ਯੂ. ਪੀ. ਤੋਂ ਆਏ ਝੋਨੇ ਦੀ ਜਾਂਚ ''ਚ ਜੁੱਟੀ ''ਮਾਛੀਵਾੜਾ ਪੁਲਸ'', ਖੰਗਾਲੇ ਜਾ ਰਹੇ ਨੇ ਰਿਕਾਰਡ

10/31/2020 3:34:36 PM

ਮਾਛੀਵਾੜਾ ਸਾਹਿਬ (ਟੱਕਰ) : ਉੱਤਰ ਪ੍ਰਦੇਸ਼ ਤੋਂ ਸਸਤਾ ਝੋਨਾ ਲਿਆ ਕੇ ਮਾਛੀਵਾੜਾ ’ਚ ਸਰਕਾਰੀ ਰੇਟ ’ਤੇ ਖਰੀਦ ਕਰਨ ਦੇ ਮਾਮਲੇ ’ਚ ਪੁਲਸ ਵੱਲੋਂ 7 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਹੁਣ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਕਾਰੋਬਾਰ ’ਚ ਕੌਣ-ਕੌਣ ਸ਼ਾਮਲ ਹਨ, ਜਿਸ ਸਬੰਧੀ ਸ਼ੈਲਰ ਤੇ ਆੜ੍ਹਤੀਆਂ ਦਾ ਰਿਕਾਰਡ ਵੀ ਖੰਗਾਲਿਆ ਜਾ ਰਿਹਾ ਹੈ। ਮਾਛੀਵਾੜਾ ਪੁਲਸ ਥਾਣਾ ਮੁਖੀ ਰਾਓ ਵਰਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਜ਼ਿਲ੍ਹਾ ਖੰਨਾ ਦੇ ਐੱਸ. ਐੱਸ. ਪੀ. ਹਰਪ੍ਰੀਤ ਸਿੰਘ ਅਤੇ ਡੀ. ਐੱਸ. ਪੀ. ਸਮਰਾਲਾ ਜਸਵਿੰਦਰ ਸਿੰਘ ਦੇ ਨਿਰਦੇਸ਼ਾਂ ਤਹਿਤ ਸ਼ੇਰਪੁਰ ਬੇਟ ਦੇ ਇੱਕ ਸ਼ੈਲਰ ਦਾ ਰਿਕਾਰਡ ਦੇਖਿਆ ਜਾ ਰਿਹਾ ਹੈ ਤਾਂ ਜੋ ਪਤਾ ਲੱਗ ਸਕੇ ਕਿ ਇੱਥੇ ਕਿਹੜੀ ਖਰੀਦ ਏਜੰਸੀ ਦਾ ਝੋਨਾ ਮਿਲਿੰਗ ਲਈ ਲਗਾਇਆ ਗਿਆ ਹੈ ਅਤੇ ਨਾਲ ਹੀ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਸ਼ੈਲਰ ’ਚ ਯੂ. ਪੀ. ਤੋਂ ਆਇਆ ਝੋਨਾ ਤਾਂ ਨਹੀਂ ਰੱਖਿਆ ਗਿਆ। ਮਾਛੀਵਾੜਾ ਪੁਲਸ ਵੱਲੋਂ ਇੱਕ ਮੁਖ਼ਬਰ ਦੀ ਸੂਚਨਾ ਦੇ ਅਧਾਰ ’ਤੇ ਲਕਸ਼ਮੀ ਰਾਈਸ ਮਿੱਲ ਦੇ ਮਾਲਕ ਮਨੋਹਰ ਲਾਲ ’ਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਸੀ ਕਿ ਇੱਥੇ ਯੂ. ਪੀ. ਤੋਂ ਸਸਤਾ ਝੋਨਾ ਲਿਆ ਸਰਕਾਰ ਨੂੰ ਚੂਨਾ ਲਗਾਇਆ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਪੁਲਸ ਵੱਲੋਂ ਇਸ ਸ਼ੈਲਰ ’ਚ ਲੱਗੇ ਸਾਰੇ ਸਟਾਕ ਦੀ ਜਾਂਚ ਕੀਤੀ ਜਾਵੇਗੀ ਤੇ ਇਸ ਸਬੰਧੀ ਰਜਿਸਟਰ, ਢੋਆ-ਢੁਆਈ ਕਰਨ ਵਾਲੀਆਂ ਗੱਡੀਆਂ ਦੇ ਗੇਟ ਪਾਸ, ਕੰਡਿਆਂ ਦੀਆਂ ਪਰਚੀਆਂ ਅਤੇ ਕਿਹੜੇ-ਕਿਹੜੇ ਆੜ੍ਹਤੀ ਤੇ ਕਿਸਾਨ ਦਾ ਝੋਨਾ ਇੱਥੇ ਮਿਲਿੰਗ ਆਇਆ ਇਹ ਸਾਰੇ ਦਸਤਾਵੇਜ਼ ਜਾਂਚ ਲਈ ਪੁਲਸ ਵੱਲੋਂ ਰਿਕਾਰਡ ’ਚ ਲਏ ਜਾਣਗੇ। ਥਾਣਾ ਮੁਖੀ ਰਾਓ ਵਰਿੰਦਰ ਸਿੰਘ ਨੇ ਦੱਸਿਆ ਕਿ ਲਕਸ਼ਮੀ ਰਾਈਸ ਮਿੱਲ ’ਚ ਮਾਰਕਫੈੱਡ ਖਰੀਦ ਏਜੰਸੀ ਵੱਲੋਂ ਕਿਸਾਨਾਂ ਦਾ ਝੋਨਾ ਖਰੀਦ ਕੇ ਮਿਲਿੰਗ ਲਈ ਲਗਾਇਆ ਗਿਆ ਹੈ, ਜਿਸ ਦਾ ਰਿਕਾਰਡ ਵੀ ਮੰਗਿਆ ਜਾਵੇਗਾ ਤਾਂ ਜੋ ਪਤਾ ਲੱਗ ਸਕੇ ਕਿ ਲਕਸ਼ਮੀ ਰਾਈਸ ਮਿੱਲ ’ਚ ਯੂ. ਪੀ. ਤੋਂ ਝੋਨਾ ਆਇਆ ਹੈ ਜਾਂ ਨਹੀਂ। ਮਾਛੀਵਾੜਾ ਪੁਲਸ ਨੇ ਖੁਰਾਕ ਸਪਲਾਈ ਮਹਿਕਮੇ ਦੇ ਅਧਿਕਾਰੀਆਂ ਤੋਂ ਵੀ ਰਿਕਾਰਡ ਮੰਗਿਆ ਹੈ ਤਾਂ ਜੋ ਯੂ. ਪੀ. ਤੋਂ ਆਏ ਝੋਨੇ ਦੀਆਂ ਕੁਝ ਹੋਰ ਪਰਤਾਂ ਵੀ ਖੁੱਲ੍ਹ ਕੇ ਸਾਹਮਣੇ ਆ ਸਕਣ।

ਮਾਛੀਵਾੜਾ ਦੇ ਆਸ-ਪਾਸ ਲੱਗੇ ਫਰਸ਼ੀ ਕੰਡਿਆਂ ’ਤੇ ਵੀ ਪੁਲਸ ਦੀ ਨਜ਼ਰ
ਇਹ ਵੀ ਜਾਣਕਾਰੀ ਮਿਲੀ ਹੈ ਕਿ ਪੁਲਸ ਵਲੋਂ ਮਾਛੀਵਾੜਾ ਦੇ ਆਸ-ਪਾਸ ਲੱਗੇ ਫਰਸ਼ੀ ਕੰਡਿਆਂ ਦੀ ਵੀ ਜਾਂਚ ਕੀਤੀ ਜਾਵੇਗੀ ਤਾਂ ਜੋ ਪਿਛਲੇ ਡੇਢ ਮਹੀਨੇ ਦੇ ਝੋਨੇ ਦੇ ਸੀਜ਼ਨ ਦੌਰਾਨ ਪਤਾ ਲੱਗ ਸਕੇ ਕਿ ਬਾਹਰਲੇ ਸੂਬੇ ਯੂ. ਪੀ. ਜਾਂ ਉੱਤਰਾਖੰਡ ਨੰਬਰ ਵਾਲੇ ਕਿੰਨੇ ਟਰੱਕ ਝੋਨਾ ਲੈ ਕੇ ਇਸ ਇਲਾਕੇ ’ਚ ਆਏ। ਮਾਛੀਵਾੜਾ ਇਲਾਕੇ ’ਚ ਜਿਹੜੇ ਵਪਾਰੀਆਂ ਨੇ ਯੂ. ਪੀ. ਤੋਂ ਸਸਤਾ ਝੋਨਾ ਲਿਆ ਫ਼ਰਜ਼ੀ ਕਿਸਾਨ ਖੜ੍ਹੇ ਕਰ ਸਰਕਾਰੀ ਰੇਟ ’ਤੇ ਵੇਚਿਆ, ਉਨ੍ਹਾਂ ਦੇ ਟਰੱਕਾਂ ਦਾ ਵਜ਼ਨ ਇਲਾਕੇ ਦੇ ਹੀ ਕੰਡਿਆਂ ’ਤੇ ਹੋਇਆ ਹੋਵੇਗਾ, ਇਸ ਲਈ ਪੁਲਸ ਜਲਦ ਹੀ ਇਨ੍ਹਾਂ ਫਰਸ਼ੀ ਕੰਡਿਆਂ ਦਾ ਰਿਕਾਰਡ ਵੀ ਕਬਜ਼ੇ ’ਚ ਲੈ ਹੋਰ ਕਈ ਕਾਲੀ ਕਮਾਈ ਕਰਨ ਵਾਲੇ ਮਗਰਮੱਛ ਤੱਕ ਪਹੁੰਚ ਸਕਦੀ ਹੈ, ਜਿਨ੍ਹਾਂ ਦੇ ਨਾਮ ਤਾਂ ਚਰਚਾ ’ਚ ਹਨ ਕਿ ਉਨ੍ਹਾਂ ਨੇ ਯੂ. ਪੀ. ਤੋਂ ਲਿਆ ਕਰੋੜਾਂ ਦਾ ਝੋਨਾ ਮਾਛੀਵਾੜਾ ’ਚ ਵੇਚਿਆ ਪਰ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹਨ।

ਮਾਰਕਿਟ ਕਮੇਟੀ ਕੋਲ ਅਨਾਜ ਸਟਾਕ ਕਰਨ ਵਾਲੇ ਵਪਾਰੀਆਂ ਦਾ ਗੋਦਾਮਾਂ ਦਾ ਕੋਈ ਰਿਕਾਰਡ ਨਹੀਂ

ਮਾਛੀਵਾੜਾ ਅਨਾਜ ਮੰਡੀ ’ਚ ਅਜਿਹੇ ਵੀ ਕੁਝ ਆੜ੍ਹਤੀ ਹਨ, ਜੋ ਕਿਸਾਨਾਂ ਤੋਂ ਸਸਤੇ ਭਾਅ ’ਤੇ ਮੱਕੀ, ਬਾਸਮਤੀ, ਜੌਂ, ਸੂਰਜਮੁਖੀ ਖਰੀਦ ਕੇ ਉਸ ਨੂੰ ਸਟਾਕ ਕਰ ਬਾਅਦ ’ਚ ਮਹਿੰਗੇ ਭਾਅ ’ਤੇ ਵੇਚ ਦਿੰਦੇ ਹਨ। ਪਿਛਲੇ ਕਾਫ਼ੀ ਸਮੇਂ ਤੋਂ ਇਲਾਕੇ ਦਾ ਇੱਕ ਆੜ੍ਹਤੀ ਸੁਰਖ਼ੀਆਂ ’ਚ ਰਹਿੰਦਾ ਹੈ ਕਿ ਉਹ ਮਾਰਕਿਟ ਕਮੇਟੀ ਫ਼ੀਸ ਦਾ ਚੂਨਾ ਲਗਾ ਕੇ ਅਨਾਜ ਸਟਾਕ ਕਰਦਾ ਹੈ ਅਤੇ ਫਿਰ ਅੱਗੋਂ ਮਹਿੰਗੇ ਭਾਅ ’ਤੇ ਵੇਚ ਦਿੰਦਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਦੋਂ ਪੱਤਰਕਾਰਾਂ ਵਲੋਂ ਮਾਛੀਵਾੜਾ ਮਾਰਕਿਟ ਕਮੇਟੀ ਕੋਲੋਂ ਅਨਾਜ ਸਟਾਕ ਕਰਨ ਵਾਲੇ ਵਪਾਰੀਆਂ ਦੇ ਗੋਦਾਮਾਂ ਬਾਰੇ ਅਤੇ ਅਨਾਜ ਦੇ ਨਾਮ ’ਤੇ ਕਾਲੀ ਕਮਾਈ ਕਰਨ ਵਾਲੇ ਵਪਾਰੀਆਂ ਦੀ ਕਦੇ ਅਨਾਜ ਸਟਾਕ ਜਾਂ ਗੋਦਾਮਾਂ ਦੀ ਜਾਂਚ ਕੀਤੀ ਗਈ ਤਾਂ ਇਸ ਬਾਰੇ ਅਧਿਕਾਰੀਆਂ ਕੋਲ ਗੋਦਾਮਾਂ ਦੀ ਕੋਈ ਸੂਚੀ ਹੀ ਨਹੀਂ ਸੀ। ਜ਼ਿਕਰਯੋਗ ਹੈ ਕਿ ਮਾਛੀਵਾੜਾ ਇਲਾਕੇ ’ਚ ਅਨਾਜ ਸਟਾਕ ਕਰਨ ਵਾਲੇ ਕਈ ਗੋਦਾਮ ਹਨ ਅਤੇ ਇਨ੍ਹਾਂ ’ਚ ਜੋ ਫ਼ਸਲ ਪਈ ਹੈ, ਉਸਦੀ ਮਾਰਕਿਟ ਫ਼ੀਸ ਅਦਾ ਹੈ ਜਾਂ ਨਹੀਂ, ਉਸ ਦੀ ਵੀ ਕਦੇ ਜਾਂਚ ਨਹੀਂ ਕੀਤੀ ਗਈ। ਇਸ ਸਬੰਧੀ ਮਾਰਕਿਟ ਕਮੇਟੀ ਲੇਖਾਕਾਰ ਗੁਰਮੇਲ ਸਿੰਘ ਨੇ ਕਿਹਾ ਕਿ ਉਹ ਮਾਛੀਵਾੜਾ ਦੇ ਪ੍ਰਾਈਵੇਟ ਤੌਰ ’ਤੇ ਫ਼ਸਲ ਖਰੀਦ ਕਰਨ ਵਾਲੇ ਵਪਾਰੀਆਂ ਨੂੰ ਪੱਤਰ ਜਾਰੀ ਕਰ ਗੋਦਾਮਾਂ ਦੀ ਸੂਚੀ ਅਤੇ ਉਨ੍ਹਾਂ ਦੀ ਸਮਰੱਥਾ ਬਾਰੇ ਜਾਣਕਾਰੀ ਹਾਸਲ ਕਰਨਗੇ ਤਾਂ ਜੋ ਆਉਣ ਵਾਲੇ ਸਮੇਂ ’ਚ ਇਸ ਦੀ ਜਾਂਚ ਹੋ ਸਕੇ ਤਾਂ ਜੋ ਮਾਰਕਿਟ ਫ਼ੀਸ ਨੂੰ ਕੋਈ ਚੂਨਾ ਨਾ ਲਗਾ ਸਕੇ। 

Babita

This news is Content Editor Babita