ਮਹਿਲਾ ਕਿਸਾਨ ਯੂਨੀਅਨ ਵੱਲੋਂ MSP ਕਮੇਟੀ ਦੇ ਮੁੱਦੇ ''ਤੇ ਰਾਜਸੀ ਦਲਾਂ ਨੂੰ ਚਿਤਾਵਨੀ

07/21/2022 7:35:35 PM

ਚੰਡੀਗੜ੍ਹ - ਮਹਿਲਾ ਕਿਸਾਨ ਯੂਨੀਅਨ ਨੇ ਸੱਤਾਧਾਰੀ ਆਮ ਆਦਮੀ ਪਾਰਟੀ ਸਮੇਤ ਹੋਰਨਾਂ ਰਾਜਸੀ ਦਲਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਬਾਰੇ ਕੇਂਦਰ ਵੱਲੋਂ ਐਲਾਨੀ ਸਰਕਾਰੀ ਕਮੇਟੀ ਦੀ ਬਣਤਰ ਉੱਤੇ ਕੱਚ ਘਰੜ ਬਿਆਨਾਂ ਰਾਹੀਂ ਆਪਣੀਆਂ ਸਿਆਸੀ ਰੋਟੀਆਂ ਨਾ ਸੇਕਣ। ਸੰਯੁਕਤ ਕਿਸਾਨ ਮੋਰਚਾ ਸੂਬੇ ਦੀ ਤੁੱਛ ਨੁਮਾਇੰਦਗੀ ਨਹੀਂ ਸਗੋਂ ਕਾਲੇ ਖੇਤੀ ਕਾਨੂੰਨਾਂ ਦੇ ਹਮਾਇਤੀ ਸੰਘੀ ਮੈਂਬਰਾਂ ਦੀ ਥਾਂ ਇਸ ਕੇਂਦਰੀ ਕਮੇਟੀ ਦੀ ਨਵੇਂ ਸਿਰਿਓੰ ਪੁਨਰਗਠਨ ਦੀ ਮੰਗ ਕਰਦਾ ਹੈ।

ਪੜ੍ਹੋ ਇਹ ਵੀ ਖ਼ਬਰ: ਗੈਂਗਸਟਰਾਂ ਦੇ ਐਨਕਾਊਂਟਰ ਤੋਂ ਬਾਅਦ ਮੂਸੇਵਾਲਾ ਦੇ ਪਿਤਾ ਦਾ ਪਹਿਲਾ ਬਿਆਨ ਆਇਆ ਸਾਹਮਣੇ (ਵੀਡੀਓ)

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬਾ ਰਾਜਵਿੰਦਰ ਕੌਰ ਰਾਜੂ ਨੇ ਕਿਹਾ ਕਿ ਮੀਡੀਆ ਰਾਹੀਂ ਕਿਸਾਨਾਂ ਅੱਗੇ ਆਪਣਾ ਬਨਾਉਟੀ 'ਹੀਜ-ਪਿਆਜ' ਦਿਖਾਉਣ ਲਈ ‘ਆਪ’ ਦੇ ਸੰਸਦ ਮੈਂਬਰਾਂ ਸਮੇਤ ਹੋਰਨਾਂ ਰਵਾਇਤੀ ਸਿਆਸੀ ਪਾਰਟੀਆਂ ਦੇ ਆਗੂ ਇਸ ਭਾਜਪਾਈ ਕਮੇਟੀ ਵਿੱਚ ਪੰਜਾਬ ਖਾਤਰ ਸਰਕਾਰੀ ਨੁਮਾਇੰਦਗੀ ਲੈਣ ਲਈ ਮੁਕਾਬਲੇਬਾਜ਼ੀ ਵਿੱਚ ਰਾਜਸੀ ਬਿਆਨ ਦਾਗ ਰਹੇ ਹਨ। ਅਮਲੀ ਤੌਰ 'ਤੇ ਇਹ ਸਾਰੇ ਆਗੂ ਕਿਸਾਨਾਂ ਦੀਆਂ ਹੱਕੀ ਮੰਗਾਂ ਪੂਰੀਆਂ ਕਰਾਉਣ ਅਤੇ ਐੱਮ.ਐੱਸ.ਪੀ. ਦਿਵਾਉਣ ਲਈ ਅੰਦਰੋਂ ਸੁਹਿਰਦ ਨਹੀਂ।

