ਜਲੰਧਰ ’ਚ ਵੱਡੀ ਵਾਰਦਾਤ, ਨਾਬਾਲਗ ਕੁੜੀ ਦਾ ਗਲਾ ਵੱਢ ਕੇ ਕਤਲ, ਖੇਤਾਂ ’ਚੋਂ ਖ਼ੂਨ ਨਾਲ ਲਥਪਥ ਮਿਲੀ ਲਾਸ਼

02/08/2022 11:16:08 AM

ਜਲੰਧਰ (ਮਹੇਸ਼)- ਜ਼ਿਲ੍ਹਾ ਦਿਹਾਤੀ ਪੁਲਸ ਦੇ ਥਾਣਾ ਪਤਾਰਾ ਅਧੀਨ ਪੈਂਦੇ ਪਿੰਡ ਜੌਹਲਾਂ ਦੇ ਗੰਨਿਆਂ ਦੇ ਖੇਤ ਵਿਚੋਂ ਇਕ 16-17 ਸਾਲ ਦੀ ਨਾਬਾਲਗ ਕੁੜੀ ਦੀ ਲਾਸ਼ ਬਰਾਮਦ ਹੋਈ ਹੈ, ਜਿਸ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਹੈ। ਖ਼ੂਨ ਵਿਚ ਲਥਪਥ ਨਾਬਾਲਗਾ ਦੀ ਲਾਸ਼ ਬਰਾਮਦ ਹੋਣ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਇਸ ਘਟਨਾ ਨੇ ਉਨ੍ਹਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਸਬੰਧੀ ਸੂਚਨਾ ਮਿਲਦੇ ਹੀ ਏ. ਸੀ. ਪੀ. ਆਦਮਪੁਰ ਅਜੇ ਗਾਂਧੀ, ਐੱਸ. ਐੱਚ. ਓ. ਪਤਾਰਾ ਨਰਿੰਦਰ ਸਿੰਘ ਅਤੇ ਐੱਸ. ਆਈ. ਜਸਪਾਲ ਸਿੰਘ ਸਮੇਤ ਪੁਲਸ ਪਾਰਟੀ ਅਤੇ ਫਿੰਗਰ ਪ੍ਰਿੰਟ ਟੀਮ ਦੇ ਮਾਹਿਰਾਂ ਨਾਲ ਮੌਕੇ ’ਤੇ ਪੁੱਜੇ ਅਤੇ ਨਾਬਾਲਗਾ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ: ‘ਆਪ’ ਆਗੂ ਜਰਨੈਲ ਸਿੰਘ ਦਾ ਕਾਂਗਰਸ ’ਤੇ ਤੰਜ, ਮੁੱਖ ਮੰਤਰੀ ਚੰਨੀ ਨੂੰ ਦੱਸਿਆ ਕਰੈਕਟਰਲੈੱਸ

ਨਾਬਾਲਗਾ ਦੇ ਗਲੇ ’ਤੇ ਪਾਏ ਗਏ ਨਿਸ਼ਾਨਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਸ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਹੈ। ਪਿੰਡ ਹਜ਼ਾਰਾ ਨਿਵਾਸੀ ਜਸਪ੍ਰੀਤ ਸਿੰਘ ਪੁੱਤਰ ਜਸਪਾਲ ਸਿੰਘ ਨੇ ਪੁਲਸ ਅਧਿਕਾਰੀਆਂ ਨੂੰ ਬਿਆਨ ਦਿੰਦਿਆਂ ਕਿਹਾ ਕਿ ਉਸ ਨੇ ਉਕਤ ਜ਼ਮੀਨ ਪਿੰਡ ਜੌਹਲਾਂ ਨਿਵਾਸੀ ਮਾਸਟਰ ਜਗੀਰ ਸਿੰਘ ਕੋਲੋਂ ਵਾਹੀ ਲਈ ਠੇਕੇ ’ਤੇ ਲਈ ਹੋਈ ਹੈ। ਬੀਤੀ ਦੇਰ ਸ਼ਾਮ ਖੇਤਾਂ ਵੱਲੋਂ ਆਏ ਉਨ੍ਹਾਂ ਦੇ ਪ੍ਰਵਾਸੀ ਮਜ਼ਦੂਰ ਦਲੀਪ ਮੁਨੀ ਪੁੱਤਰ ਮੁਨੀ ਲਾਲ ਮੂਲ ਨਿਵਾਸੀ ਬਿਹਾਰ, ਹਾਲ ਨਿਵਾਸੀ ਪਿੰਡ ਹਜ਼ਾਰਾ ਨੇ ਉਨ੍ਹਾਂ ਨੂੰ ਦੱਸਿਆ ਕਿ ਗੰਨਿਆਂ ਦੇ ਖੇਤ ਵਿਚ ਇਕ ਕੁੜੀ ਦੀ ਲਾਸ਼ ਪਈ ਹੋਈ ਹੈ, ਜਿਸ ਤੋਂ ਬਾਅਦ ਉਹ ਤੁਰੰਤ ਉਥੇ ਪਹੁੰਚੇ।

