ਮੈਡਮ ਰਾਣਾ ਨੇ ਡੀ. ਸੀ. ਚੌਕ ਤੋਂ ਬੱਸ ਸਟੈਂਡ ਤਕ ਕੀਤਾ ਦੌਰਾ

02/08/2018 6:37:49 AM

ਕਪੂਰਥਲਾ, (ਗੁਰਵਿੰਦਰ ਕੌਰ)- ਕਪੂਰਥਲਾ ਸ਼ਹਿਰ 'ਚ ਵਧਦੇ ਜਾ ਰਹੇ ਨਾਜਾਇਜ਼ ਕਬਜ਼ਿਆਂ ਨੂੰ ਦੇਖਦੇ ਹੋਏ ਸਥਾਈ ਲੋਕ ਅਦਾਲਤ ਕਪੂਰਥਲਾ ਦੀ ਚੇਅਰਮੈਨ ਮੈਡਮ ਮੰਜੂ ਰਾਣਾ ਵੱਲੋਂ ਬੀਤੇ ਕੁਝ ਹਫਤਿਆਂ ਤੋਂ ਆਏ ਦਿਨ ਆਪਣੀਆਂ ਦੁਕਾਨਾਂ ਦੇ ਬਾਹਰ ਨਾਜਾਇਜ਼ ਤੌਰ 'ਤੇ ਸਾਮਾਨ ਨੂੰ ਵਧਾ ਕੇ ਲਾਉਣ ਤੇ ਗੰਦਗੀ ਫੈਲਾਉਣ ਵਾਲਿਆਂ ਨੂੰ ਜਿਥੇ ਚਿਤਾਵਨੀ ਦਿੱਤੀ ਜਾ ਰਹੀ ਹੈ, ਉਥੇ ਹੀ ਭਾਰੀ ਰਕਮ 'ਚ ਚਾਲਾਨ ਵੀ ਕੀਤੇ ਜਾ ਰਹੇ ਹਨ, ਤਾਂ ਜੋ ਕਪੂਰਥਲਾ ਸ਼ਹਿਰ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕੀਤਾ ਜਾ ਸਕੇ। 
ਅੱਜ ਇਸੇ ਲੜੀ ਤਹਿਤ ਮੈਡਮ ਮੰਜੂ ਰਾਣਾ ਵੱਲੋਂ ਕਪੂਰਥਲਾ ਸ਼ਹਿਰ ਦੇ ਡੀ. ਸੀ. ਚੌਕ ਤੋਂ ਲੈ ਕੇ ਬੱਸ ਸਟੈਂਡ ਤਕ ਦਾ ਦੌਰਾ ਕੀਤਾ ਗਿਆ ਤੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਦੇ ਬਾਹਰ ਨਾਜਾਇਜ਼ ਤੌਰ 'ਤੇ ਰੱਖੇ ਗਏ ਸਾਮਾਨ ਵਿਰੁੱਧ ਸਖਤ ਐਕਸ਼ਨ ਲੈਂਦੇ ਹੋਏ 25 ਦੇ ਕਰੀਬ ਦੁਕਾਨਦਾਰਾਂ ਦੇ ਚਾਲਾਨ ਕੱਟੇ ਤੇ ਨਾਲ ਹੀ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਵੱਲੋਂ ਫਿਰ ਵੀ ਆਪਣਾ ਸਾਮਾਨ ਨਿਸ਼ਚਿਤ ਰੇਖਾ ਤੋਂ ਬਾਹਰ ਨਾਜਾਇਜ਼ ਤੌਰ 'ਤੇ ਲਾਇਆ ਗਿਆ ਤਾਂ ਉਨ੍ਹਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 
ਨਗਰ ਕੌਂਸਲ ਕਪੂਰਥਲਾ ਦੇ ਸਬ ਇੰਸਪੈਕਟਰ ਕੁਲਵੰਤ ਸਿੰਘ ਤੇ ਜਸਵਿੰਦਰ ਸਿੰਘ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੁਕਾਨਦਾਰਾਂ ਵੱਲੋਂ ਸੜਕ ਦੇ ਕਿਨਾਰਿਆਂ 'ਤੇ ਨਾਜਾਇਜ਼ ਤੌਰ 'ਤੇ ਆਪਣਾ ਸਾਮਾਨ ਰੱਖਿਆ ਹੋਇਆ ਸੀ ਤੇ ਕੁਝ ਢਾਬੇ ਵਾਲਿਆਂ ਵੱਲੋਂ ਆਪਣੇ ਢਾਬਿਆਂ ਦੇ ਬਾਹਰ ਸੜਕ 'ਤੇ ਤੰਦੂਰ ਤੇ ਜਨਰੇਟਰ ਆਦਿ ਲਾਏ ਹੋਏ ਸਨ, ਜਿਨ੍ਹਾਂ ਦੇ ਮੌਕੇ 'ਤੇ ਹੀ ਚਾਲਾਨ ਕੱਟੇ ਗਏ ਹਨ ਤੇ ਜਿਨ੍ਹਾਂ ਦੁਕਾਨਦਾਰਾਂ ਦੇ ਚਾਲਾਨ ਕੱਟੇ ਗਏ ਹਨ, ਉਨ੍ਹਾਂ ਸਾਰਿਆਂ ਨੂੰ 9 ਫਰਵਰੀ ਦਿਨ ਸ਼ੁੱਕਰਵਾਰ ਨੂੰ ਅਦਾਲਤ 'ਚ ਪੇਸ਼ ਹੋਣ ਲਈ ਕਿਹਾ ਗਿਆ। ਇਸ ਮੌਕੇ ਨਗਰ ਕੌਂਸਲ ਦੇ ਨਰੇਸ਼ ਕੁਮਾਰ, ਏ. ਐੱਸ. ਆਈ. ਰਾਜਵਿੰਦਰ ਸਿੰਘ, ਟ੍ਰੈਫਿਕ ਤੇ ਪੀ. ਸੀ. ਆਰ. ਦੀ ਟੀਮ ਮੌਜੂਦ ਸੀ।