ਮਜੀਠੀਆ ਦੀ ਪਟੀਸ਼ਨ ਹਜ਼ਾਰਾਂ-ਕਰੋੜਾਂ ਦੇ ਡਰੱਗ ਮਾਮਲੇ ਨੂੰ ਲਟਕਾਉਣ ਦਾ ਯਤਨ : ਭਗਵੰਤ ਮਾਨ

11/19/2021 12:44:19 PM

ਚੰਡੀਗੜ੍ਹ (ਅਸ਼ਵਨੀ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਬਹੁ-ਚਰਚਿਤ ਹਜ਼ਾਰਾਂ-ਕਰੋੜਾਂ ਦੇ ਡਰੱਗ ਕਾਰੋਬਾਰ ਮਾਮਲੇ ’ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਅਤੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਵਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਦਾਖ਼ਲ ਕੀਤੀ ਪਟੀਸ਼ਨ ਨੂੰ ਮਹਿਜ਼ ਮਾਮਲੇ ਨੂੰ ਟਾਲਣ ਦਾ ਯਤਨ ਕਰਾਰ ਦਿੱਤਾ ਹੈ। ਤਾਂ ਜੋ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮਾਂ ਨਿਕਲ ਜਾਵੇ। ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਕਾਂਗਰਸ ਦੀ ਚੰਨੀ ਸਰਕਾਰ ਅਤੇ ਮਜੀਠੀਆ ਇੱਕ-ਦੂਜੇ ਦੀ ਮਦਦ ਨਾਲ ਡਰੱਗ ਮਾਮਲੇ ਨੂੰ ਲਟਕਾਉਣ ਲਈ ਨਵੇਂ-ਨਵੇਂ ਹੱਥਕੰਡੇ ਅਪਣਾ ਕੇ ਪੰਜਾਬ ਵਾਸੀਆਂ ਨੂੰ ਧੋਖ਼ਾ ਦੇਣ ਵਿਚ ਲੱਗੇ ਹੋਏ ਹਨ। ਇਸੇ ਕੜੀ ਦਾ ਹਿੱਸਾ ਐੱਸ. ਟੀ. ਐੱਫ਼. ਦੀ ਰਿਪੋਰਟ ਨੂੰ ਲੋਕਾਂ ਸਾਹਮਣੇ ਨਹੀਂ ਰੱਖਿਆ ਗਿਆ । ਰਿਪੋਰਟ ਸੀਲਬੰਦ ਹੋਣ ਦੀ ਆੜ ਵਿਚ ਕਾਂਗਰਸ ਸਰਕਾਰ ਲਗਾਤਾਰ ਡਰੱਗ ਮਾਫੀਆ ਅਤੇ ਉਸ ਦੇ ਸਿਆਸੀ ਸਰਪ੍ਰਸਤਾਂ ਨੂੰ ਬਚਾਉਣ ਦੇ ਯਤਨ ਕਰ ਰਹੀ ਹੈ।

ਇਹ ਵੀ ਪੜ੍ਹੋ : ‘ਆਪ’ ਨੂੰ ਗੁਰਪੁਰਬ ’ਤੇ ਸ੍ਰੀ ਕਰਤਾਰਪੁਰ ਸਾਹਿਬ ਜਾਣ ਲਈ ਨਹੀਂ ਦਿੱਤੀ ਗਈ ਸਿਆਸੀ ਮਨਜ਼ੂਰੀ

ਮਾਨ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਮਹਿਜ ਕੁਝ ਸਮਾਂ ਪਹਿਲਾ 124 ਪੰਨਿਆਂ ਦੀ ਪਟੀਸ਼ਨ ਰਾਹੀਂ ਮਜੀਠੀਆ ਵਲੋਂ ਡਰੱਗ ਮਾਮਲੇ ਵਿਚ ਖੁਦ ਨੂੰ ਪਾਰਟੀ ਬਣਾਉਣ ਦੀ ਕੀਤੀ ਗਈ ਮੰਗ, ਕੇਵਲ ਇੱਕ ਸਾਜਿਸ਼ ਹੈ। ਮਾਨ ਨੇ ਕਿਹਾ ਕਿ ਪਿਛਲੀ ਅਕਾਲੀ ਦਲ ਬਾਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ ਤਰ੍ਹਾਂ ਹੀ ਮੌਜੂਦਾ ਕਾਂਗਰਸ ਸਰਕਾਰ ਵੀ ਡਰੱਗ ਸਮੱਗਲਰਾਂ ਅਤੇ ਉਨ੍ਹਾਂ ਦੇ ਸਿਆਸੀ ਸਰਪ੍ਰਸਤਾਂ ਨੂੰ ਬਚਾਉਣ ਦੇ ਰਾਹ ਲੱਭ ਰਹੀ ਹੈ। ਇਸੇ ਲਈ ਕਾਂਗਰਸ ਸਰਕਾਰ ਹਾਈ ਕੋਰਟ ਵਿਚ ਪਈ ਸੀਲਬੰਦ ਰਿਪੋਰਟ ਦੀ ਬਹਾਨੇਬਾਜ਼ੀ ਕਰ ਕੇ ਡਰੱਗ ਮਾਫੀਆ ਨੂੰ ਨਕੇਲ ਪਾਉਣ ਤੋਂ ਪੱਲਾ ਝਾੜ ਰਹੀ ਹੈ। ਇਹੀ ਕਾਰਣ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅੱਖਾਂ ਬੰਦ ਕਰ ਕੇ ਬੈਠੇ ਹਨ।

ਇਹ ਵੀ ਪੜ੍ਹੋ : ਡਿੰਪੀ ਢਿੱਲੋਂ ਦੀਆਂ ਬੱਸਾਂ ਦੇ ਪਰਮਿਟ ਰੱਦ ਕਰਨ ਤੋਂ ਭੜਕੇ ਟਰਾਂਸਪੋਰਟਰ, ਮੰਤਰੀ ਵੜਿੰਗ ਨੂੰ ਦਿੱਤਾ ਅਲਟੀਮੇਟਮ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 

Anuradha

This news is Content Editor Anuradha