ਸੁਲਤਾਨਪੁਰ ਲੋਧੀ ’ਚ ਵੱਡੀ ਵਾਰਦਾਤ, ਔਰਤ ਨੂੰ ਤੇਜ਼ਧਾਰ ਹਥਿਆਰਾਂ ਨਾਲ ਮੌਤ ਦੇ ਘਾਟ ਉਤਾਰਿਆ

05/18/2023 10:43:26 PM

ਸੁਲਤਾਨਪੁਰ ਲੋਧੀ (ਸੋਢੀ) : ਬੇਬੇ ਨਾਨਕੀ ਅਰਬਨ ਅਸਟੇਟ (ਪੁਡਾ ਕਾਲੋਨੀ) ਸੁਲਤਾਨਪੁਰ ਲੋਧੀ ਵਿਖੇ ਆਪਣੀ ਕੋਠੀ ’ਚ ਇਕੱਲੀ ਰਹਿ ਰਹੀ ਔਰਤ ਜਸਵੀਰ ਕੌਰ ਦਾ ਭੇਤਭਰੇ ਢੰਗ ਨਾਲ ਤੇਜ਼ਧਾਰ ਹਥਿਆਰਾਂ ਨਾਲ ਕਤਲ ਹੋਣ ਦੀ ਦੁੱਖ਼ਦਾਈ ਖ਼ਬਰ ਮਿਲੀ ਹੈ । ਮ੍ਰਿਤਕ ਔਰਤ ਦਾ ਇਕ ਪੁੱਤ ਤੇ ਦੋ ਧੀਆਂ ਵਿਦੇਸ਼ ਰਹਿੰਦੀਆਂ ਹਨ। ਘਟਨਾ ਦਾ ਪਤਾ ਲੱਗਦਿਆਂ ਹੀ ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਬਬਨਦੀਪ ਸਿੰਘ ਤੇ ਇੰਸਪੈਕਟਰ ਸ਼ਿਵਕੰਵਲ ਸਿੰਘ ਘਟਨਾ ਸਥਾਨ ’ਤੇ ਪਹੁੰਚੇ ਤੇ ਇਸ ਕਤਲ ਦੀ ਵਾਰਦਾਤ ਦੀ ਜਾਂਚ ਆਰੰਭ ਕਰ ਦਿੱਤੀ ਹੈ। ਉਨ੍ਹਾਂ ਨਾਲ ਪ੍ਰੋਬੇਸ਼ਨਲ ਡੀ. ਐੱਸ. ਪੀ. ਖ਼ੁਸ਼ਪ੍ਰੀਤ ਸਿੰਘ ਵੀ ਸਨ। ਹੋਰ ਜਾਣਕਾਰੀ ਅਨੁਸਾਰ ਇਸ ਮ੍ਰਿਤਕ ਔਰਤ ਦਾ ਜਵਾਈ ਬਲਵਿੰਦਰ ਸਿੰਘ ਪੱਪੂ ਨਿਵਾਸੀ ਸਰਾਏ ਜੱਟਾਂ ਵੀ ਕੁਝ ਦਿਨਾਂ ਤੋਂ ਡਿਪ੍ਰੈਸ਼ਨ ਵਿਚ ਸੀ, ਜਿਸ ਵੱਲੋਂ ਅੱਜ ਸ਼ਾਮ ਇਕ ਵੀਡੀਓ ਬਣਾ ਕੇ ਆਪਣੇ ਫੋਨ ਤੋਂ ਵੱਖ-ਵੱਖ ਰਿਸ਼ਤੇਦਾਰਾਂ ਨੂੰ ਵਾਇਰਲ ਕੀਤੀ ਗਈ ਜਿਸ ਵਿਚ ਉਸ ਵੱਲੋਂ ਖੁਦਕੁਸ਼ੀ ਕਰਨ ਬਾਰੇ ਕਿਹਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਛੁਡਵਾਉਣ ਨੂੰ ਲੈ ਕੇ ਕੈਬਨਿਟ ਮੰਤਰੀ ਧਾਲੀਵਾਲ ਨੇ ਦਿੱਤੇ ਇਹ ਹੁਕਮ

ਇਸ ਵਾਰਦਾਤ ਦੀ ਜਾਂਚ ਕਰ ਰਹੇ ਡੀ. ਐੱਸ. ਪੀ. ਬਬਨਦੀਪ ਸਿੰਘ ਲੁਬਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਬਲਵਿੰਦਰ ਸਿੰਘ ਪੱਪੂ, ਜੋ ਪਿੰਡ ਸਰਾਏ ਜੱਟਾਂ ਦਾ ਨਿਵਾਸੀ ਹੈ ਤੇ ਕੁਝ ਦਿਨਾਂ ਤੋਂ ਡਿਪ੍ਰੈਸ਼ਨ ਵਿਚ ਸੀ। ਉਸ ਨੇ ਆਪਣੀ ਵੀਡੀਓ ਵਾਇਰਲ ਕੀਤੀ ਸੀ ਕਿ ਉਹ ਅੱਜ ਸ਼ਾਮ ਖ਼ੁਦਕੁਸ਼ੀ ਕਰ ਲਵੇਗਾ, ਜਿਸ ਤੋਂ ਬਾਅਦ ਉਹ ਤੇ ਇੰਸਪੈਕਟਰ ਸ਼ਿਵਕੰਵਲ ਸਿੰਘ ਬਲਵਿੰਦਰ ਸਿੰਘ ਨੂੰ ਲੱਭਣ ਲਈ ਭੱਜ-ਦੌੜ ਕਰਨ ਲੱਗੇ ਤਾਂ ਜੋ ਉਸ ਨੂੰ ਖ਼ੁਦਕੁਸ਼ੀ ਕਰਨ ਤੋਂ ਰੋਕਿਆ ਜਾ ਸਕੇ ਤੇ ਜਦ ਉਹ ਕਿਸੇ ਪਾਸੇ ਨਾ ਮਿਲਿਆ ਤਾਂ ਉਸ ਦੇ ਮੋਬਾਇਲ ਦੀ ਲੋਕੇਸ਼ਨ ਚੈੱਕ ਕੀਤੀ ਗਈ, ਜੋ ਪੁੱਡਾ ਕਾਲੋਨੀ ਸੁਲਤਾਨਪੁਰ ਲੋਧੀ ਦੀ ਮਿਲੀ, ਜਿਸ ’ਤੇ ਪੁਲਸ ਨੇ ਉਸ ਦੀ ਸੱਸ ਜਸਵੀਰ ਕੌਰ ਦੇ ਘਰ ਚੈੱਕ ਕਰਨ ਲਈ ਆਏ ਤਾਂ ਪੁਲਸ ਨੂੰ ਕੋਠੀ ਦੇ ਅੰਦਰ ਬੈੱਡ ਦੇ ਨਜ਼ਦੀਕ ਜਸਵੀਰ ਕੌਰ ਪਤਨੀ ਲੇਟ ਨਿਰਵੈਰ ਸਿੰਘ ਦੀ ਲਾਸ਼ ਮਿਲੀ।

