ਰਾਹੁਲ ਗਾਂਧੀ ਦੇ ਇਸ਼ਾਰੇ 'ਤੇ ਸਿੱਧੂ ਜੋੜੇ ਨੂੰ ਬਚਾਇਆ ਜਾ ਰਿਹੈ: ਮਜੀਠੀਆ,ਚੁੱਘ

10/25/2018 9:53:43 AM

ਅੰਮ੍ਰਿਤਸਰ/ਚੰਡੀਗੜ੍ਹ (ਛੀਨਾ)—ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਭਾਜਪਾ ਆਗੂ ਤਰੁਣ ਚੁੱਘ ਨੇ ਦੋਸ਼ ਲਾਇਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਸਿਆਸੀ ਦਬਾਅ 'ਤੇ ਦਰਦਨਾਕ ਰੇਲ ਹਾਦਸੇ ਲਈ ਜ਼ਿੰਮੇਵਾਰ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ,  ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਤੇ ਦੁਸਹਿਰਾ ਪ੍ਰਬੰਧਕ ਕਮੇਟੀ ਦੇ ਆਗੂ ਮਿੱਠੂ ਮਦਾਨ ਨੂੰ ਬਚਾਉਣ ਲਈ ਪੂਰੀ ਵਾਹ ਲਾ ਰਹੀ ਹੈ।

ਅੱਜ ਇਥੇ ਪ੍ਰੈੱਸ ਕਾਨਫਰੰਸ 'ਚ ਗੱਲਬਾਤ ਕਰਦਿਆਂ ਸ. ਮਜੀਠੀਆ ਨੇ ਕਿਹਾ ਕਿ ਇਕ ਆਮ ਸਾਧਾਰਨ ਸੜਕ ਹਾਦਸੇ ਹੋਵੇ ਤਾਂ ਤੁਰੰਤ ਕੇਸ ਦਰਜ ਕਰ ਲਿਆ ਜਾਂਦਾ ਹੈ ਪਰ ਰੇਲ ਹਾਦਸੇ ਦੇ 6ਵੇਂ ਦਿਨ ਤੱਕ ਵੀ ਕਿਸੇ ਦੋਸ਼ੀ ਖਿਲਾਫ ਐੱਫ. ਆਈ. ਆਰ. ਜਾਂ ਕਾਰਵਾਈ ਨਾ ਕਰ ਕੇ ਇਨਸਾਫ ਮੰਗਦੇ ਲੋਕਾਂ ਨਾਲ ਸਰਕਾਰ ਸਿਆਸਤ ਕਰ ਰਹੀ ਹੈ ਕਿਉਂਕਿ ਦੋਸ਼ੀ ਰਾਹੁਲ ਗਾਂਧੀ ਦੇ ਚਹੇਤੇ ਅਤੇ ਪ੍ਰਭਾਵਸ਼ਾਲੀ ਲੋਕ ਹਨ। ਉਨ੍ਹਾਂ ਪੀੜਤਾਂ ਨੂੰ ਇਨਸਾਫ ਮਿਲਣ ਤੱਕ ਅਕਾਲੀ-ਭਾਜਪਾ ਗਠਜੋੜ ਵੱਲੋਂ ਲੜਾਈ ਜਾਰੀ ਰੱਖਣ ਦਾ ਐਲਾਨ ਵੀ ਕੀਤਾ। ਉਨ੍ਹਾਂ ਹਾਦਸੇ ਦੇ ਪ੍ਰਭਾਵਿਤ ਪਰਿਵਾਰਾਂ ਤੇ ਜ਼ਖਮੀਆਂ ਨਾਲ ਝੂਠ ਬੋਲਣ ਅਤੇ  ਉਨ੍ਹਾਂ ਨੂੰ ਘਰਾਂ ਤੇ ਹਸਪਤਾਲਾਂ 'ਚ ਨਜ਼ਰਬੰਦ ਕਰੀ ਰੱਖਣ ਦੇ ਦੋਸ਼ ਵੀ ਲਾਏ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਸਰਕਾਰ ਵੱਲੋਂ ਵੰਡੀ ਜਾ ਰਹੀ ਮੁਆਵਜ਼ਾ ਰਾਸ਼ੀ ਨਾਲ ਪੀੜਤਾਂ ਕੋਲੋਂ ਸਿੱਧੂ ਜੋੜੇ ਅਤੇ ਮਿੱਠੂ ਮਦਾਨ ਦੇ ਕਿਸੇ ਤਰ੍ਹਾਂ ਹਾਦਸੇ ਲਈ ਜ਼ਿੰਮੇਵਾਰ ਨਾ ਹੋਣ ਪ੍ਰਤੀ ਐਫੀਡੇਵਿਟ ਲਏ ਜਾ ਰਹੇ ਹਨ।