ਇਹ ਵੀ ਪੜ੍ਹੋ: ‘ਆਪ’ ਕੋਲ ਹੁਣ ਕੋਈ ਮੁੱਦਾ ਨਹੀਂ, ਕਾਂਗਰਸ ਦਾ ਸੀ. ਐੱਮ. ਚਿਹਰਾ ਵੀ ਸਾਹਮਣੇ ਆ ਗਿਆ: ਸੋਨੀ

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ। ਉਸ ਬਾਰੇ ਆਲੇ-ਦੁਆਲੇ ਦੇ ਇਲਾਕਿਆਂ ਵਿਚੋਂ ਵੀ ਪੁੱਛਿਆ ਗਿਆ ਪਰ ਅਜੇ ਤੱਕ ਕੁਝ ਪਤਾ ਨਹੀਂ ਲੱਗਾ। ਉਨ੍ਹਾਂ ਦੱਸਿਆ ਕਿ ਨਾਬਾਲਗਾ ਨੇ ਸੁਨਹਿਰੀ ਰੰਗ ਦਾ ਸੂਟ, ਕਾਲੇ ਰੰਗ ਦੀ ਜੈਕੇਟ ਟਾਈਪ ਕੋਟੀ ਅਤੇ ਕਾਲੇ ਰੰਗ ਦੀ ਪਜ਼ਾਮੀ ਪਹਿਨੀ ਹੋਈ ਹੈ। ਲਾਸ਼ ਨੂੰ ਵੇਖ ਕੇ ਲੱਗਦਾ ਹੈ ਕਿ ਉਸ ਦਾ ਕੁਝ ਦਿਨ ਪਹਿਲਾਂ ਹੀ ਕਤਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਸ ਨੇ ਬਣਦੀ ਕਾਨੂੰਨੀ ਕਾਰਵਾਈ ਕਰਦਿਆਂ ਮ੍ਰਿਤਕਾ ਦੀ ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਹੈ। ਮੰਗਲਵਾਰ ਸਵੇਰੇ ਪੋਸਟਮਾਰਟਮ ਕਰਵਾਇਆ ਜਾਵੇਗਾ। ਮੈਡੀਕਲ ਰਿਪੋਰਟ ਆਉਣ ’ਤੇ ਹੀ ਮੌਤ ਦੇ ਸਹੀ ਕਾਰਨ ਸਾਹਮਣੇ ਆ ਸਕਣਗੇ। ਪੁਲਸ ਅਧਿਕਾਰੀਆਂ ਕੋਲੋਂ ਇਹ ਪੁੱਛੇ ਜਾਣ ’ਤੇ ਇਹ ਮਾਮਲਾ ਧਾਰਾ 376 ਨਾਲ ਤਾਂ ਨਹੀਂ ਜੁੜਿਆ ਹੋਇਆ, ਉਨ੍ਹਾਂ ਕਿਹਾ ਕਿ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ। ਪੂਰੀ ਜਾਂਚ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ। ਇਲਾਕੇ ਦੇ ਲੋਕਾਂ ਨੇ ਕਿਹਾ ਕਿ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਜਲਦ ਤੋਂ ਜਲਦ ਬੇਨਕਾਬ ਹੋਣੇ ਚਾਹੀਦੇ ਹਨ।

ਇਹ ਵੀ ਪੜ੍ਹੋ: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਏ CM ਚੰਨੀ, ਕੀਤੀ ਸਰਬੱਤ ਦੇ ਭਲੇ ਦੀ ਅਰਦਾਸ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri