ਮਾਛੀਵਾੜਾ ਮੰਡੀ 'ਚ ਝੋਨੇ ਦੀ ਆਮਦ ਸ਼ੁਰੂ ਪਰ ਸਫ਼ਾਈ ਪੱਖੋਂ ਬੁਰਾ ਹਾਲ

09/19/2019 11:33:29 AM

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਮੰਡੀ 'ਚ ਪਿਛਲੇ ਕੁੱਝ ਦਿਨਾਂ ਤੋਂ ਝੋਨੇ ਦੀ ਅਗੇਤੀ ਫਸਲ ਦੀ ਆਮਦ ਸ਼ੁਰੂ ਹੋ ਗਈ ਹੈ ਪਰ ਇਸ ਫਸਲ ਤੋਂ ਹਰੇਕ ਸਾਲ ਕਰੋੜਾਂ ਰੁਪਏ ਮਾਰਕਿਟ ਫੀਸ ਵਸੂਲਣ ਵਾਲੀ ਪੰਜਾਬ ਮੰਡੀ ਬੋਰਡ ਵਲੋਂ ਕੋਈ ਵੀ ਸਫ਼ਾਈ ਦਾ ਪ੍ਰਬੰਧ ਨਾ ਕੀਤੇ ਜਾਣ ਕਾਰਨ ਬੁਰਾ ਹਾਲ ਦਿਖਾਈ ਦੇ ਰਿਹਾ ਹੈ। ਪੱਤਰਕਾਰਾਂ ਵਲੋਂ ਜਦੋਂ ਮੰਡੀ ਜਾ ਕੇ ਦੇਖਿਆ ਗਿਆ ਤਾਂ ਇੱਕ ਪਾਸੇ ਸਰਕਾਰ ਸਵੱਛ ਭਾਰਤ ਅਭਿਆਨ ਤਹਿਤ ਲੋਕਾਂ ਨੂੰ ਸੰਦੇਸ਼ ਦੇ ਰਹੀ ਹੈ ਕਿ ਆਪਣਾ ਆਲਾ-ਦੁਆਲਾ ਸਾਫ਼ ਰੱਖੋ ਪਰ ਇਸ ਦੇ ਉਲਟ ਸਰਕਾਰ ਦੇ ਹੀ ਅਦਾਰਿਆਂ ਵਿਚ ਹਰ ਥਾਂ ਗੰਦਗੀ ਦੇ ਢੇਰ ਲੱਗੇ ਹੋਏ ਸਨ ਅਤੇ ਇਨ੍ਹਾਂ 'ਚੋਂ ਫੈਲਦੀ ਬਦਬੂ ਬਿਮਾਰੀਆਂ ਨੂੰ ਸੱਦਾ ਦੇ ਰਹੀ ਹੈ।

