ਪਟਿਆਲਾ ''ਚ ਸਮਾਗਮ ਮੌਕੇ ਪ੍ਰਨੀਤ ਕੌਰ ਹੋਈ ਬੇਹੋਸ਼

07/13/2019 8:51:34 PM

ਪਟਿਆਲਾ,(ਜੋਸਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੁਪਤਨੀ ਤੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਪਰਨੀਤ ਕੌਰ ਦੀ ਸਵੇਰੇ ਇਕ ਸਮਾਗਮ ਮੌਕੇ ਅਚਨਚੇਤ ਤਬੀਅਤ ਖਰਾਬ ਹੋ ਗਈ ਅਤੇ ਉਹ ਕੁਝ ਸਕਿੰਟ ਲਈ ਬੇਹੋਸ਼ ਹੋ ਕੇ ਸੰਭਲੇ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਵੀ ਮਹਾਰਾਣੀ ਪਰਨੀਤ ਕੌਰ ਦੇ ਦਿੱਲੀ ਵਿਖੇ ਚੱਕਰ ਆਉਣ ਤੋਂ ਬਾਅਦ ਮੱਥੇ 'ਤੇ ਸੱਟ ਲੱਗ ਗਈ ਸੀ। ਹਾਲਾਂਕਿ ਇਸ ਸਮੇਂ ਇਹ ਸੱਟ ਬਿਲਕੁਲ ਠੀਕ ਹੈ। ਮਹਾਰਾਣੀ ਪਰਨੀਤ ਕੌਰ ਇਥੇ ਰਾਜਪੁਰਾ ਰੋਡ 'ਤੇ ਵੱਡੀ ਨਦੀ ਨੇੜੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਨਗਰ ਨਿਗਮ ਤੇ ਜ਼ਿਲਾ ਪ੍ਰਸ਼ਾਸਨ ਵਲੋਂ ਆਈ. ਪੀ. ਐੱਲ. ਏ., ਪੰਜਾਬ ਪਲਾਸਟਿਕ ਵੇਸਟ ਮੈਨੇਜਮੈਂਟ ਸੁਸਾਇਟੀ ਦੇ ਸਹਿਯੋਗ ਨਾਲ ਆਰੰਭੀ ਇਕ ਵਿਲੱਖਣ ਮੁਹਿੰਮ 'ਸਵੱਛਤਾ ਸ਼੍ਰਮਦਾਨ' ਦਾ ਆਗਾਜ਼ ਕਰਨ ਪੁੱਜੇ ਸਨ।
ਇਸ ਦੌਰਾਨ ਜਿਸ ਸਮੇਂ ਉਨ੍ਹਾਂ ਨੇ ਹਰੀ ਝੰਡੀ ਦਿੱਤੀ, ਉਸ ਸਮੇਂ ਭੀੜ ਜ਼ਿਆਦਾ ਸੀ ਅਤੇ ਸਟੇਜ 'ਤੇ ਹੀ ਉਨ੍ਹਾਂ ਦੀ ਤਬੀਅਤ ਖਰਾਬ ਹੋਈ ਤੇ ਕੁਝ ਸਕਿੰਟ ਲਈ ਉਹ ਬੇਹੋਸ਼ੀ ਦੀ ਹਾਲਤ ਵਿਚ ਸਟੇਜ 'ਤੇ ਹੀ ਹੇਠਾਂ ਬੈਠ ਗਏ। ਜਾਣਕਾਰੀ ਮਿਲੀ ਹੈ ਕਿ ਉਨ੍ਹਾਂ ਦਾ ਬੀ. ਪੀ. ਕਾਫੀ ਘੱਟ ਗਿਆ, ਜਿਸ ਕਾਰਨ ਇਹ ਸਮੱਸਿਆ ਪੈਦਾ ਹੋਈ। ਉਨ੍ਹਾਂ ਨੂੰ ਤੁਰੰਤ ਮੋਤੀ ਬਾਗ ਪੈਲਸ ਲਿਜਾਇਆ ਗਿਆ, ਜਿਥੇ ਉਨ੍ਹਾਂ ਦਾ ਡਾਕਟਰਾਂ ਦੀ ਟੀਮ ਨੇ ਚੈੱਕਅਪ ਕੀਤਾ ਅਤੇ ਪ੍ਰਨੀਤ ਕੌਰ ਨੂੰ ਆਰਾਮ ਦੀ ਸਲਾਹ ਦਿੱਤੀ।