‘‘ਚੰਨ ਮਾਤਾ ਗੁਜਰੀ ਦਾ, ਸੁੱਤਾ ਕੰਡਿਆਂ ਦੀ ਸੇਜ ਵਿਛਾਈ...’’

12/24/2019 10:06:28 AM

ਸ੍ਰੀ ਮਾਛੀਵਾੜਾ ਸਾਹਿਬ, ਸ੍ਰੀ ਅਨੰਦਪੁਰ ਸਾਹਿਬ (ਸ਼ਮਸ਼ੇਰ ਸਿੰਘ ਡੂਮੇਵਾਲ) - ਚਮਕੌਰ ਦੀ ਲਹੂ-ਜਰਖੇਜ਼ ਧਰਤੀ ਤੋਂ ਨਿਕਲਦਿਆਂ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਜੀ ਗੁਰੂ ਸਾਹਿਬ ਤੋਂ ਨਿਖੱੜ ਕੇ ਲਹਿੰਦੇ ਵੱਲ ਹੋ ਤੁਰੇ। ਪਰ ਪੁੱਤਰਾਂ ਦਾ ਦਾਨੀ ਇਕ ਅਜਿਹੇ ਬਿਖੜੇ ਪੈਂਡੇ ਰਾਹੀਂ ਮੰਜ਼ਿਲ ਵੱਲ ਜਾ ਰਿਹਾ ਸੀ, ਜਿਸ ਪੈਂਡੇ ’ਤੇ ਮਲ਼ੇ-ਝਾੜੀਆਂ ਉਨ੍ਹਾਂ ਦੇ ਬਸਤਰਾਂ ਨੂੰ ਕਤਰ-ਕਤਰ ਕੇ ਲੀਰਾਂ ਕਰ ਰਹੇ ਸਨ। ਸੂਲਾਂ ਪੈਰਾਂ ’ਚ ਚੁੱਭ-ਚੁੱਭ ਕੇ ਤਲੀਆਂ ’ਤੇ ਬੂਟੀਆਂ ਵਾਹ ਰਹੀਆਂ ਸਨ। ਗੜ੍ਹੀ ਛੱਡਣ ਤੋਂ ਪਹਿਲਾਂ ਗੁਰੂ ਜੀ ਨੇ ਪੈਰੋਂ ਜੋੜਾ ਇਹ ਸਾਕਾਰ ਕੇ ਲਾਹ ਦਿੱਤਾ ਸੀ ਕਿ ਮੈਦਾਨੇ ਜੰਗ ’ਚ ਪਈਆਂ ਸਿੰਘਾਂ ਦੀਆਂ ਲਾਸ਼ਾਂ ਦੇ ਸਿਰੋਂ ਦੁਮਾਲੇ ਲਹਿ ਚੁੱਕੇ ਹਨ ਅਤੇ ਕਈ ਸਿੰਘਾਂ ਦੇ ਕੇਸ ਖੁੱਲ੍ਹੇ ਪਏ ਹਨ। ਰਾਤ ਦੇ ਹਨੇਰੇ ਆਲਮ ’ਚ ਸੁੱਤੇ-ਸੁਭਾਅ ਕਿਸੇ ਸਿੰਘ ਦੇ ਕੇਸ ਜੇਕਰ ਪੈਰਾਂ ਨਾਲ ਲੱਗ ਗਏ ਤਾਂ ਇਹ ਸਿਧਾਂਤਕ ਅਵੱਗਿਆ ਹੋਵੇਗੀ। ਅੱਜ ਗੁਰੂ ਜੀ ਕੋਲ ਨਾ ਤਾਂ ਨੀਲਾ ਘੋੜਾ ਸੀ ਅਤੇ ਨਾ ਹੀ ਕਲਗੀ ਤੋੜਾ। ਬਾਜ਼ ਵੀ ਇਸ ਸਮੇਂ ਗੁਰੂ ਜੀ ਦੇ ਗੁੱਟ ’ਤੇ ਮੌਜੂਦ ਨਹੀਂ ਸੀ।

