ਮੇਲਾ ਮਾਘੀ ਨੂੰ ਲੈ ਕੇ ਸ਼ਹਿਰ ''ਚ ਰੌਣਕ ਵਧੀ

01/10/2018 8:06:19 AM

ਸ੍ਰੀ ਮੁਕਤਸਰ ਸਾਹਿਬ  (ਦਰਦੀ) - 40 ਮੁਕਤਿਆਂ ਦੀ ਯਾਦ 'ਚ ਸ੍ਰੀ ਮੁਕਤਸਰ ਸਾਹਿਬ ਵਿਖੇ ਮੇਲਾ ਮਾਘੀ, ਜੋ ਕਿ ਹਰ ਸਾਲ 13 ਤੋਂ 15 ਜਨਵਰੀ ਤੱਕ ਲਾਇਆ ਜਾਂਦਾ ਹੈ ਪਰ ਲੋਕਾਂ ਦੇ ਸ਼ੌਕ ਨੂੰ ਵੇਖਦੇ ਹੋਏ ਆਮ ਕਰ ਕੇ ਇਹ ਮੇਲਾ 22 ਜਨਵਰੀ ਤੱਕ ਚੱਲਦਾ ਰਹਿੰਦਾ ਹੈ। ਮੇਲਾ ਗਰਾਊਂਡ, ਜੋ ਕਿ ਮਲੋਟ ਰੋਡ 'ਤੇ ਰਾਜਪਾਲ ਸਿਨੇਮਾ ਨਜ਼ਦੀਕ ਬਣਾਇਆ ਗਿਆ ਹੈ। ਜ਼ਿਲਾ ਰੈੱਡ ਕਰਾਸ ਸੁਸਾਇਟੀ ਦੀ ਦੇਖ-ਰੇਖ 'ਚ ਇਸ ਮੇਲੇ ਦੀ ਸ਼ੁਰੂਆਤ 10 ਜਨਵਰੀ ਦੀ ਸ਼ਾਮ ਨੂੰ ਹੋ ਜਾਵੇਗੀ।
ਮੇਲਾ ਗਰਾਊਂਡ 'ਚ ਬੱਚਿਆਂ ਦੇ ਮਨੋਰੰਜਨ ਲਈ ਲਾਏ ਪੰਘੂੜੇ ਖਿੱਚ ਦਾ ਕੇਂਦਰ ਹੋਣਗੇ। ਹਰ ਸਾਲ ਲੱਗਣ ਵਾਲੀਆਂ ਦੁਕਾਨਾਂ, ਜਿਨ੍ਹਾਂ 'ਚ ਰੈਡੀਮੇਡ ਕੋਟ-ਕੋਟੀਆਂ ਅਤੇ ਕਰਾਕਰੀ ਦੀ ਵਿਕਰੀ ਦੀ ਸ਼ੁਰੂਆਤ ਹੋ ਚੁੱਕੀ ਹੈ। ਪੰਘੂੜਿਆਂ ਤੋਂ ਇਲਾਵਾ ਮੇਲਾ ਗਰਾਊਂਡ ਵਿਚ ਮੌਤ ਦਾ ਖੂਹ, ਡਾਂਸ ਪਾਰਟੀ ਤੋਂ ਇਲਾਵਾ ਹੋਰ ਮਨੋਰੰਜਨ ਦੀਆਂ ਆਈਟਮਾਂ ਨਾਲ ਲੋਕ ਮੇਲੇ ਦਾ ਆਨੰਦ ਮਾਣ ਸਕਣਗੇ।
ਮੇਲਾ ਮਾਘੀ ਕਰ ਕੇ ਸ਼ਹਿਰ 'ਚ ਰੌਣਕ ਵਧ ਰਹੀ ਹੈ। ਹਰ ਸੜਕ 'ਤੇ ਵਾਹਨਾਂ ਦਾ ਜਾਮ ਨਜ਼ਰ ਆ ਰਿਹਾ ਹੈ। ਟਰੈਫਿਕ ਸਟਾਫ਼ ਇਸ ਜਾਮ ਨੂੰ ਕੰਟਰੋਲ ਕਰਨ 'ਚ ਲੱਗਾ ਹੋਇਆ ਹੈ। ਸੰਗਤਾਂ ਜਿੱਥੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਨਤਮਸਤਕ ਹੋਣਗੀਆਂ, ਉੱਥੇ ਹੀ ਗੁਰਦੁਆਰਾ ਟਿੱਬੀ ਸਾਹਿਬ, ਰਕਾਬਗੰਜ ਅਤੇ ਦਾਤਨ ਸਾਹਿਬ ਦੇ ਵੀ ਦਰਸ਼ਨ ਕਰਨਗੀਆਂ।