ਮਜੀਠੀਆ ਦੇ ਨਿਸ਼ਾਨੇ ''ਤੇ ਜੱਗੂ ਭਗਵਾਨਪੁਰੀਆ ਤੇ ਰੰਧਾਵਾ

12/13/2019 11:17:22 AM

ਮਜੀਠਾ (ਸਰਬਜੀਤ, ਪ੍ਰਿਥੀਪਾਲ) : ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਰਾਜ 'ਚ ਜਦ ਤੱਕ ਬਦਮਾਸ਼ਾਂ ਅਤੇ ਮੰਤਰੀਆਂ ਦਾ ਗੱਠਜੋੜ ਰਹੇਗਾ, ਕੋਈ ਨਿਵੇਸ਼ ਨਹੀਂ ਹੋਵੇਗਾ। ਬਦਮਾਸ਼ ਜੱਗੂ ਵਲੋਂ ਜਤਾਏ ਗਏ ਖਦਸ਼ੇ ਬਾਰੇ ਮਜੀਠੀਆ ਨੇ ਕਿਹਾ ਕਿ ਇਹ ਸਭ ਡਰਾਮੇਬਾਜ਼ੀ ਹੈ। ਉਨ੍ਹਾਂ ਕਿਹਾ ਕਿ ਰੰਧਾਵਾ ਦੇ ਕਹਿਣ 'ਤੇ ਜੱਗੂ ਨੇ ਪਟੀਸ਼ਨ ਪਾਈ ਹੈ ਤੇ ਉਹ ਸਿਰਫ  ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਬੋਲੀ ਬੋਲ ਰਿਹਾ ਹੈ।

ਇਸ ਦੇ ਨਾਲ ਹੀ ਮਜੀਠੀਆ ਨੇ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੀ ਨਾਰਾਜ਼ਗੀ ਦੇ ਸਵਾਲ 'ਤੇ ਕਿਹਾ ਕਿ ਇਹ ਅਕਾਲੀ ਦਲ ਦਾ ਅੰਦਰੂਨੀ ਪਰਿਵਾਰਕ ਮਸਲਾ ਹੈ, ਜੋ ਛੇਤੀ ਹੱਲ ਕਰ ਲਿਆ ਜਾਵੇਗਾ। ਪੰਜਾਬ 'ਚ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਸਿਫਰ ਹੈ। ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ 3 ਸਾਲਾਂ ਤੋਂ ਇਕੋ ਹੀ ਰਟ ਅਤੇ ਆਪਣੀਆਂ ਨਾਕਾਮੀਆਂ ਲਈ ਪਿਛਲੀ ਅਕਾਲੀ-ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਮਜੀਠੀਆ ਨੇ ਕਿਹਾ ਕਿ ਮਾਈਨਿੰਗ ਮਾਫੀਆ ਅਤੇ ਸ਼ਰਾਬ ਦੀ ਕਾਲਾ ਬਾਜ਼ਾਰੀ 'ਚ ਕਾਂਗਰਸੀ ਵਿਧਾਇਕ ਸਰਗਰਮ ਹਨ।

ਲੋਕਤੰਤਰ 'ਚ ਰੋਸ ਧਰਨਿਆਂ ਦਾ ਸਭ ਨੂੰ ਹੱਕ ਹੋਣ ਦੀ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਰੇਤ ਮਾਫੀਆ ਦਾ ਸਭ ਤੋਂ ਖਤਰਨਾਕ ਪਹਿਲੂ ਗੈਰ-ਕਾਨੂੰਨੀ ਮਾਈਨਿੰਗ ਰਾਹੀਂ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਇਆ ਜਾਣਾ ਹੀ ਨਹੀਂ, ਸਗੋਂ ਵਾਤਾਵਰਣ ਨਾਲ ਵੀ ਖਿਲਵਾੜ ਹੈ। ਕਲੀਅਰੈਂਸ ਤੋਂ ਬਿਨਾਂ ਚੱਲ ਰਹੇ ਇਸ ਵਰਤਾਰੇ ਨਾਲ ਪੰਜਾਬ ਨੂੰ ਆਉਣ ਵਾਲੇ ਸਮੇਂ 'ਚ ਵੱਡਾ ਖਮਿਆਜ਼ਾ ਭੁਗਤਣਾ ਪਵੇਗਾ। ਉਨ੍ਹਾਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਆਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਨੇ ਨਵੀਆਂ ਨੌਕਰੀਆਂ ਕੀ ਦੇਣੀਆਂ, ਸਗੋਂ ਤਨਖ਼ਾਹਾਂ ਖੁਰਦ-ਬਰਦ ਕਰਨ ਅਤੇ ਪ੍ਰੋਫੈਸ਼ਨਲ ਟੈਕਸ ਦਾ ਬੋਝ ਪਾਉਂਦਿਆਂ ਜਜ਼ੀਆ ਲਾਉਣ 'ਚ ਲੱਗੀ ਹੋਈ ਹੈ। ਪੰਜਾਬ 'ਚ ਸਭ ਤੋਂ ਮਹਿੰਗੀ ਬਿਜਲੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮਨਪ੍ਰੀਤ ਨੇ ਥਰਮਲ ਪਲਾਂਟ ਦੀ ਥਾਂ ਲੋਕਾਂ ਦਾ ਧੂੰਆ ਕੱਢਿਆ ਹੈ। ਇਥੇ ਦੱਸ ਦੇਈਏ ਕਿ ਮਜੀਠੀਆ ਬੀਤੇ ਇਥੇ ਬਲਾਕ ਸੰਮਤੀ ਮਜੀਠਾ ਦੇ ਨਵੇਂ ਚੁਣੇ ਚੇਅਰਪਰਸਨ ਬੀਬੀ ਅਮਰਜੀਤ ਕੌਰ ਦਾਦੂਪੁਰਾ ਅਤੇ ਉਪ ਚੇਅਰਪਰਸਨ ਬੀਬੀ ਕਰਮਜੀਤ ਕੌਰ ਸ਼ਹਿਜ਼ਾਦਾ ਦੀ ਤਾਜਪੋਸ਼ੀ ਕਰਨ ਆਏ ਹੋਏ ਸਨ।

Baljeet Kaur

This news is Content Editor Baljeet Kaur