ਕੁਝ ਇਤਿਹਾਸਕਾਰਾਂ ਅਨੁਸਾਰ ਸਤਲੁਜ ਦਾ ਵਹਾਅ ਨੇੜੇ ਹੋਣ ਅਤੇ ਮੌਸਮੀ ਖਰਾਬੀ ਕਾਰਣ ਕਿਤੇ-ਕਿਤੇ ਦਲਦਲ ਭਰਪੂਰ ਹੋਈ ਧਰਤੀ ’ਚ ਗੁਰੂ ਜੀ ਦੇ ਪੈਰ ਆਪ ਮੁਹਾਰੇ ਵੀ ਧੱਸ ਰਹੇ ਸਨ। ਪਾਤਿਸ਼ਾਹ ਦੇ ਸੱਜੇ ਹੱਥ ਨੰਗੀ ਤਲਵਾਰ ਸੀ ਅਤੇ ਤੀਰਾਂ ਦਾ ਭੱਥਾ ਖੱਬੇ ਮੋਢੇ ’ਤੇ ਲਟਕ ਰਿਹਾ ਸੀ। ਕਰੀਬ 5 ਕੁ ਕਿਲੋਮੀਟਰ ਦੀ ਵਿੱਥ ’ਤੇ ਇਕ ਚਰਵਾਹਾ ਆਪਣੀਆਂ ਗੁਆਚੀਆਂ ਮੱਝਾਂ ਲੱਭਦਾ-ਲੱਭਦਾ ਗੁਰੂ ਜੀ ਦੀ ਸ਼ਨਾਖਤ ਕਰ ਕੇ ਉੱਚੀ-ਉੱਚੀ ਰੌਲਾ ਪਾਉਣ ਲੱਗਾ ਤਾਂ ਗੁਰੂ ਜੀ ਨੇ ਉਸ ਨੂੰ ਇਕ ਮੋਹਰ ਦੇ ਕੇ ਚੁੱਪ ਰਹਿਣ ਦੀ ਤਾਈਦ ਕੀਤੀ ਪਰ ਜਦੋਂ ਉਹ ਫਿਰ ਵੀ ਬੋਲਦਾ ਰਿਹਾ ਤਾਂ ਗੁਰੂ ਜੀ ਦੀ ਤਲਵਾਰ ਦੀ ਭੇਟਾ ਚੜ੍ਹ ਗਿਆ। ਕੁਝ ਫਰਲਾਂਗ ਦੀ ਦੂਰੀ ’ਤੇ ਇਕ ਜੰਡ ਦਾ ਦਰੱਖਤ ਸੀ ਜਿਥੇ ਕੁਝ ਪਲ ਗੁਰੂ ਜੀ ਨੇ ਪੜਾਅ ਕੀਤਾ ਅਤੇ ਫਿਰ ਇਥੋਂ ਦੱਖਣ ਵੱਲ ਨੂੰ ਹੋ ਪਏ। ਕਰੀਬ 6 ਕਿਲੋਮੀਟਰ ਦੀ ਦੂਰੀ ’ਤੇ ਸੰਘਣੇ ਝਾੜਾਂ ’ਚ ਗੁਰੂ ਜੀ ਨੇ ਮੁੜ ਪੜਾਅ ਕਰ ਕੇ ਵਿਸ਼ਰਾਮ ਕੀਤਾ। ਪੇਟ ਦੀ ਭੁੱਖ ਬੁਝਾਉਣ ਲਈ ਇਕ ਮਲ਼ੇ ਨਾਲੋਂ ਤੋੜ ਕੇ ਬੇਰ ਵੀ ਖਾਧੇ ਅਤੇ ਫਿਰ ਪਿੰਡ ਬਹਿਲੋਲਪੁਰ ਦੀ ਜੂਹ ’ਚੋਂ ਲੰਘਦਿਆਂ ਕਿਸੇ ਬੰਦੇ ਤੋਂ ਪਾਣੀ ਮੰਗਿਆ ਪਰ ਉਸ ਨੇ ਪਾਣੀ ਨਾ ਦਿੱਤਾ। ਪਿੰਡ ਬਹਿਲੋਲਪੁਰ ਜੋ ਕਦੇ ਮੁਗਲ ਅਹਿਲਕਾਰਾਂ ਦਾ ਅਹਿਮ ਹਿੱਸਾ ਮੰਨਿਆ ਜਾਂਦਾ ਸੀ ਅਤੇ ਅੱਜ ਵੀ ਇਥੋਂ ਦੇ ਖੰਡਰਾਤ ਹੋਏ ਮਕਬਰੇ ਉਸ ਸ਼ਾਹੀ ਠਾਠ ਨਾਲ ਭਰੇ ਦੌਰ ਦੀ ਸ਼ਾਹਦੀ ਭਰਦੇ ਹਨ ਪਰ ਅੱਜ ਇਸ ਪਿੰਡ ਦੀ ਸਮੁੱਚੀ ਜ਼ਮੀਨ ਬੇਆਬਾਦ ਪਈ ਹੋਈ ਹੈ ਜਿਥੇ ਕਿ ਸਿਰਫ ਪਸ਼ੂ ਹੀ ਚਰਦੇ ਹਨ। ਲੋਕ ਤਰਕ ਹੈ ਕਿ ਅਜਿਹੀ ਸਥਿਤੀ ਪਿੰਡ ਦੇ ਇਸ ਬਾਸ਼ਿੰਦੇ ਵੱਲੋਂ ਗੁਰੂ ਜੀ ਨੂੰ ਪਾਣੀ ਨਾ ਦਿੱਤੇ ਜਾਣ ਦੇ ਇਵਜ਼ ਵਜੋਂ ਹੋਈ ਹੈ। ਇਤਿਹਾਸ ਦੀਆਂ ਪੈੜਾਂ ਨੂੰ ਸੁਰਜੀਤ ਕਰਦਿਆਂ ਜਿਸ ਜੰਡ ਹੇਠ ਗੁਰੂ ਜੀ ਨੇ ਸੂਖਮ ਪੜਾਅ ਕੀਤਾ ਸੀ, ਉਸ ਥਾਂ ਗੁ. ਜੰਡ ਸਾਹਿਬ ਤੇ ਜਿਨ੍ਹਾਂ ਝਾੜੀਆਂ ਲਾਗੇ ਵਿਸ਼ਰਾਮ ਕੀਤਾ ਸੀ, ਉਥੇ ਗੁ. ਝਾੜ ਸਾਹਿਬ ਅੱਜ ਸੁਸ਼ੋਭਿਤ ਹੈ।

