ਐੱਮ. ਐੱਲ. ਏ. ਅਵਿਨਾਸ਼ ਚੰਦਰ ਦੇ ਪੀ. ਏ. ''ਤੇ 20 ਲੱਖ ਦੀ ਧੋਖਾਦੇਹੀ ਕਰਨ ਦਾ ਮਾਮਲਾ ਦਰਜ

08/10/2017 7:24:49 AM

ਫਗਵਾੜਾ, (ਜਲੋਟਾ)- ਫਗਵਾੜਾ 'ਚ ਵਾਪਰੇ ਅਹਿਮ ਘਟਨਾਕ੍ਰਮ 'ਚ ਪੁਲਸ ਥਾਣਾ ਸਿਟੀ 'ਚ ਪੰਜਾਬ ਦੀ ਸਾਬਕਾ ਅਕਾਲੀ-ਭਾਜਪਾ ਗਠਜੋੜ ਸਰਕਾਰ 'ਚ ਸੀ. ਪੀ. ਐੱਸ. ਦੇ ਅਹੁਦੇ 'ਤੇ ਬਿਰਾਜਮਾਨ ਅਤੇ ਹਲਕਾ ਫਿਲੌਰ ਤੋਂ ਭਾਜਪਾ ਵਿਧਾਇਕ ਐੱਮ. ਐੱਲ. ਏ. ਅਵਿਨਾਸ਼ ਚੰਦਰ ਦੇ ਇਕ ਪੀ. ਏ. ਬਲਦੇਵ ਸਿੰਘ ਦੇ ਖਿਲਾਫ ਕਥਿਤ ਤੌਰ 'ਤੇ ਜ਼ਮੀਨ ਦੇ ਇਕ ਮਾਮਲੇ 'ਚ 20 ਲੱਖ ਰੁਪਏ ਦੀ ਧੋਖਾਦੇਹੀ ਕਰਨ ਦਾ ਮਾਮਲਾ ਦਰਜ ਹੋਣ ਦੀ ਸੂਚਨਾ ਮਿਲੀ ਹੈ। ਘਟਨਾ ਸਬੰਧੀ ਸ਼ਿਕਾਇਤਕਰਤਾ ਰਚਨਜੀਤ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਖਲਵਾੜਾ ਗੇਟ, ਨੇੜੇ ਸ਼ਿਵ ਮੰਦਰ, ਫਗਵਾੜਾ ਨੇ ਪੁਲਸ ਨੂੰ ਦੱਸਿਆ ਕਿ ਐੱਮ. ਐੱਲ. ਏ. ਅਵਿਨਾਸ਼ ਚੰਦਰ ਦੇ ਪੀ. ਏ. ਬਲਦੇਵ ਸਿੰਘ ਨੇ ਉਸ ਨੂੰ ਕਿਹਾ ਕਿ ਉਹ ਉਸ ਦੁਆਰਾ ਖਰੀਦੀ ਗਈ ਇਕ ਜ਼ਮੀਨ ਜਿਸ ਦਾ ਇੰਤਕਾਲ ਕਰਵਾਉਣ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ, ਦਾ ਮਾਮਲਾ ਨਿਪਟਾ ਦੇਵੇਗਾ ਪਰ ਉਹ ਇਸ ਦੀ ਕੀਮਤ ਲਵੇਗਾ। 
ਇਸ ਤੋਂ ਬਾਅਦ ਪੀ. ਏ. ਬਲਦੇਵ ਸਿੰਘ ਨੇ ਉਸ ਤੋਂ ਇਕ ਨਵੀਂ ਇੰਡੀਕਾ ਵਿਸਟਾ ਕਾਰ ਤੇ ਕਰੀਬ 16 ਲੱਖ ਰੁਪਏ ਲਏ ਪਰ ਬਾਅਦ ਵਿਚ ਸਾਫ ਮਨ੍ਹਾ ਕਰ ਦਿੱਤਾ ਕਿ ਉਹ ਉਸ ਦੀ ਜ਼ਮੀਨ ਦੇ ਇੰਤਕਾਲ ਦਾ ਕੰਮ ਨਹੀਂ ਕਰਵਾਏਗਾ। ਪੁਲਸ ਨੇ ਐੱਮ. ਐੱਲ. ਏ. ਅਵਿਨਾਸ਼ ਚੰਦਰ ਦੇ ਪੀ. ਏ. ਬਲਦੇਵ ਸਿੰਘ ਦੇ ਖਿਲਾਫ ਪੁਲਸ ਥਾਣਾ ਸਿਟੀ 'ਚ ਧਾਰਾ 420, 406 ਆਈ. ਪੀ. ਸੀ. ਦੇ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਖਬਰ ਲਿਖੇ ਜਾਣ ਤੱਕ ਪੁਲਸ ਪੀ. ਏ. ਬਲਦੇਵ ਸਿੰਘ ਦੀ ਤਲਾਸ਼ ਵਿਚ ਛਾਪੇਮਾਰੀ ਕਰ ਰਹੀ ਸੀ।