ਪੜ੍ਹੋ ਇਹ ਵੀ ਖ਼ਬਰ: ਐਨਕਾਊਂਟਰ ’ਚ ਮਾਰੇ ਗੈਂਗਸਟਰ ਜਗਰੂਪ ਰੂਪਾ ਤੇ ਕੁੱਸਾ ਦਾ ਹੋਇਆ ਪੋਸਟਮਾਰਟਮ, ਜੇਬਾਂ ’ਚੋਂ ਬਰਾਮਦ ਹੋਈਆਂ ਗੋਲੀਆਂ

ਕੇਂਦਰੀ ਖੇਤੀ ਮੰਤਰਾਲੇ ਵੱਲੋਂ ਐੱਮ.ਐੱਸ.ਪੀ. ਬਾਰੇ ਐਲਾਨੀ ਅਖਤਿਆਰੀ ਕਮੇਟੀ ਨੂੰ ਸੰਯੁਕਤ ਕਿਸਾਨ ਮੋਰਚਾ ਦੀ ਮੰਗ ਮੁਤਾਬਕ ਨਵੇਂ ਸਿਰਿਓਂ ਗਠਿਤ ਕਰਨ ਦੀ ਮੰਗ ਕਰਦਿਆਂ ਮਹਿਲਾ ਕਿਸਾਨ ਨੇਤਾ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਬਾਰੇ ‘ਆਪ’ ਪਾਰਟੀ ਦੀਆਂ ਦੋਵੇਂ ਸਰਕਾਰਾਂ ਸਿਰਫ਼ ਬਿਆਨਾਂ ਅਤੇ ਸ਼ੋਸ਼ਲ ਮੀਡੀਆ ਸਹਾਰੇ ਡੰਗ ਟਪਾਈ ਕਰ ਰਹੀਆਂ ਹਨ। ਹਕੀਕੀ ਤੌਰ 'ਤੇ ਦਿੱਲੀ ਤੇ ਪੰਜਾਬ ਦੇ ਮੁੱਖ ਮੰਤਰੀਆਂ ਨੇ ਐੱਮ.ਐੱਸ.ਪੀ. ਕਾਨੂੰਨ ਬਣਾਉਣ ਅਤੇ ਹੋਰ ਕਿਸਾਨੀ ਮੰਗਾਂ ਮੰਨਵਾਉਣ ਬਾਰੇ ਪ੍ਰਧਾਨ ਮੰਤਰੀ ਨਾਲ ਕੋਈ ਮੁਲਾਕਾਤ ਜਾਂ ਖਤੋ-ਖਿਤਾਬਤ ਨਹੀਂ ਕੀਤੀ ਬਲਕਿ ਸੂਬੇ ਦੀ ਤੁੱਛ ਨੁਮਾਇੰਦਗੀ ਲਈ ਸਿਰਫ਼ ਸਿਆਸੀ ਬਿਆਨ ਦਾਗ ਕੇ ਖਾਨਾ ਪੂਰਤੀ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ: ਜਾਣੋ ਕੌਣ ਹਨ ਗੈਂਗਸਟਰ ਮਨੂੰ ਕੁੱਸਾ ਅਤੇ ਜਗਰੂਪ ਰੂਪਾ, ਕਿਸ ਨੇ ਮਾਰੀ ਸੀ ਮੂਸੇਵਾਲਾ ਨੂੰ ਪਹਿਲੀ ਗੋਲੀ 

ਉਨ੍ਹਾਂ ਪੰਜਾਬ ਸਮੇਤ ਦੇਸ਼ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਕੇਂਦਰ ਦੀ ਮੋਦੀ ਸਰਕਾਰ ਤੋਂ ਕਿਸੇ ਵੀ ਭਲਾਈ ਦੀ ਉਮੀਦ ਨਾ ਰੱਖਣ ਸਗੋਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਆਪਸੀ ਏਕਾ ਕਾਇਮ ਰੱਖਦੇ ਹੋਏ ਕੇਂਦਰ ਸਰਕਾਰ ਤੋਂ ਕਿਸਾਨੀ ਮੰਗਾਂ ਮੰਨਵਾਉਣ ਲਈ ਕਮਰਕੱਸੇ ਬੰਨ ਕੇ ਰੱਖਣ।
 

rajwinder kaur

This news is Content Editor rajwinder kaur