ਪੰਥ ਵਸੈ ਮੈਂ ਉੱਜੜਾਂ, ਮਨ ਚਾਓ ਘਨੇਰਾ ਦਾ ਸੰਕਲਪ
ਗੁਰੂ ਜੀ ਪਿੰਡ ਪਵਾਤ, ਸਹਿਜੋ ਮਾਜਰਾ ਆਦਿ ’ਚ ਹੁੰਦੇ ਹੋਏ ਮਾਛੀਵਾੜੇ ਦੇ ਉਨ੍ਹਾਂ ਘਣੇ ਜੰਗਲਾਂ ’ਚ ਜਾ ਪਹੁੰਚੇ ਜੋ ਮਾਛੀਵਾੜਾ ਕਦੇ ਮੱਛੀਆਂ ਫੜਨ ਵਾਲੇ ਮਛੇਰਿਆਂ ਦੀ ਬਸਤੀ ਦੇ ਰੂਪ ’ਚ ਆਬਾਦ ਹੋਇਆ ਸੀ, ਪਿੱਛੋਂ ਇਹ ਹੌਲੀ-ਹੌਲੀ ਮੁਗਲ ਪਠਾਣਾਂ ਦੀ ਬਸਤੀ ’ਚ ਬਦਲ ਗਿਆ। ਇਹ ਪਠਾਣ ਇਥੇ ਖੱਦਰ, ਸੂਸੀ ਦਾ ਕੱਪੜਾ, ਦਰੀਆਂ, ਖੇਸ ਬਣਾ ਕੇ ਜਿਥੇ ਬਾਹਰ ਤਕ ਵਪਾਰ ਕਰਦੇ ਸਨ, ਉਥੇ ਬੂਰਾ ਖੰਡ ਆਦਿ ਬਣਾਈ ਜਾਂਦੀ ਸੀ। ਇਸ ਦਾ ਕੁਝ ਹਿੱਸਾ ਆਬਾਦੀ ਦੇ ਖੇਤਰ ’ਚ ਹੇਠ ਸੀ ਜਦਕਿ ਬਹੁਤੀ ਜ਼ਮੀਨ ਸੰਘਣੇ ਜੰਗਲੀ ਰਕਬੇ ਹੇਠ ਆਈ ਹੋਈ ਸੀ।

