ਪੰਜਾਬ ਭਰ ’ਚ 'ਕਲਮ ਛੱਡੋ' ਹੜਤਾਲ ਕਰਨ ਦਾ ਐਲਾਨ

06/16/2020 2:49:52 PM

ਮੋਗਾ (ਗੋਪੀ ਰਾਊਕੇ) : ਪਿਛਲੇ 12-13 ਸਾਲ ਤੋਂ ਪੇਂਡੂ ਵਿਕਾਸ ਤੇ ਪੰਚਾਇਤ ਮਹਿਕਮੇ ਅਧੀਨ ਆਪਣੀਆਂ ਸੇਵਾਵਾਂ ਪੂਰੀ ਤਨਦੇਹੀ ਨਾਲ ਨਿਭਾਅ ਰਹੇ ਮਗਨਰੇਗਾ ਮੁਲਾਜ਼ਮਾਂ ਦਾ ਗੁੱਸਾ ਉਸ ਸਮੇਂ ਸੱਤਵੇਂ ਅਸਮਾਨ ’ਤੇ ਚੜ੍ਹ ਗਿਆ, ਜਦੋਂ ਪੰਚਾਇਤ ਮਹਿਕਮੇ ਵੱਲੋਂ ਜੂਨੀਅਰ ਇੰਜੀਨੀਅਰਾਂ ਦੀ ਭਰਤੀ ਦਾ ਇਸ਼ਤਿਹਾਰ ਜਾਰੀ ਕੀਤਾ ਗਿਆ। ਮੋਗਾ ਵਿਖੇ ਮਹਿਕਮੇ ਦੇ ਅਧਿਕਾਰੀ ਨੂੰ ਮੰਗ-ਪੱਤਰ ਦਿੰਦਿਆਂ ਕੁਲਵਿੰਦਰ ਸਿੰਘ ਨੰਗਲ, ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਮਗਨਰੇਗਾ ਮੁਲਾਜ਼ਮ ਪੰਚਾਇਤ ਮਹਿਕਮੇ ਦਾ ਧੁਰਾ ਹਨ ਅਤੇ ਮਹਿਕਮੇ ਦਾ ਕੋਈ ਵੀ ਕੰਮ ਮਗਨਰੇਗਾ ਸਟਾਫ਼ ਦੀ ਮਦਦ ਤੋਂ ਬਿਨ੍ਹਾਂ ਨੇਪਰੇ ਨਹੀਂ ਚਾੜ੍ਹਿਆ ਜਾ ਸਕਦਾ।

ਉਨ੍ਹਾਂ ਕਿਹਾ ਕਿ ਮਗਨਰੇਗਾ ਮੁਲਾਜ਼ਮ ਸਾਰਾ ਕੰਮ ਕਰ ਰਹੇ ਹਨ, ਫਿਰ ਵੀ ਲਗਾਤਾਰ ਮਗਨਰੇਗਾ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਨੂੰ ਅਣਗੌਲਿਆ ਕੀਤਾ ਗਿਆ ਹੈ। ਕੁਲਵਿੰਦਰ ਸਿੰਘ ਨੰਗਲ ਨੇ ਦੱਸਿਆ ਕਿ ਪਹਿਲਾਂ ਪੰਚਾਇਤ ਸਕੱਤਰਾਂ, ਸਟੈਨੋਗ੍ਰਾਫਰਾਂ ਅਤੇ ਹੁਣ ਦੂਜੀ ਜੂਨੀਅਰ ਇੰਜੀਨੀਅਰਾਂ ਦੀ ਮਗਨਰੇਗਾ, ਮੁਲਾਜ਼ਮਾਂ ਨੂੰ ਅੱਖੋਂ-ਪਰੋਖੇ ਕਰਕੇ ਬਾਹਰੋਂ ਭਰਤੀ ਕਰਨਾ ਮਗਨਰੇਗਾ ਮੁਲਾਜ਼ਮਾਂ ਨਾਲ ਸਰਾਸਰ ਬੇਇਨਸਾਫੀ, ਵਿਸ਼ਵਾਸਘਾਤ, ਬੇਈਮਾਨੀ ਅਤੇ ਧੋਖਬਾਜ਼ੀ ਹੈ, ਜੋ ਪੰਜਾਬ ਦੇ ਸਮੂਹ ਮਗਨਰੇਗਾ ਮੁਲਾਜ਼ਮਾਂ ਦੇ ਬਰਦਾਸ਼ਤ ਤੋਂ ਬਾਹਰ ਹਨ। ਅੱਜ ਰੈਗੂਲਰ ਕਰਨ ਦੀ ਬਜਾਏ ਵੱਧ ਖਰਚੇ ਕਰਨ ਦੇ ਟੀਚੇ ਦੇ ਕੇ ਸਾਡਾ ਮਾਨਸਿਕ ਅਤੇ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਇਸ ਲਈ ਪੰਜਾਬ ਭਰ ’ਚ 18 ਜੂਨ ਤੋਂ ਕਲਮਛੋੜ ਹੜਤਾਲ ਕੀਤੀ ਜਾਵੇਗੀ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਹਰਮਨਦੀਪ ਸਿੰਘ, ਹਰਜਿੰਦਰ ਸਿੰਘ, ਸੁਖਵਿੰਦਰ ਸਿੰਘ, ਜੁਆਇੰਟ ਸਕੱਤਰ ਗੁਰਦੀਪ ਸਿੰਘ, ਗਗਨਦੀਪ ਸਿੰਘ, ਰਾਜ ਕੌਰ, ਅਰਸ਼ਦੀਪ ਕੁਮਾਰ ਆਦਿ ਹਾਜ਼ਰ ਸਨ।

Babita

This news is Content Editor Babita