ਐੱਮ. ਪੀ. ਮਲਿਕ ਦੀ ਪ੍ਰਧਾਨਗੀ ''ਚ ਪੰਜਾਬ ਦੇ ਵਪਾਰੀ ਆਗੂਆਂ ਨੇ ਕੀਤੀ ਵਿੱਤ ਰਾਜ ਮੰਤਰੀ ਮੇਘਵਾਲ ਨਾਲ ਮੁਲਾਕਾਤ

06/19/2017 2:11:28 AM

ਅੰਮ੍ਰਿਤਸਰ,  (ਕਮਲ)- ਐੱਮ. ਪੀ. ਸ਼ਵੇਤ ਮਲਿਕ ਦੀ ਪ੍ਰਧਾਨਗੀ 'ਚ ਇਕ 10 ਮੈਂਬਰੀ ਪੰਜਾਬ ਦੇ ਵਪਾਰੀ ਆਗੂਆਂ ਦੇ ਦਲ ਨੇ ਵਿੱਤ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨਾਲ ਸ਼ਨੀਵਾਰ ਨੂੰ ਮੁਲਾਕਾਤ ਕੀਤੀ ਤੇ ਜੀ. ਐੱਸ. ਟੀ. ਨਾਲ ਸੰਬੰਧਿਤ ਸੁਝਾਅ ਦਿੱਤੇ। ਡੈਲੀਗੇਸ਼ਨ 'ਚ ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਪਿਆਰਾ ਲਾਲ ਸੇਠ, ਇੰਡੋ-ਫਾਰੇਨ ਟਰੇਡ ਚੈਂਬਰ ਆਫ ਡਰਾਈ ਫਰੂਟ ਦੇ ਪ੍ਰਧਾਨ ਬਲਬੀਰ ਬਜਾਜ, ਪ੍ਰੋਸੈਸਰਸ ਐਸੋਸੀਏਸ਼ਨ ਦੇ ਉਪ ਪ੍ਰਧਾਨ ਕਮਲ ਡਾਲਮੀਆ, ਸ਼ਾਲ ਕਲੱਬ ਦੇ ਸਕੱਤਰ ਰਾਜਿੰਦਰ ਜੈਨ, ਟੈਕਸਟਾਈਲ ਐਸੋਸੀਏਸ਼ਨ ਦੇ ਸੰਜੇ ਕਪੂਰ, ਇੰਡੋ-ਅਫਗਾਨ ਚੈਂਬਰ ਆਫ ਡਰਾਈ ਫਰੂਟ ਦੇ ਉਪ ਪ੍ਰਧਾਨ ਰਾਜੇਸ਼ ਭਾਟੀਆ ਤੇ ਜਨਰਲ ਸਕੱਤਰ ਵਿਕਾਸ ਬਾਂਸਲ, ਆਲ ਇੰਡੀਆ ਐੱਮ. ਈ. ਐੱਸ. ਬਿਲਡਰ ਐਸੋਸੀਏਸ਼ਨ ਅੰਮ੍ਰਿਤਸਰ ਬ੍ਰਾਂਚ ਦੇ ਕੌਂਸਲ ਮੈਂਬਰ ਵਰੁਣ ਪੁਰੀ ਤੇ ਵਪਾਰੀ ਹਰਵਿੰਦਰ ਸੰਧੂ ਸ਼ਾਮਿਲ ਸਨ।  ਅੱਧੇ ਘੰਟੇ ਤੋਂ ਵੀ ਵੱਧ ਚੱਲੀ ਇਸ ਬੈਠਕ 'ਚ ਵਿੱਤ ਰਾਜ ਮੰਤਰੀ ਨੇ ਸਾਰੇ ਵਪਾਰੀਆਂ ਦਾ ਧੰਨਵਾਦ ਕੀਤਾ ਤੇ ਖਾਸ ਤੌਰ 'ਤੇ ਪੰਜਾਬ ਦੇ ਵਪਾਰੀਆਂ ਦੀ ਸਹੂਲਤ ਲਈ ਐੱਮ. ਪੀ. ਸ਼ਵੇਤ ਮਲਿਕ ਵੱਲੋਂ ਕੀਤੀਆਂ ਜਾ ਰਹੀਆਂ ਈਮਾਨਦਾਰ ਕੋਸ਼ਿਸ਼ਾਂ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਬੈਠਕ ਦੌਰਾਨ ਐੱਮ. ਪੀ. ਮਲਿਕ ਨੇ ਕਿਹਾ ਕਿ ਜੀ. ਐੱਸ. ਟੀ. ਆਜ਼ਾਦੀ ਤੋਂ ਬਾਅਦ ਭਾਰਤ ਦੀ ਟੈਕਸ ਪ੍ਰਣਾਲੀ ਦੀ ਸਭ ਤੋਂ ਵੱਡੀ ਆਰਥਿਕ ਕ੍ਰਾਂਤੀ ਹੈ, ਜਿਸ ਨਾਲ ਦੇਸ਼ 'ਚ ਵਿਕਾਸ ਦਾ ਇਕ ਨਵਾਂ ਯੁੱਗ ਆਰੰਭ ਹੋਵੇਗਾ ਤੇ ਜੀ. ਡੀ. ਪੀ. ਗ੍ਰੋਥ ਦੀ ਦਰ 10 ਤੋਂ ਵੱਧ ਕਰ ਦੇਵੇਗਾ। ਮਲਿਕ ਨੇ ਕਿਹਾ ਕਿ ਜੀ. ਐੱਸ. ਟੀ. 17 ਵੱਖ-ਵੱਖ ਟੈਕਸਾਂ ਜਿਵੇਂ ਕਿ ਸੈਂਟਰਲ ਐਕਸਾਈਜ਼, ਡਿਊਟੀ, ਐਡੀਸ਼ਨਲ ਐਕਸਾਈਜ਼ ਡਿਊਟੀ, ਸਰਵਿਸ ਟੈਕਸ ਆਦਿ ਨੂੰ ਰਿਪਲੇਸ ਕਰ ਦੇਵੇਗਾ।  ਮਲਿਕ ਨੇ ਸੁਝਾਅ ਦਿੱਤਾ ਕਿ ਸਰਕਾਰ ਨੂੰ ਜੀ. ਐੱਸ. ਟੀ. ਦੇ ਫਾਇਦਿਆਂ ਨੂੰ ਸਮਝਾਉਣ ਲਈ ਇਕ ਮੁਹਿੰਮ ਚਲਾਉਣ ਦੀ ਜ਼ਰੂਰਤ ਹੈ ਤਾਂ ਕਿ ਵਿਰੋਧੀ ਦਲਾਂ ਵੱਲੋਂ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਜੋ ਲੋਕਾਂ 'ਚ ਨਾਕਾਰਾਤਮਕਤਾ ਪੈਦਾ ਕੀਤੀ ਜਾ ਰਹੀ ਹੈ ਉਸ ਨੂੰ ਖਤਮ ਕੀਤਾ ਜਾ ਸਕੇ। ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਪਿਆਰਾ ਲਾਲ ਸੇਠ ਨੇ ਟੈਕਸਟਾਈਲ ਜੌਬ ਵਰਕ 'ਤੇ 18 ਤੋਂ 5 ਫੀਸਦੀ ਜੀ. ਐੱਸ. ਟੀ. ਕਰਨ 'ਤੇ ਵਿੱਤ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਅਪੀਲ ਕੀਤੀ ਕਿ ਸ਼ਾਲ ਉਸਾਰੀ ਦੇ ਜੌਬ ਵਰਕ 'ਤੇ ਵੀ ਜੀ. ਐੱਸ. ਟੀ. ਨੂੰ 18 ਤੋਂ 5 ਫੀਸਦੀ ਕੀਤਾ ਜਾਵੇ। ਇੰਡੋ-ਫਾਰੇਨ ਟਰੇਡ ਚੈਂਬਰ ਆਫ ਡਰਾਈ ਫਰੂਟਸ ਦੇ ਪ੍ਰਧਾਨ ਬਲਬੀਰ ਬਜਾਜ ਨੇ ਸਰਕਾਰ ਵੱਲੋਂ ਕਾਜੂ ਤੇ ਕਿਸ਼ਮਿਸ਼ 'ਤੇ ਜੀ. ਐੱਸ. ਟੀ. 5 ਫੀਸਦੀ ਕਰਨ 'ਤੇ ਧੰਨਵਾਦ ਪ੍ਰਗਟ ਕਰਦੇ ਹੋਏ ਕਿਹਾ ਕਿ ਬਾਦਾਮ ਤੇ ਹੋਰ ਡਰਾਈ ਫਰੂਟ ਨੂੰ ਵੀ 12 ਤੋਂ 5 ਫੀਸਦੀ ਦੀ ਦਰ 'ਚ ਲਿਆਂਦਾ ਜਾਵੇ।