8 ਪੋਹ ਦੀ ਰਾਤ ਨੂੰ ਇਕ ਬਾਦਸ਼ਾਹ ਦਰਵੇਸ਼ ਬਣ ਕੇ ਇਨ੍ਹਾਂ ਜੰਗਲਾਂ ’ਚ ਆਇਆ, ਉੁਸ ਨੇ ਗੁਲਾਬੇ ਅਤੇ ਪੰਜਾਬੇ ਦੇ ਬਾਗ ’ਚ ਲੱਗੇ ਖੂਹ ਦੀਆਂ ਟਿੰਡਾਂ ਗੇੜ ਕੇ ਰੱਜ ਕੇ ਪਾਣੀ ਪੀਤਾ ਅਤੇ ਇਥੋਂ ਇਕ ਟਿੰਡ ਲੈ ਕੇ ਉਸ ਦਾ ਸਿਰਹਾਣਾ ਲਾ ਕੇ ਘੂਕ ਨੀਂਦਰ ਸੌਂ ਗਿਆ। ਯਾਦ ਰਹੇ ਕਿ ਕਿਸੇ ਵਿਅਕਤੀ ਨੂੰ ਭੁੱਖ ਦੇ ਆਲਮ ’ਚ ਨੀਂਦ ਨਹੀਂ ਆਉਂਦੀ ਪਰ ਇਹ ਇਲਾਹੀ ਅਤੇ ਸ਼ਹੀਦੀ ਪੈਂਡਿਆਂ ਦਾ ਰਾਹੀ ਬੀਤੇ ਕਈ ਦਿਨਾਂ ਤੋਂ ਭੁੱਖਾ ਸੀ। ਨੀਂਦ ਵਿਛੋੜੇ ਦੇ ਸੱਲ ’ਚ ਵੀ ਨਹੀਂ ਆਉਂਦੀ ਪਰ ਇਸ ਦਾ ਸਮੁੱਚਾ ਪਰਿਵਾਰ ਵਿਛੜਿਆ ਹੀ ਨਹੀਂ ਸੀ ਪਰ ਜਾਨੋਂ ਪਿਆਰੇ ਦੋ ਪੁੱਤਰਾਂ ਦੀਆਂ ਲਹੂ ’ਚ ਲੱਥਪੱਥ ਲਾਸ਼ਾਂ ਇਸ ਨੇ ਅੱਖੀਂ ਤੱਕੀਆਂ ਸਨ। ਦੋ ਛੋਟੇ ਪੁੱਤਰ ਅਤੇ ਮਾਤਾ ਕਿਥੇ ਅਤੇ ਕਿਸ ਹਾਲਾਤ ’ਚ ਹੋਣਗੇ? ਇਸ ਦਾ ਇਸ ਨੂੰ ਕੋਈ ਫਿਕਰ ਨਹੀਂ ਸੀ। ਠੀਕ ਉਦੋਂ ਜਦੋਂ ਭਿੱਜੇ ਅਤੇ ਫਟੇ ਬਸਤਰਾਂ ਤੋਂ ਬੇਮੁਹਾਰੀ ਪੌਣ ਸੀਨੇ ਪੱਛ ਮਾਰ ਰਹੀ ਸੀ ਤਾਂ ਇਨ੍ਹਾਂ ਸਮੁੱਚੀਆਂ ਮਾਨਸਿਕ ਅਤੇ ਜਿਸਮਾਨੀ ਪ੍ਰਸਥਿਤੀਆਂ ਦੀ ਸੰਘੀ ਨੱਪ ਕੇ ਮਾਂ ਗੁਜਰੀ ਜੀ ਦਾ ਚੰਨ ਘੂਕ ਸੁੱਤਾ ਪਿਆ ਸੀ-

‘‘ਚੰਨ ਮਾਤਾ ਗੁਜਰੀ ਦਾ ਸੁੱਤਾ ਕੰਡਿਆਂ ਦੀ ਸੇਜ ਵਿਛਾਈ,
ਸੀਨੇ ਨਾਲ ਤੇਗ ਲਾ ਲਈ ਜਦੋਂ ਯਾਦ ਪੁੱਤਰਾਂ ਦੀ ਆਈ!!

