ਹਜ਼ਾਰ ਰੁਪਏ ਦੇ ਦਿੱਤੇ। ਲੰਘੀ 13-8-2018 ਨੂੰ ਏਜੰਟ ਮਨਦੀਪ ਸਿੰਘ ਨੇ ਸੁਰਿੰਦਰਪਾਲ ਤੇ ਸੰਦੀਪ ਕੁਮਾਰ ਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਜਹਾਜ਼ ਰਾਹੀਂ ਮਲੇਸ਼ੀਆ ਭੇਜ ਦਿੱਤਾ। ਮਲੇਸ਼ੀਆ ਏਅਰਪੋਰਟ ਪੁੱਜਣ 'ਤੇ ਉਥੋਂ ਦੀ ਇਮੀਗ੍ਰੇਸ਼ਨ ਨੇ ਸੁਰਿੰਦਰਪਾਲ ਤੇ ਸੰਦੀਪ ਕੁਮਾਰ ਨੂੰ ਵੀਜ਼ਾ 'ਤੇ ਦਸਤਾਵੇਜ਼ ਸਹੀ ਨਾ ਹੋਣ ਕਾਰਨ ਗ੍ਰਿਫ਼ਤਾਰ ਕਰ ਲਿਆ ਅਤੇ 5 ਦਿਨਾਂ ਤੱਕ ਉਥੋਂ ਦੀ ਪੁਲਸ ਨੇ ਦੋਵੇਂ ਨੂੰ ਹਿਰਾਸਤ 'ਚ ਰੱਖਿਆ। 

ਅਖੀਰ ਮੰਗਤ ਰਾਮ ਨੇ ਆਪਣੇ ਖਰਚੇ 'ਤੇ ਏਅਰਪੋਰਟ ਤੋਂ ਟਿਕਟਾਂ ਲੈ ਕੇ ਲੜਕੇ ਸੁਰਿੰਦਰਪਾਲ ਤੇ ਭਤੀਜੇ ਸੰਦੀਪ ਕੁਮਾਰ ਨੂੰ ਵਾਪਿਸ ਭਾਰਤ ਮੰਗਵਾਇਆ। ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਮਨਦੀਪ ਸਿੰਘ ਵਾਸੀ ਬੁੱਲੇਵਾਲ ਕੋਈ ਰਜਿਸਟਰਡ ਟ੍ਰੈਵਲ ਏਜੰਟ ਨਹੀਂ ਹੈ ਅਤੇ ਉਸਨੇ ਸ਼ਿਕਾਇਤਕਰਤਾ ਮੰਗਤ ਰਾਮ ਨੂੰ ਗੁੰਮਰਾਹ ਕਰ ਉਸਦੇ ਪੁੱਤਰ ਤੇ ਭਤੀਜੇ ਨੂੰ ਵਰਕ ਪਰਮਿਟ ਦੀ ਥਾਂ ਟੂਰਿਸਟ ਵੀਜ਼ਾ ਲਗਾ ਕੇ ਮਲੇਸ਼ੀਆ ਭੇਜ ਦਿੱਤਾ ਅਤੇ 2 ਲੱਖ 59 ਹਜ਼ਾਰ ਰੁਪਏ ਦੀ ਧੋਖਾਧੜੀ ਕੀਤੀ। ਪੁਲਸ ਵਲੋਂ ਮਨਦੀਪ ਸਿੰਘ ਵਾਸੀ ਬੁੱਲੇਵਾਲ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ।

Gurminder Singh

This news is Content Editor Gurminder Singh