ਤਸਵੀਰਾਂ ''ਚ ਦੇਖੋ ਚੜ੍ਹਦੀ ਸਵੇਰ ਮੁਕਤਸਰ ''ਚ ਮਚੀ ਹਾਹਾਕਾਰ, ਭਿਆਨਕ ਮੰਜ਼ਰ ਦੇਖ ਕੰਬ ਗਈ ਲੋਕਾਂ ਦੀ ਰੂਹ

11/26/2015 1:18:38 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ਸ੍ਰੀ ਮੁਕਤਸਰ ਸਾਹਿਬ ''ਚ ਚੜ੍ਹਦੀ ਸਵੇਰ ਵਾਪਰੇ ਇਕ ਭਿਆਨਕ ਸੜਕ ਹਾਦਸੇ ਦੌਰਾਨ 3 ਲੋਕਾਂ ਦੀ ਮੌਕੇ ''ਤੇ ਹੀ ਮੌਤ ਹੋ ਗਈ, ਜਦੋਂ ਕਿ 4 ਲੋਕ ਜ਼ਖਮੀਂ ਹੋ ਗਏ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਜਾਣਕਾਰੀ ਮੁਤਾਬਕ ਬਚਨ ਸਿੰਘ ਵਾਸੀ ਪਿੰਡ ਧਾਲੀਵਾਲ ਜ਼ਿਲਾ ਕਪੂਰਥਲਾ ਆਪਣੇ ਪਰਿਵਾਰ ਅਤੇ ਹੋਰ ਲੋਕਾਂ ਸਮੇਤ ਲਾਲਗੜ੍ਹ ਵਿਖੇ ਸਥਿਤ ਧਾਰਮਿਕ ਜਗ੍ਹਾ ''ਤੇ ਮੱਥਾ ਟੇਕਣ ਜਾ ਰਿਹਾ ਸੀ। ਜਦੋਂ ਇਹ ਲੋਕ ਪਿੰਡ ਬੂੜਾਗੁੱਜਰ ਨੇੜੇ ਪਹੁੰਚੇ ਤਾਂ ਸਾਹਮਣਿਓਂ ਆ ਰਹੀ ਇਕ ਬੱਸ ਨਾਲ ਉਨ੍ਹਾਂ ਦੀ ਟੱਕਰ ਹੋ ਗਈ। 
ਇਸ ਦੌਰਾਨ ਬਚਨ ਸਿੰਘ, ਉਸਦੀ ਵਿਆਹੁਤਾ ਲੜਕੀ ਮਨਪ੍ਰੀਤ ਕੌਰ (25) ਪਤਨੀ ਰਾਜੂ ਅਤੇ ਗੁਆਢਣ ਬਖਸ਼ੋ (45) ਪਤਨੀ ਮੰਗਲ ਸਿੰਘ ਦੀ ਮੌਕੇ ''ਤੇ ਹੀ ਮੌਤ ਹੋ ਗਈ, ਜਦੋਂ ਕਿ ਜਸਪਾਲ ਕੌਰ (45) ਪਤਨੀ ਬਚਨ ਸਿੰਘ, ਹਰਜਿੰਦਰ ਸਿੰਘ (27) ਪੁੱਤਰ ਮੰਗਲ ਸਿੰਘ, ਬਚਨ ਸਿੰਘ ਦਾ ਜਵਾਈ ਰਾਜੂ (27) ਅਤੇ ਛੋਟਾ ਬੱਚਾ ਰਿਵਾਜ (3) ਪੁੱਤਰ ਰਾਜੂ ਜਖ਼ਮੀ ਹੋ ਗਏ। ਜਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਵਿਖੇ ਪਹੁੰਚਾਇਆ, ਜਿਥੇ ਗੰਭੀਰ ਹਾਲਤ ਦੇ ਚੱਲਦਿਆ ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਲਈ ਰੈਫਰ ਕਰ ਦਿੱਤਾ ਗਿਆ। 
ਹਾਦਸੇ ਦੌਰਾਨ ਕਿਲੋਮੀਟਰ ਸਕੀਮ ਅਧੀਨ ਚੱਲਦੀ ਬੱਸ ਦਾ ਅਗਲੇਰਾ ਹਿੱਸਾ ਵੀ ਕਾਫ਼ੀ ਨੁਕਸਾਨਿਆ ਗਿਆ ਅਤੇ ਕੰਡਕਟਰ ਅਮ੍ਰਿੰਤਪਾਲ ਸਿੰਘ ਜਖ਼ਮੀਂ ਹੋ ਗਿਆ, ਜੋ ਕਿ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਇਲਾਜ ਅਧੀਨ ਹੈ। ਇਸ ਦੌਰਾਨ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੇ ਇੰਚਾਰਜ਼ ਜਤਿੰਦਰਪਾਲ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ ''ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ। 

Babita Marhas

This news is News Editor Babita Marhas