ਲੰਮੀ ਨੀਂਦ ਉਪਰੰਤ ਜਦੋਂ ਨੀਲੇ ਦੇ ਸ਼ਾਹ ਅਸਵਾਰ ਦੀ ਅੱਖ ਖੁੱਲ੍ਹੀ ਤਾਂ ਉਨ੍ਹਾਂ ਅਕਾਲ ਪੁਰਖ ਦੀ ਇਬਾਦਤ ਤੇ ਸ਼ੁਕਰਾਨਾ ਕਰਦਿਆਂ ਕਿਹਾ ‘‘ਐ ਪ੍ਰੀਤਮ! ਤੇਰੀ ਅਮਾਨਤ ਤੈਨੂੰ ਸੌਂਪ ਦਿੱਤੀ ਐ। ਤੂੰ ਮੇਰੀ ਤੋੜ ਨਿਭਾਈ ਐ ਤੇਰਾ ਕੋਟਿਨ-ਕੋਟਿ ਧੰਨਵਾਦ। ਇਕੋ ਜੋਦੜੀ ਐ, ਮੈਨੂੰ ਆਪਣੇ ਭਾਣੇ ਅੰਦਰ ਰੱਖੀਂ ਅਤੇ ਦੂਜਾ ਮੇਰੇ ਪੰਥ ਨੂੰ ਤੱਤੀ ਵਾ ਨਾ ਲੱਗਣ ਦੇਵੀਂ। ਜਿਸ ਗੁਰੂ ਦੀਆਂ ਅੱਖਾਂ ਪੁੱਤਰਾਂ ਦਾ ਜੋੜਾ ਰੂਬਰੂ ਸ਼ਹਾਦਤ ਦਿੰਦਾ ਤਕ ਕੇ ਸੇਜਲ ਨਹੀਂ ਸੀ ਹੋਈਆਂ, ਉਸ ਦੀਆਂ ਪਲਕਾਂ ਆਪਣੇ ਪਿਆਰੇ ਪ੍ਰਭੂ ਦੀ ਇਲਾਹੀ ਰਜ਼ਾ ਅਤੇ ਸ਼ੁਕਰਾਨੇ ’ਚ ਭਿੱਜ ਗਈਆਂ। ਇਲਾਹੀ ਅਧਿਆਤਮਕ ਅਨੰਦ ਦੀ ਪ੍ਰਾਪਤੀ ਅਤੇ ਸੀਨੇ ਛੁਪੀ ਵੇਦਨਾ ਦਾ ਸੁਮੇਲ ਕਰਦਿਆਂ ਗੁਰੂ ਜੀ ਨੇ ਉਦੋਂ ਇਸ਼ਕ ਹਕੀਕੀ ਦੀ ਵੇਦਨਾ ਦਾ ਪ੍ਰਗਟਾਵਾ ਕਰਦਿਆਂ ਉਚਾਰਿਆ–

‘ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧੁ ਬਿਨ ਰੋਗੁ ਰਜਾਈਆਂ ਦਾ ਓਢਣ,
ਨਾਗ ਨਿਵਾਸਾਂ ਦੇ ਰਹਿਣਾ।
ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ।
ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਿਣਾ।

ਗੁਰੂ ਜੀ ਪੰਥ ਦੀ ਚੜ੍ਹਦੀ ਕਲਾ ਤੋਂ ਬਿਨਾਂ ਅਕਾਲ ਤੋਂ ਨਾ ਤਾਂ ਵਿਛੜੇ। ਪਰਿਵਾਰਕ ਮੈਂਬਰਾਂ ਦੀ ਭਲਾਈ ਮੰਗੀ ਅਤੇ ਨਾ ਹੀ ਆਪਣੀ ਸਲਾਮਤੀ। ਕਿਸੇ ਕਵੀ ਨੇ ਉਸ ਵੇਲੇ ਦੀ ਭਾਵਨਾ ਨੂੰ ਬਿਆਨਦਿਆਂ ਲਿਖਿਆ ਹੈ–