ਮਾਛੀਵਾੜਾ ਮੰਡੀ ਵਿਚ ਥਾਂ-ਥਾਂ 'ਤੇ ਗੰਦਗੀ ਦੇ ਢੇਰ ਦੇਖੇ ਜਾ ਰਹੇ ਹਨ ਜਦਕਿ ਮੰਡੀ ਬੋਰਡ ਵਲੋਂ ਕਣਕ ਤੇ ਝੋਨੇ ਦੀ ਫਸਲ ਦੀ ਆਮਦ ਤੋਂ ਪਹਿਲਾਂ ਸਫ਼ਾਈ ਪ੍ਰਬੰਧ ਮੁਕੰਮਲ ਹੋਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਝੋਨੇ ਦੀ ਆਮਦ ਨਾਲ ਮਾਛੀਵਾੜਾ ਮੰਡੀ ਵਿਚ ਮਜ਼ਦੂਰ ਤੇ ਕਿਸਾਨ ਵੀ ਆਉਣ ਲੱਗੇ ਹਨ ਪਰ ਇਹ ਗੰਦਗੀ ਦੇ ਢੇਰ ਉਨ੍ਹਾਂ ਦਾ ਸਵਾਗਤ ਕਰ ਰਹੇ ਹਨ। ਮਾਛੀਵਾੜਾ ਅਨਾਜ ਮੰਡੀ ਦੇ ਆੜ੍ਹਤੀਆਂ ਤੇ ਮਜ਼ਦੂਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਰੋਜ਼ਾਨਾ ਹੀ ਮੰਡੀ ਵਿਚ ਰਹਿਣਾ ਪੈਂਦਾ ਹੈ ਅਤੇ ਜੇਕਰ ਸਫ਼ਾਈ ਦਾ ਇਹੋ ਹਾਲ ਰਿਹਾ ਤਾਂ ਕਿਸੇ ਵੀ ਸਮੇਂ ਇੱਥੇ ਫੈਲੀ ਗੰਦਗੀ ਤੋਂ ਬਿਮਾਰੀਆਂ ਲੱਗ ਸਕਦੀਆਂ ਹਨ। ਮੰਡੀ ਵਿਚ ਸਫ਼ਾਈ ਦਾ ਐਨਾ ਬੁਰਾ ਹਾਲ ਹੈ ਕਿ ਮਾਰਕਿਟ ਕਮੇਟੀ ਦਫ਼ਤਰ ਦੇ ਬਿਲਕੁਲ ਸਾਹਮਣੇ ਜਾਂਦੀ ਸਾਰੀ ਸੜਕ ਕੂੜੇ ਦੇ ਢੇਰਾਂ ਨਾਲ ਭਰੀ ਪਈ ਹੈ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਇਹ ਗੰਦਗੀ ਵੀ ਨਹੀਂ ਦਿਖਾਈ ਦੇ ਰਹੀ। ਮਾਛੀਵਾੜਾ ਸੱਚਾ ਸੌਦਾ ਆੜ੍ਹਤੀ ਐਸੋ. ਦੇ ਪ੍ਰਧਾਨ ਹਰਜਿੰਦਰ ਸਿੰਘ ਖੇੜਾ ਨੇ ਪੰਜਾਬ ਮੰਡੀ ਬੋਰਡ ਦੇ ਪ੍ਰਸਾਸ਼ਨ ਤੋਂ ਮੰਗ ਕੀਤ ਕਿ 1 ਅਕਤੂਬਰ ਤੋਂ ਸਰਕਾਰੀ ਖਰੀਦ ਸ਼ੁਰੂ ਹੋਣ ਜਾ ਰਹੀ ਹੈ ਅਤੇ ਉਸ ਦੌਰਾਨ ਫਸਲ ਦੀ ਆਮਦ ਹੋਰ ਜੋਰ ਫੜ ਲਵੇਗੀ ਇਸ ਲਈ ਉਸ ਤੋਂ ਪਹਿਲਾਂ-ਪਹਿਲਾਂ ਮੰਡੀ ਵਿਚ ਸਫ਼ਾਈ ਦੇ ਪ੍ਰਬੰਧ ਮੁਕੰਮਲ ਕਰ ਲੈਣੇ ਚਾਹੀਦੇ ਹਨ।
ਕੀ ਕਹਿਣਾ ਹੈ ਅਧਿਕਾਰੀ ਦਾ
ਇਸ ਸਬੰਧੀ ਜਦੋਂ ਮਾਰਕਿਟ ਕਮੇਟੀ ਸਕੱਤਰ ਕੁਲਦੀਪ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੰਡੀ ਵਿਚ ਕੱਚੇ ਥਾਵਾਂ 'ਤੇ ਖੜੀ ਘਾਹ-ਬੂਟੀ ਨੂੰ ਖਤਮ ਕਰਨ ਲਈ ਸਪਰੇਅ ਕਰਵਾ ਦਿੱਤਾ ਹੈ ਅਤੇ ਜੇਕਰ ਹੋਰ ਵੀ ਜੇਕਰ ਕਿਤੇ ਗੰਦਗੀ ਫੈਲੀ ਹੈ ਤਾਂ ਉਸਦੀ ਤੁਰੰਤ ਸਫ਼ਾਈ ਕਰਵਾ ਦਿੱਤੀ ਜਾਵੇਗੀ।

Babita

This news is Content Editor Babita