ਇਹ ਖ਼ਬਰ ਵੀ ਪੜ੍ਹੋ : CM ਮਾਨ ਵੱਲੋਂ ਪੰਜਾਬ ਪੁਲਸ ਲਈ ਵੱਡੇ ਐਲਾਨ, ਸਰਕਾਰੀ ਬੱਸਾਂ ਨੂੰ ਲੈ ਕੇ ਅਹਿਮ ਖ਼ਬਰ, ਪੜ੍ਹੋ Top 10

ਪੁਲਸ ਨੇ ਥਾਣਾ ਸੁਲਤਾਨਪੁਰ ਲੋਧੀ ਵਿਖੇ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ । ਡੀ. ਐੱਸ. ਪੀ. ਬਬਨਦੀਪ ਸਿੰਘ ਨੇ ਕਿਹਾ ਕਿ ਪੁਲਸ ਮ੍ਰਿਤਕ ਮਹਿਲਾ ਜਸਵੀਰ ਕੌਰ ਦੇ ਜਵਾਈ ਦੀ ਭਾਲ ਕਰ ਰਹੀ ਹੈ ਤੇ ਇਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ । ਉਨ੍ਹਾਂ ਇਹ ਵੀ ਦੱਸਿਆ ਕਿ ਮ੍ਰਿਤਕ ਔਰਤ ਦੇ ਤਿੰਨ ਬੱਚੇ ਇਕ ਲੜਕਾ ਤੇ ਦੋ ਲੜਕੀਆਂ ਹਨ ਤੇ ਸਾਰੇ ਹੀ ਅਮਰੀਕਾ ਵਿਚ ਰਹਿ ਰਹੇ ਹਨ । ਇਹ ਵੀ ਦੱਸਿਆ ਕਿ ਉਨ੍ਹਾਂ ਦੇ ਜਵਾਈ ਨੂੰ ਵੀ ਵਿਦੇਸ਼ ਲਿਜਾਣ ਲਈ ਯਤਨ ਕੀਤੇ ਗਏ ਪਰ ਉਹ ਰਸਤੇ ’ਚੋਂ ਹੀ ਫੜ ਹੋਣ ਕਾਰਨ ਵਾਪਸ ਭੇਜ ਦਿੱਤਾ ਗਿਆ, ਜਿਸ ਕਾਰਨ ਉਹ ਕੁਝ ਦਿਨਾਂ ਤੋਂ ਕਾਫੀ ਡਿਪ੍ਰੈਸ਼ਨ ’ਚ ਸੀ। ਮ੍ਰਿਤਕ ਦੇ ਕੁਝ ਰਿਸ਼ਤੇਦਾਰਾਂ ਅਨੁਸਾਰ ਔਰਤ ਦੇ ਕਤਲ ਦੀਆਂ ਤਾਰਾਂ ਉਸ ਦੇ ਜਵਾਈ ਨਾਲ ਜੁੜਦੀਆਂ ਹਨ। ਪੁਲਸ ਵੱਲੋਂ ਫਿੰਗਰ ਪ੍ਰਿੰਟ ਮਾਹਿਰਾਂ ਦੀ ਟੀਮ ਬੁਲਾ ਕੇ ਹਾਲੇ ਤਫ਼ਤੀਸ਼ ਕੀਤੀ ਜਾਣੀ ਹੈ, ਫਿਰ ਹੀ ਪਤਾ ਲੱਗੇਗਾ ਕਿ ਕਤਲ ਕਿਸ ਨੇ ਕੀਤਾ ਹੈ। ਫਿਲਹਾਲ ਪੁਲਸ ਮ੍ਰਿਤਕ ਦੇ ਜਵਾਈ ਦੀ ਭਾਲ ਵਿਚ ਹੈ। ਇਹ ਵੀ ਪਤਾ ਲੱਗਾ ਹੈ ਕਿ ਬੀਤੀ ਰਾਤ ਤੋਂ ਬਿਜਲੀ ਬੰਦ ਰਹਿਣ ਕਾਰਨ ਘਰ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵੀ ਵਾਰਦਾਤ ਸਮੇਂ ਬੰਦ ਸਨ।

Manoj

This news is Content Editor Manoj