‘ਕੂੰਜਾਂ ਵਾਂਗ ਕੁਰਲਾ ਕੇ ਅੱਜ ਲੋਕੀਂ ਐਵੇਂ ਨਹੀਂ ਦਸਮੇਸ਼ ਨੂੰ ਯਾਦ ਕਰਦੇ।
ਉਹ ਤਾਂ ਇਹੋ ਅਕਾਲ ਨੂੰ ਆਖਦੇ ਸੀ ਮੇਰੀ ਮਾਲਕਾ ਪੂਰੀ ਫਰਿਆਦ ਕਰਦੇ।
ਮੇਰਾ ਪਿਤਾ ਲਿਆ ਮੇਰੇ ਪੁੱਤ ਲੈ ਲੈ, ਮੇਰਾ ਵਸਦਾ ਕੁਟੰਬ ਬਰਬਾਦ ਕਰਦੇ।
ਚੂੰਡ ਲੈ ਨਹੁੰਆਂ ਦੇ ਨਾਲ ਮਾਸ ਮੇਰਾ, ਪਰ ਮੇਰਾ ਖਾਲਸਾ ਪੰਥ ਆਬਾਦ ਕਰਦੇ।

ਉਸ ਵੇਲੇ ਤਕ ‘ਪੰਥ ਵਸੇ ਮੈਂ ਉੱਜੜਾਂ’ ਦਾ ਸੰਕਲਪ ਗੁਰੂ ਜੀ ਦੇ ਜ਼ਿਹਨ ’ਚ ਅੰਗੜਾਈਆਂ ਭਰ ਰਿਹਾ ਸੀ।