ਸ. ਮਜੀਠੀਆ ਨੇ ਕਿਹਾ ਕਿ ਮੁਆਵਜ਼ਾ ਵੰਡਣ 'ਚ ਵੀ ਸਰਕਾਰ ਵੱਲੋਂ ਦੋਹਰੇ ਮਾਪਦੰਡ ਅਪਣਾਏ ਜਾ ਰਹੇ ਹਨ। ਬੀਤੇ ਦਿਨੀਂ ਇਕ ਕੇਸ ਵਿਚ ਜ਼ਖਮੀਆਂ ਨੂੰ 15-15 ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ ਪਰ ਇਥੇ ਮ੍ਰਿਤਕਾਂ ਦੇ ਵਾਰਿਸਾਂ ਨੂੰ ਸਿਰਫ 5 ਲੱਖ ਰੁਪਏ ਦਿੱਤੇ ਜਾ ਰਹੇ ਹਨ।  ਉਨ੍ਹਾਂ ਚਸ਼ਮਦੀਦਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਕਿ ਸਰਕਾਰ ਭਾਵੇਂ ਮ੍ਰਿਤਕਾਂ ਦੀ ਗਿਣਤੀ 65 ਦੱਸ ਰਹੀ ਹੈ ਪਰ ਅਸਲ 'ਚ ਇਹ ਅੰਕੜਾ 100 ਤੋਂ ਵੀ ਉਪਰ ਹੈ।  ਉਨ੍ਹਾਂ ਪ੍ਰਸ਼ਾਸਨ 'ਤੇ ਕੇਸ ਨੂੰ ਦਬਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਮਿੱਠੂ ਮਦਾਨ ਦੀ ਇੰਟੈਰੋਗੇਸ਼ਨ ਬਿਨਾਂ ਸੱਚਾਈ ਬਾਹਰ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਮਿੱਠੂ ਨੂੰ ਬਚਾਉਣ ਲਈ ਸਿੱਧੂ ਜੋੜੀ ਵੱਲੋਂ ਪਿਛਲੀਆਂ ਤਰੀਕਾਂ 'ਤੇ ਸਮਾਗਮ ਦੀ ਮਨਜ਼ੂਰੀ ਬਾਰੇ ਫੇਕ ਪੇਪਰ ਤਿਆਰ ਕੀਤੇ ਜਾ ਰਹੇ ਹਨ, ਜਿਸ ਵਿਚ ਇਜਾਜ਼ਤ ਦੀ ਮਿਤੀ 10 ਅਕਤੂਬਰ ਤੇ ਅਰਜ਼ੀ ਦੇਣ ਦੀ ਮਿਤੀ 15 ਅਕਤੂਬਰ ਦਰਜ ਕੀਤੀ ਗਈ ਹੈ।

ਉਨ੍ਹਾਂ ਸਵਾਲ ਕੀਤਾ ਕਿ ਨਿਗਮ ਕਮਿਸ਼ਨਰ ਸੋਨਾਲੀ ਗਿਰੀ ਅਤੇ ਕਾਂਗਰਸੀ ਮੇਅਰ ਵੱਲੋਂ ਕੋਈ ਮਨਜ਼ੂਰੀ ਨਾ ਮਿਲਣ ਦੀ ਗੱਲ ਸਾਹਮਣੇ ਆ ਚੁੱਕੀ ਹੈ, ਜੇ ਮਨਜ਼ੂਰੀ ਨਹੀਂ ਸੀ ਤਾਂ ਫਿਰ ਸਮਾਗਮ ਲਈ ਫਾਇਰ ਬ੍ਰਿਗੇਡ ਤੇ ਪੁਲਸ ਸੁਰੱਖਿਆ ਦਾ ਪ੍ਰਬੰਧ ਕਿਸ ਨੇ ਕੀਤਾ?  ਉਨ੍ਹਾਂ ਕਿਹਾ ਕਿ ਸਿੱਧੂ ਨੇ ਸੱਤਾ ਦੀ ਦੁਰਵਰਤੋਂ ਕਰਦਿਆਂ ਬਿਨਾਂ ਆਗਿਆ ਤੇ ਬਿਨਾਂ ਨਿਯਮ ਸਮਾਗਮ ਕਰਵਾਇਆ।