ਵਿਛੋੜੇ ਪਿੱਛੋਂ ਵਸਲ ਦੀਆਂ ਘੜੀਆਂ
ਗੁਰੂ ਜੀ ਨੇ ਜਿਸ ਖੂਹ ਤੋਂ ਪਾਣੀ ਪੀਤਾ, ਉਸ ਦੇ ਮਾਲਕ ਗੁਲਾਬਾ ਅਤੇ ਪੰਜਾਬਾ ਦੋਵੇਂ ਸਕੇ ਭਰਾ ਸਨ। ਗੁਰੂ ਜੀ ਦੀ ਆਮਦ ਦੀ ਖਬਰ ਪਾ ਕੇ ਉਹ ਗੁਰੂ ਜੀ ਕੋਲ ਆਏ ਤੇ ਨਤਮਸਤਕ ਹੋਣ ਉਪਰੰਤ ਉਨ੍ਹਾਂ ਨੂੰ ਆਪਣੇ ਘਰ ਜਾਣ ਦੀਆਂ ਅਰਜੋਈਆਂ ਕਰਨ ਲੱਗੇ। ਇਥੇ ਹੀ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਜੋ ਕਿ ਗੜ੍ਹੀ ਛੱਡਦਿਆਂ ਗੁਰੂ ਜੀ ਤੋਂ ਅਲੱਗ ਹੋ ਗਏ ਸਨ, ਵੀ ਆ ਮਿਲੇ। ਗੁਲਾਬੇ ਤੇ ਪੰਜਾਬੇ ਦੇ ਘਰ ਹੀ ਗੁਰੂ ਜੀ ਦਾ ਮਿਲਾਪ ਮਾਛੀਵਾੜੇ ਦੇ ਦੋ ਪਠਾਣਾਂ ਨਬੀ ਖਾਂ ਅਤੇ ਗਨੀ ਖਾਂ ਨਾਲ ਹੋਇਆ ਜੋ ਕਿ ਘੋੜਿਆਂ ਦਾ ਵਪਾਰ ਕਰਦੇ ਸਨ ਪਰ ਇਸਲਾਮਪ੍ਰਸਤ ਹੋਣ ਦੇ ਬਾਵਜੂਦ ਗੁਰੂ ਜੀ ਦੇ ਮੁਰੀਦ ਸਨ। ਉਹ ਗੁਰੂ ਜੀ ਨੂੰ ਗੁਲਾਬੇ ਅਤੇ ਪੰਜਾਬੇ ਦੇ ਘਰੋਂ ਆਪਣੇ ਘਰ ਲੈ ਗਏ ਅਤੇ ਉਨ੍ਹਾਂ ਨਿਸ਼ਕਾਮ ਅਤੇ ਪੂਰਨ ਰੂਪ ’ਚ ਗੁਰੂ ਕੀ ਟਹਿਲ ਕਮਾਈ। ਜਦੋਂ ਸਮੇਂ ਦੀ ਰਾਜਨੀਤੀ ਅਨੁਸਾਰ ਗੁਰੂ ਜੀ ਨੇ ਬਹੁਤਾ ਸਮਾਂ ਮਾਛੀਵਾੜੇ ’ਚ ਠਹਿਰਣਾ ਮੁਨਾਸਿਬ ਨਾ ਸਮਝਿਆ ਤਾਂ ਉਹ ਗੁਰੂ ਜੀ ਨੂੰ ਉੱਚ ਦੇ ਪੀਰ ਦਾ ਸਰੂਪ ਦੇ ਆਲਮਗੀਰ ਤਕ ਛੱਡ ਕੇ ਆਏ। ਇਸ ਬਿਖੜੇ ਪੈਂਡੇ ਅਤੇ ਫਿਰਕਾਪ੍ਰਸਤੀ ਤੋਂ ਉੱਠ ਕੇ ਨਿਹੰਗ ਖਾਂ ਤੋਂ ਬਾਅਦ ਨਬੀ ਖਾਂ ਤੇ ਗਨੀ ਖਾਂ ਦੋ ਅਜਿਹੇ ਵਿਅਕਤੀ ਸਨ ਜਿਨ੍ਹਾਂ ਫਿਰਕੂ ਵਲਗਣਾਂ ਤੋੜ ਕੇ ਗੁਰੂ ਜੀ ਦਾ ਸਾਥ ਦਿੱਤਾ। ਇਥੋਂ ਦਾ ਇਕ ਇਤਿਹਾਸਕ ਪੱਖ ਇਹ ਵੀ ਹੈ ਕਿ ਉਨ੍ਹਾਂ ਦਾ ਸਾਥ ਦੇਣ ਵਾਲਿਆਂ ’ਚ ਗੁਲਾਬੇ, ਪੰਜਾਬੇ ਤੋਂ ਬਿਨਾਂ ਪੰਜ ਮੁਸਲਿਮ ਫਕੀਰ ਵੀ ਮੌਜੂਦ ਸਨ, ਜਿਨ੍ਹਾਂ ਦੇ ਨਾਂ ਸੱਯਦ ਅਨਾਇਤ ਅਲੀ ਨੂਰਪੁਰੀਆ, ਸੱਯਦ ਹਸਨ ਅਲੀ ਮੋਠੂਮਾਜਰਾ, ਕਾਜੀ ਚਿਰਾਗ ਸ਼ਾਹ ਅਜਮੇਰੀਆ, ਕਾਜੀ ਪੀਰ ਮੁਹੰਮਦ ਸਲੋਹ ਵਾਲਾ ਅਤੇ ਸੁਬੇਗ ਸ਼ਾਹ ਹਲਵਾਰੀਆ ਦੱਸੇ ਗਏ ਹਨ। ਨਬੀ ਖਾਂ ਤੇ ਗਨੀ ਖਾਂ ਦੀ ਵਫਾਦਾਰ ਖਿਦਮਤ ਤੋਂ ਪ੍ਰਸੰਨ ਹੋ ਕੇ ਇਕ ਹੁਕਮਨਾਮਾ ਵੀ ਗੁਰੂ ਜੀ ਨੇ ਜਾਰੀ ਕੀਤਾ, ਜਿਸ ’ਚ ਉਨ੍ਹਾਂ ਦੀ ਇਸ ਵਫਾਦਾਰੀ ਦੀ ਸ਼ਲਾਘਾ ਕਰਦੇ ਹੋਏ ਸਮੂਹ ਸਿੱਖ ਜਗਤ ਨੂੰ ਉੁਨ੍ਹਾਂ ਨਾਲ ਸਦੀਵੀ ਸਦਾਚਾਰ ਰੱਖਣ ਦਾ ਹੁਕਮ ਕੀਤਾ। ਉਨ੍ਹਾਂ ਦੀਆਂ ਕਬਰਾਂ ਅੱਜ ਵੀ ਮਾਛੀਵਾੜੇ ਦੀ ਧਰਤੀ ’ਤੇ ਮੌਜੂਦ ਹਨ।

ਮਾਤਾ ਹਰਦੇਈ ਦੀ ਮੁਹੱਬਤ ਦੀ ਦਾਸਤਾਨ
ਮਾਤਾ ਹਰਦੇਈ ਗੁਰੂ ਜੀ ਪ੍ਰਤੀ ਅਥਾਹ ਸ਼ਰਧਾ ਰੱਖਣ ਵਾਲੀ ਇਕ ਬੀਬੀ ਸੀ, ਜਿਸ ਨੇ ਗੁਰੂ ਜੀ ਦੀ ਮਾਛੀਵਾੜੇ ਆਮਦ ਮੌਕੇ ਹੱਥੀਂ ਤਿਆਰ ਕੀਤਾ ਇਕ ਚੋਲਾ ਭੇਟ ਕੀਤਾ ਜੋ ਕਿ ਗੁਰੂ ਜੀ ਨੇ ਇਸੇ ਧਰਤੀ ’ਤੇ ਰੰਗਾ ਕੇ ਉਦੋਂ ਪਹਿਨਿਆ ਜਦੋਂ ਉਨ੍ਹਾਂ ਉੱਚ ਦਾ ਪੀਰ ਬਣ ਕੇ ਰਵਾਨਾ ਹੋਣਾ ਸੀ, ਜਿਸ ਮੱਟ ’ਚ ਲਲਾਰੀ ਨੇ ਇਸ ਨੂੰ ਨੀਲੇ ਰੰਗ ’ਚ ਰੰਗਿਆ, ਉਹ ਮੱਟ ਅੱਜ ਵੀ ਗੁ. ਚੁਬਾਰਾ ਸਾਹਿਬ ਸ੍ਰੀ ਮਾਛੀਵਾੜਾ ਸਾਹਿਬ ਵਿਖੇ ਮੌਜੂਦ ਹੈ। ਠੀਕ ਉਦੋਂ ਜਦੋਂ ਚੱਪੇ-ਚੱਪੇ ’ਤੇ ਮੁਗਲ ਫੌਜ ਗੁਰੂ ਜੀ ਦੀ ਭਾਲ ’ਚ ਹਰਲ-ਹਰਲ ਕਰਦੀ ਫਿਰਦੀ ਸੀ, ਉਸ ਵੇਲੇ ਭਾਈ ਨਬੀ ਖਾਂ ਤੇ ਗਨੀ ਖਾਂ ਉੱਚ ਦਾ ਪੀਰ ਬਣਾ ਕੇ ਗੁਰੂ ਜੀ ਨੂੰ ਮਾਛੀਵਾੜਾ ਸਾਹਿਬ ਤੋਂ ਲੈ ਕੇ ਰਵਾਨਾ ਹੋਏ। ਗੁਰੂ ਜੀ ਦਾ ਪਲੰਘ ਅਗਲੇ ਪਾਵਿਆਂ ਤੋਂ ਦੋਵਾਂ ਸਿਦਕਪ੍ਰਸਤ ਪਠਾਣ ਭਰਾਵਾਂ ਨੇ ਚੁੱਕਿਆ ਹੋਇਆ ਸੀ ਜਦਕਿ ਪਿਛਲੇ ਹਿੱਸੇ ਨੂੰ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਨੇ ਆਪਣੀਆਂ ਕੰਡਾਂ ’ਤੇ ਧਰਿਆ ਹੋਇਆ ਸੀ।

rajwinder kaur

This news is Content Editor rajwinder kaur